ਵਜ਼ੀਰੇ ਆਜ਼ਮ ਇਮਰਾਨ ਖ਼ਾਨ ਅਤੇ ਥਲ ਸੈਨਾ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਵੱਲੋਂ ਭਾਰਤ ਨਾਲ ਰਿਸ਼ਤੇ ਨੂੰ ਆਮ ਵਰਗਾ ਬਣਾਏ ਜਾਣ ਦੀ ਇੱਛਾ ਜਤਾਏ ਜਾਣ ਬਾਰੇ ਪਾਕਿਸਤਾਨੀ ਮੀਡੀਆ ਵਿਚ ਪ੍ਰਤੀਕਰਮ ਭਾਵੇਂ ਵੱਖ-ਵੱਖ ਰਹੇ ਹਨ, ਫਿਰ ਵੀ ਦੋਵਾਂ ਦੀਆਂ ਭਾਵਨਾਵਾਂ ਤੇ ਕਥਨਾਂ ਦਾ ਮੋਟੇ ਤੌਰ ’ਤੇ ਸਵਾਗਤ ਹੋਇਆ ਹੈ। ਦੋਵਾਂ ਨੇ ਉਪਰੋਕਤ ਇੱਛਾ ਦਾ ਪ੍ਰਗਟਾਵਾ ਇਸਲਾਮਾਬਾਦ ਵਿਚ ਕਸ਼ਮੀਰ ਸੁਰੱਖਿਆ ਵਾਰਤਾਲਾਪ ਦੌਰਾਨ ਕੀਤਾ। ਇਹ ਸਾਲਾਨਾ ਸੰਮੇਲਨ ਮੁੱਖ ਤੌਰ ’ਤੇ ਕਸ਼ਮੀਰ ਮੁੱਦੇ ’ਤੇ ਭਾਰਤ ਨੂੰ ਭੰਡਣ ਵਾਲਾ ਮੰਚ ਸਾਬਤ ਹੁੰਦਾ ਆਇਆ ਹੈ, ਪਰ ਪਿਛਲੇ ਹਫ਼ਤੇ ਇਸ ਦੀ ਸੁਰ ਭਾਰਤ ਪ੍ਰਤੀ ਸੁਲ੍ਹਾ-ਸਫ਼ਾਈ ਵਾਲੀ ਰਹੀ। ਇਮਰਾਨ ਖ਼ਾਨ ਨੇ ਕਸ਼ਮੀਰ ਨੂੰ ਭਾਰਤ ਤੇ ਪਾਕਿਸਤਾਨ ਦਰਮਿਆਨ ਰੇੜਕੇ ਤੇ ਦੁਸ਼ਮਣੀ ਦਾ ਇਕੋ-ਇਕ ਮੁੱਦਾ ਦੱਸਿਆ ਅਤੇ ਇਸ ਨੂੰ ਸੰਜੀਦਗੀ ਤੇ ਸੁਹਿਰਦਤਾ ਨਾਲ ਨਜਿੱਠੇ ਜਾਣ ਦੀ ਦੁਹਾਈ ਦਿੱਤੀ। ਜਨਰਲ ਬਾਜਵਾ ਦੀ ਸੁਰ ਇਸ ਤੋਂ ਵੀ ਵੱਧ ਨਰਮ ਰਹੀ। ਉਨ੍ਹਾਂ ਨੇ ‘‘ਅਤੀਤ ਦੀਆਂ ਕੜਵਾਹਟਾਂ ਨੂੰ ਦਫ਼ਨ ਕਰਕੇ ਸੁਖਾਵੇਂ ਭਵਿੱਖ ਵੱਲ ਪੇਸ਼ਰਫ਼ਤਗੀ’’ ਦਾ ਸੱਦਾ ਦਿੱਤਾ। ਜਨਰਲ ਦੀ ਤਕਰੀਰ ਵਿਚੋਂ ਕਸ਼ਮੀਰ ਬਾਰੇ ਕਿਸੇ ਸ਼ਰਤ ਦੀ ਅਣਹੋਂਦ ਨੇ ਜਿੱਥੇ ਭਾਰਤੀ ਵਿਸ਼ਲੇਸ਼ਣਕਾਰਾਂ ਨੂੰ ਹੈਰਾਨ ਕੀਤਾ, ਉੱਥੇ ਪਾਕਿਸਤਾਨੀ ਜਾਇਜ਼ਾਕਾਰ ਵੀ ਹੈਰਾਨ ਨਜ਼ਰ ਆਏ। ‘ਪਾਕਿਸਤਾਨ ਆਬਜ਼ਰਵਰ’ ਅਖ਼ਬਾਰ ਨੇ ਆਪਣੇ ਅਦਾਰੀਏ ਵਿਚ ਲਿਖਿਆ ਕਿ ‘‘ਅਜੇ ਪੰਦਰਾਂ ਦਿਨ ਪਹਿਲਾਂ ਤਕ ਆਲਮੀ ਮੰਚਾਂ, ਖ਼ਾਸ ਕਰਕੇ ਯੂ.ਐੱਨ.ਓ. ਤੇ ਇਸਲਾਮੀ ਮੁਲਕ ਇਤਿਹਾਦ (ਓ.ਆਈ.ਸੀ.) ਦੇ ਸੈਸ਼ਨਾਂ ਵਿਚ ਪਾਕਿਸਤਾਨ ਤੇ ਭਾਰਤ ਇਲਜ਼ਾਮਤਰਾਸ਼ੀ ਦੇ ਦੌਰਾਂ ਵਿਚੋਂ ਗੁਜ਼ਰਦੇ ਆਏ ਸਨ। ਉਸ ਤੋਂ ਬਾਅਦ ਯਕਦਮ ਹੋਈ ਸੁਰ-ਬਦਲੀ ਹੈਰਾਨਗੀ ਜ਼ਰੂਰ ਪੈਦਾ ਕਰ ਰਹੀ ਹੈ। ਵਜ਼ੀਰੇ ਆਜ਼ਮ ਤੇ ਜਨਰਲ ਬਾਜਵਾ ਦੇ ਬਿਆਨਾਂ ਬਾਰੇ ਭਾਰਤੀ ਪ੍ਰਤੀਕਰਮ ਭਾਵੇਂ ਬਹੁਤਾ ਨਿੱਘਾ ਨਹੀਂ, ਫਿਰ ਵੀ ਇਸ ਵਿਚੋਂ ਕੱਟੜ ਦੁਸ਼ਮਣੀ ਵਾਲੀ ਬੂਅ ਗ਼ਾਇਬ ਹੈ। ਜ਼ਾਹਿਰ ਹੈ ਕਿ ਪਰਦੇ ਦੇ ਪਿੱਛੇ ਕੁਝ ਚੱਲ ਜ਼ਰੂਰ ਰਿਹਾ ਹੈ। … ਬਹਰਹਾਲ, ਪਾਕਿਸਤਾਨ ਨੇ ਆਪਣੀ ਨੇਕਨੀਅਤੀ ਦਾ ਇਜ਼ਹਾਰ ਕਰ ਦਿੱਤਾ ਹੈ। ਹੁਣ ਗੇਂਦ ਭਾਰਤੀ ਪਾਲੇ ਵਿਚ ਹੈ।’’
