ਜਤਿੰਦਰ ਬੈਂਸ
ਗੁਰਦਾਸਪੁਰ, 18 ਮਈ
ਸੂਬੇ ਅੰਦਰ ਪਹਿਲਾਂ ਚੱਲ ਰਹੇ ਸਰਕਾਰੀ ਕਾਲਜਾਂ ਦਾ ਫੰਡ ਤੇ ਫਰਨੀਚਰ ਨਵੇੇਂ ਬਣਨ ਵਾਲੇ ਕਾਲਜਾਂ ਵਿੱਚ ਵਰਤਣ ਦੇ ਦੋਸ਼ ਲਾਉਂਦਿਆਂ ਪੰਜਾਬ ਸਟੂਡੈਂਟਸ ਯੂਨੀਅਨ ਦੀ ਅਗਵਾਈ ਹੇਠ ਵਿਦਿਆਰਥੀਆਂ ਨੇ ਸਥਾਨਕ ਸਰਕਾਰੀ ਕਾਲਜ ਵਿੱਚ ਪੰਜਾਬ ਸਰਕਾਰ ਤੇ ਡੀਪੀਆਈ (ਕਾਲਜਿਜ਼) ਖਿਲਾਫ਼ ਰੋਸ ਰੈਲੀ ਕੀਤੀ।
ਇਸ ਮੌਕੇ 24 ਮਈ ਨੂੰ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਦੇ ਉਲੀਕੇ ਪ੍ਰੋਗਰਾਮ ਵਿੱਚ ਵਿਦਿਆਰਥੀਆਂ ਦੀ ਵੱਡੀ ਸ਼ਮੂਲੀਅਤ ਨੂੰ ਯਕੀਨੀ ਬਨਾਉਣ ਲਈ ਲਾਮਬੰਦੀ ਕੀਤੀ ਗਈ। ਰੈਲੀ ਨੂੰ ਸੰਬੋਧਨ ਕਰਦੇ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਅਮਰ ਕ੍ਰਾਂਤੀ ਨੇ ਕਿਹਾ ਕਿ ਪੰਜਾਬ ਸਰਕਾਰ ਨਵੇਂ ਕਾਲਜ ਖੋਲ੍ਹਣ ਦੇ ਆਪਣੇ ਚੋਣ ਵਾਅਦੇ ਨੂੰ ਪੁਗਾਉਣ ਲਈ ਸਰਕਾਰੀ ਖਜ਼ਾਨੇ ਦੀ ਬਜਾਏ ਵਿਦਿਆਰਥੀਆਂ ਦੇ ਭਲਾਈ ਫੰਡ ਨੂੰ ਵਰਤਣ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸਰਕਾਰੀ ਕਾਲਜਾਂ ਦੇ ਖਾਤੇ ਵਿੱਚ ਪਈ ਰਕਮ ਦੀ ਜਾਣਕਾਰੀ ਮੰਗਣ ਤੋਂ ਬਾਅਦ ਡੀਪੀਆਈ (ਕਾਲਜ) ਨੇ ਪੱਤਰ ਜਾਰੀ ਕਰਕੇ ਸੂਬੇ ਦੇ ਅੱਠ ਵੱਡੇ ਕਾਲਜਾਂ ਨੂੰ ਪੀਟੀਏ ਫੰਡ ਵਿੱਚੋਂ ਪੰਜ ਲੱਖ ਰੁਪਏ ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਕਰਵਾਉਣ, ਕੰਪਿਊਟਰ, ਫਰਨੀਚਰ ਅਤੇ ਹੋਰ ਸਾਜੋ-ਸਾਮਾਨ ਨਵੇਂ ਬਣਨ ਜਾ ਰਹੇ ਕਾਲਜਾਂ ਨੂੰ ਸੌਂਪਣ ਦੀ ਹਦਾਇਤ ਕਰ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਨਵੇਂ ਕਾਲਜਾਂ ਦੀ ਉਸਾਰੀ ਲਈ ਵਿਦਿਆਰਥੀ ਭਲਾਈ ਫੰਡਾਂ ਨੂੰ ਵਰਤਣਾ ਨਿਖੇਧੀਯੋਗ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ 48 ਕਾਲਜ ਪਹਿਲਾਂ ਹੀ ਫੰਡਾਂ, ਅਧਿਆਪਕਾਂ ਤੇ ਹੋਰ ਵਸਤਾਂ ਦੀ ਘਾਟ ਨਾਲ ਜੂਝ ਰਹੇ ਹਨ। ਇਸ ਮੌਕੇ ਆਗੂਆਂ ਵੱਲੋਂ 24 ਮਈ ਨੂੰ ਡੀਪੀਆਈ (ਕਾਲਜਿਜ਼) ਮੁਹਾਲੀ ਵਿੱਚ ਹੋ ਰਹੇ ਸੂਬਾ ਪੱਧਰੀ ਰੋਸ ਪ੍ਰਦਰਸ਼ਨਾ ਕਰਨ ਦਾ ਐਲਾਨ ਕੀਤਾ ਗਿਆ।
ਪ੍ਰਾਈਵੇਟ ਸਕੂਲਾਂ ਦੀ ਆਰਥਿਕ ਲੁੱਟ ਖ਼ਿਲਾਫ਼ ਮੀਟਿੰਗ
ਫਗਵਾੜਾ (ਜਸਬੀਰ ਸਿੰਘ ਚਾਨਾ): ਪ੍ਰਾਈਵੇਟ ਸਕੂਲਾਂ ਵੱਲੋਂ ਮਾਪਿਆਂ ਦੀ ਕੀਤੀ ਜਾ ਰਹੀ ਕਥਿਤ ਲੁੱਟ ਖ਼ਿਲਾਫ਼ ਸੰਘਰਸ਼ ਕਰ ਰਹੇ ਜਰਨੈਲ ਨੰਗਲ ਵੱਲੋਂ ਅੱਜ ਸਥਾਨਕ ਐੱਸਡੀਐੱਮ ਦਫ਼ਤਰ ਵੱਲੋਂ ਦਿੱਤੇ ਗਏ ਸਮੇਂ ਮੁਤਾਬਿਕ ਇਸ ਮਾਮਲੇ ’ਚ ਇੱਕ ਵਾਰ ਫ਼ਿਰ ਮੀਟਿੰਗ ਕੀਤੀ। ਉਨ੍ਹਾਂ ਦੱਸਿਆ ਕਿ ਪਿਛਲੀ 12 ਤਰੀਕ ਨੂੰ ਐੱਸਡੀਐੱਮ ਵੱਲੋਂ ਅੱਜ ਤੱਕ ਦਾ ਸਮਾਂ ਮੰਗਿਆ ਗਿਆ ਸੀ ਤੇ ਅੱਜ ਅਸੀਂ ਜਦੋ ਐੱਸਡੀਐੱਮ ਨੂੰ ਮਿਲੇ ਤਾਂ ਉਨ੍ਹਾਂ ਨੇ ਜਵਾਬ ਦਿੱਤਾ ਕਿ ਸਕੂਲਾਂ ਵੱਲੋਂ ਇਹ ਮੰਨਿਆ ਗਿਆ ਸੀ ਕਿ ਜਿਨ੍ਹਾਂ ਬੱਚਿਆਂ ਨੂੰ ਆਨਲਾਈਨ ਗਰੁੱਪਾਂ ’ਚੋਂ ਰਿਮੂਵ ਕੀਤਾ ਸੀ ਉਨ੍ਹਾਂ ਨੂੰ ਮੁੜ ਗਰੁੱਪਾਂ ’ਚ ਸ਼ਾਮਿਲ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਇਹ ਗੱਲ ਸਿੱਧ ਹੁੰਦੀ ਹੈ ਕਿ ਪ੍ਰਾਈਵੇਟ ਸਕੂਲਾਂ ਵੱਲੋਂ ਸਰਕਾਰ ਅਤੇ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਮਾਪਿਆਂ ਦੀ ਆਰਥਿਕ ਲੁੱਟ ਖ਼ਿਲਾਫ਼ ਵੀ ਪ੍ਰਸ਼ਾਸਨ ਕੋਲੋਂ ਲਿਖਤੀ ਜਵਾਬ ਮੰਗਿਆ ਗਿਆ ਹੈ ਜਿਸ ’ਤੇ ਅਧਿਕਾਰੀ ਨੇ ਸ਼ੁੱਕਰਵਾਰ ਸਵੇਰ ਤੱਕ ਦਾ ਸਮਾਂ ਲਿਆ ਹੈ।