ਨਾਗਪੁਰ, 2 ਮਾਰਚ
ਮੁੱਖ ਅੰਸ਼
- ਖਾਣੇ ਤੇ ਪਾਣੀ ਦੀ ਕਿੱਲਤ ਦਰਮਿਆਨ ਵਿਦਿਆਰਥੀਆਂ ਨੂੰ ਉਥੋਂ ਕੱਢੇ ਜਾਣ ਦੀ ਉਡੀਕ
ਉੱਤਰ-ਪੂਰਬੀ ਯੂਕਰੇਨ ਦੇ ਸੂਮੀ ਸ਼ਹਿਰ ਦੀ ਇਕ ਯੂਨੀਵਰਸਿਟੀ ’ਚ 600 ਤੋਂ ਵੱਧ ਭਾਰਤੀ ਵਿਦਿਆਰਥੀ ਫਸੇ ਹੋਏ ਹਨ। ਇਨ੍ਹਾਂ ਵਿਦਿਆਰਥੀਆਂ ਵਿੱਚੋਂ ਇਕ ਨੇ ਦੱਸਿਆ ਕਿ ਰੂਸੀ ਫੌਜਾਂ ਵੱਲੋਂ ‘ਲਗਾਤਾਰ ਗੋਲੀਬਾਰੀ ਤੇ ਬੰਬਾਰੀ’ ਕੀਤੀ ਜਾ ਰਹੀ ਹੈ, ਜਿਸ ਕਰਕੇ ਉਹ ਪੂਰੀ ਤਰ੍ਹਾਂ ਡਰੇ ਹੋਏ ਹਨ। ਵਿਦਿਆਰਥੀਆਂ ਨੂੰ ਆਸ ਹੈ ਕਿ ਉਨ੍ਹਾਂ ਨੂੰ ਜਲਦੀ ਹੀ ਉਥੋਂ ਕੱਢ ਲਿਆ ਜਾਵੇਗਾ।
ਯੂਨੀਵਰਸਿਟੀ ਵਿੱਚ ਚੌਥੇ ਸਾਲ ਦੇ ਮੈਡੀਕਲ ਵਿਦਿਆਰਥੀ ਵਿਰਾਜ ਵਾਲਦੇ, ਜੋ ਮਹਾਰਾਸ਼ਟਰ ਦੇ ਨਾਗਪੁਰ ਜ਼ਿਲ੍ਹੇ ਨਾਲ ਸਬੰਧਤ ਹੈ, ਨੇ ਇਸ ਖ਼ਬਰ ਏਜੰਸੀ ਨੂੰ ਫੋਨ ’ਤੇ ਦੱਸਿਆ ਕਿ ਰੂਸੀ ਸਰਹੱਦ ਦੇ ਬਿਲਕੁਲ ਨਾਲ ਸੂਮੀ ਸਟੇਟ ਯੂਨੀਵਰਸਿਟੀ ਦੇ ਕਿਸੇ ਇਕ ਵੀ ਭਾਰਤੀ ਵਿਦਿਆਰਥੀ ਨੂੰ ਅਜੇ ਤੱਕ ਉਥੋਂ ਨਹੀਂ ਕੱਢਿਆ ਗਿਆ ਹੈ। ਵਿਰਾਜ ਨੇ ਕਿਹਾ, ‘‘ਸੂਮੀ ਯੂਨੀਵਰਸਿਟੀ ਵਿੱਚ 600 ਤੋਂ ਵੱਧ ਭਾਰਤੀ ਵਿਦਿਆਰਥੀ ਫਸੇ ਹੋਏ ਹਨ। ਅੰਬੈਸੀ ਨੇ ਅਜੇ ਤੱਕ ਨਾ ਤਾਂ ਉਨ੍ਹਾਂ ਨੂੰ ਉਥੋਂ ਕੱਢਿਆ ਹੈ ਤੇ ਨਾ ਹੀ ਅਜਿਹਾ ਕੋਈ ਭਰੋਸਾ ਦਿੱਤਾ ਹੈ। ਪਿਛਲੇ ਪੰਜ ਦਿਨਾਂ ਤੋਂ ਸ਼ਹਿਰ ਵਿੱਚ ਲਗਾਤਾਰ ਫਾਇਰਿੰਗ, ਗੋਲਾਬਾਰੀ ਤੇ ਬੰਬਾਰੀ ਹੋ ਰਹੀ ਹੈ।’’ ਵਿਦਿਆਰਥੀ ਨੇ ਕਿਹਾ ਉਨ੍ਹਾਂ ਦੀਆਂ ਫਾਈਨਲ ਪ੍ਰੀਖਿਆਵਾਂ 15 ਮਾਰਚ ਤੋਂ ਸ਼ੁਰੂ ਹੋਣੀਆਂ ਸਨ। ਉਸ ਨੇ ਕਿਹਾ, ‘‘ਯੂਕਰੇਨ ’ਤੇ ਰੂਸੀ ਹਮਲੇ ਤੋਂ ਪਹਿਲਾਂ ਵਿਦਿਆਰਥੀਆਂ ਲਈ ਆਰਜ਼ੀ ਐਡਵਾਈਜ਼ਰੀਆਂ ਜਾਰੀ ਕੀਤੀਆਂ ਗਈਆਂ ਤੇ ਯੂਨੀਵਰਸਿਟੀ ਨੇ ਇਹੀ ਕਿਹਾ ਕਿ ਜਿਨ੍ਹਾਂ ਦੀਆਂ ਪ੍ਰੀਖਿਆਵਾਂ ਹਨ, ਉਹ ਉਡੀਕ ਕਰ ਸਕਦੇ ਹਨ। ਇਹੀ ਵਜ੍ਹਾ ਹੈ ਕਿ ਅਸੀਂ ਪ੍ਰੀਖਿਆਵਾਂ ਸ਼ੁਰੂ ਕਰਨ ਦੀ ਉਡੀਕ ਵਿੱਚ ਸੀ।’’ ਵਾਲਦੇ ਨੇ ਕਿਹਾ, ‘‘ਪਰ ਹੁਣ ਵਿਦਿਆਰਥੀ ਡਰੇ ਹੋਏ ਹਨ ਤੇ ਉਨ੍ਹਾਂ ਦੀ ਮਾਨਸਿਕ ਹਾਲਤ ਨਿੱਘਰਦੀ ਜਾ ਰਹੀ ਹੈ। ਖਾਣ-ਪੀਣ ਦਾ ਸਾਮਾਨ ਮੁੱਕਣ ਕੰਢੇ ਹੈ। ਇਥੋਂ ਤੱਕ ਕਿ ਬੈਂਕਾਂ ਤੇ ਏਟੀਐੱਮ’ਜ਼ ਵਿੱਚ ਵੀ ਨਗ਼ਦੀ ਮੁੱਕਣ ਲੱਗੀ ਹੈ।’’ ਵਾਲਦੇ ਮੁਤਾਬਕ ਭਾਰਤੀ ਅੰਬੈਸੀ ਵੱਲੋਂ ਵਿਦਿਆਰਥੀਆਂ ਨੂੰ ਯੂਕਰੇਨ ਦੀ ਪੱਛਮੀ ਸਰਹੱਦ ਰਾਹੀਂ ਪੋਲੈਂਡ, ਹੰਗਰੀ, ਰੋਮਾਨੀਆ, ਸਲੋਵਾਕੀਆ ਤੇ ਮੋਲਡੋਵਾ ਪੁੱਜਣ ਦੀ ਸਲਾਹ ਦਿੱਤੀ ਜਾ ਰਹੀ ਹੈ, ਪਰ ਸੂਮੀ ਯੂਨੀਵਰਸਿਟੀ ਯੂਕਰੇਨ ਦੇ ਉੱਤਰ-ਪੂਰਬੀ ਹਿੱਸੇ ’ਚ ਹੋਣ ਕਰਕੇ ਮੌਜੂਦਾ ਹਾਲਾਤ ’ਚ ਸਫ਼ਰ ਕਰਨਾ ਨਾਮੁਮਕਿਨ ਹੈ। ਉਸ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਉਥੋਂ ਕੱਢਿਆ ਜਾਵੇ। -ਪੀਟੀਆਈ