ਅੰਗਰਜ਼ੀ ਰੋਜ਼ਨਾਮਾ ‘ਡਾਅਨ’ ਨੇ ਆਪਣੀ ਸੰਪਾਦਕੀ ਵਿਚ ਲਿਖਿਆ ਹੈ ਕਿ ਵਜ਼ੀਰੇ ਆਜ਼ਮ ਤੇ ਥਲ ਸੈਨਾ ਮੁਖੀ ਦੇ ਕਥਨ ‘‘ਅਮਲੀ ਪਹੁੰਚ ਦਾ ਮੁਜ਼ਾਹਰਾ ਹਨ, ਪਰ ਸਥਿਤੀ ਵਿਚ ਸੁਖਾਵਾਂ ਮੋੜ ਆਉਣ ਦੀ ਆਸ ਪ੍ਰਗਟਾਉਣੀ ਹਾਲ ਦੀ ਘੜੀ ਜਾਇਜ਼ ਨਹੀਂ ਜਾਪਦੀ। ਪੁਰਾਣੇ ਤਜ਼ਰਬੇ ਭਾਨੀਮਾਰਾਂ ਦੀ ਭੂਮਿਕਾ ਪ੍ਰਤੀ ਚੌਕਸ ਰਹਿਣ ਵੱਲ ਸੈਨਤ ਕਰਦੇ ਹਨ। ਇਸ ਲਈ ਅਜੇ ਵੇਲਾ ਫੂਕ-ਫੂਕ ਕੇ ਕਦਮ ਧਰਨ ਦਾ ਹੈ।’’ ਰੋਜ਼ਨਾਮਾ ‘ਐਕਸਪ੍ਰੈਸ ਟ੍ਰਿਬਿਊਨ’ ਦੀ ਸੰਪਾਦਕੀ ਆਸਵੰਦੀ ਦਾ ਸੁਨੇਹਾ ਦਿੰਦੀ ਹੈ। ਇਸ ਮੁਤਾਬਿਕ ਇਮਰਾਨ ਖ਼ਾਨ ਤੇ ਜਨਰਲ ਬਾਜਵਾ ਦੇ ਕਥਨਾਂ ਤੋਂ ਇਹ ਪ੍ਰਭਾਵ ਬਣਦਾ ਹੈ ਕਿ ‘‘ਪਾਕਿਸਤਾਨ, ਕਸ਼ਮੀਰ ਮਸਲੇ ਨੂੰ ਲਾਂਭੇ ਰੱਖ ਕੇ ਬਾਕੀ ਦੁਵੱਲੇ ਮੁੱਦਿਆਂ ’ਤੇ ਭਾਰਤ ਨਾਲ ਸੁਲ੍ਹਾ ਵਾਲੇ ਰਾਹ ’ਤੇ ਤੁਰਨ ਲਈ ਤਿਆਰ ਹੈ। ਇਹ ਕੋਈ ਅਣਹੋਣੀ ਗੱਲ ਨਹੀਂ। ਸਪੇਨ ਤੇ ਬ੍ਰਿਟੇਨ, ਜਬਿਰਾਲਟਰ ਦੇ ਮੁੱਦੇ ਨੂੰ ਲੈ ਕੇ ਤਿੰਨ ਸੌ ਸਾਲਾਂ ਤੋਂ ਖਹਿੰਦੇ ਚਲੇ ਆ ਰਹੇ ਹਨ। ਦੋਵਾਂ ਦਰਮਿਆਨ ਕਈ ਵਾਰ ਫੌ਼ਜੀ ਝੜਪਾਂ ਵੀ ਹੋਈਆਂ, ਪਰ ਹੁਣ 70-75 ਵਰ੍ਹਿਆਂ ਤੋਂ ਮਾਹੌਲ ਤਣਾਅ ਨਹੀਂ, ਸਹਿਯੋਗ ਵਾਲਾ ਹੈ। ਸਪੇਨ ਲਈ ਜਬਿਰਾਲਟਰ ਅਜੇ ਵੀ ਵੱਡਾ ਮੁੱਦਾ ਹੈ, ਪਰ ਇਸ ਨੂੰ ਲੈ ਕੇ ਉਹ ਜੰਗਾਂ ਲੜਨ ਦੀ ਗੱਲ ਨਹੀਂ ਕਰਦਾ।’’ ਰੋਜ਼ਨਾਮਾ ‘ਫਰੰਟੀਅਰ ਪੋਸਟ’ ਨੇ ਪਾਕਿਸਤਾਨੀ ‘ਇਜ਼ਹਾਰ-ਇ-ਜਜ਼ਬਾਤ’ ਦਾ ਸਵਾਗਤ ਕੀਤਾ ਹੈ, ਪਰ ਨਾਲ ਹੀ ਕਿਹਾ ਹੈ ਕਿ ਪਾਕਿਸਤਾਨੀ ਧਿਰ ਨੇ ਵਕਤ ਗ਼ਲਤ ਚੁਣਿਆ ਹੈ। ਭਾਰਤ ਦੇ ਤਿੰਨ ਸੂਬਿਆਂ ਵਿਚ ਚੋਣਾਂ ਚੱਲ ਰਹੀਆਂ ਹਨ। ‘‘ਅਜਿਹੇ ਮਾਹੌਲ ਵਿਚ ਮੋਦੀ ਸਰਕਾਰ ਤੋਂ ਕਿਸੇ ਪੇਸ਼ੇਰਫ਼ਤ ਦੀ ਤਵੱਕੋ ਕਰਨਾ ਅਸਲਵਾਦੀ ਨਹੀਂ ਜਾਪਦਾ।’’
ਜਲ ਕਮਿਸ਼ਨ ਦੀ ਵਾਰਤਾ
ਸਿੰਧੂ ਜਲ ਸੰਧੀ ਬਾਰੇ ਹਿੰਦ-ਪਾਕਿ ਕਮਿਸ਼ਨ ਦੀ ਇਕ ਹਫ਼ਤੇ ਦੀ ਦੋ-ਰੋਜ਼ਾ ਮੀਟਿੰਗ ਵੀ ਪਾਕਿਸਤਾਨੀ ਮੀਡੀਆ ਵਿਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਹ ਮੀਟਿੰਗ ਇਸ ਮੰਗਲ ਤੇ ਬੁੱਧਵਾਰ ਨੂੰ ਨਵੀਂ ਦਿੱਲੀ ਵਿਚ ਹੋਣੀ ਹੈ। ਇਸ ਵਿਚ ਭਾਗ ਲੈਣ ਲਈ ਅੱਠ ਮੈਂਬਰੀ ਪਾਕਿਸਤਾਨੀ ਵਫ਼ਦ ਸੋਮਵਾਰ ਨੂੰ ਭਾਰਤ ਪਹੁੰਚੇਗਾ। ਅਖ਼ਬਾਰ ‘ਦਿ ਨੇਸ਼ਨ’ ਦੀ ਰਿਪੋਰਟ ਅਨੁਸਾਰ ਪਾਕਿਸਤਾਨ ਨੂੰ ਭਾਰਤ ਵੱਲੋਂ ਉਸਾਰੇ ਜਾ ਰਹੇ ਦੋ ਪਣ-ਬਿਜਲੀ ਪ੍ਰਾਜੈਕਟਾਂ ਉੱਤੇ ਇਤਰਾਜ਼ ਹੈ। ਪਕੂਲ ਡੈਮ ਤੇ ਲੋਅਰ ਕਾਲਨਾਈ ਪ੍ਰਾਜੈਕਟ ਬਾਰੇ ਇਤਰਾਜ਼ਾਂ ਦਾ ਖ਼ੁਲਾਸਾ ਪਾਕਿਸਤਾਨੀ ਵਫ਼ਦ ਭਾਰਤ ਕੋਲ ਕਰੇਗਾ। ਇਸ ਸਾਂਝੇ ਕਮਿਸ਼ਨ ਦੀ ਪਿਛਲੀ ਮੀਟਿੰਗ ਅਗਸਤ 2018 ਵਿਚ ਲਾਹੌਰ ਵਿਖੇ ਸਦਭਾਵੀ ਮਾਹੌਲ ਵਿਚ ਹੋਈ ਸੀ। ਉਦੋਂ ਭਾਰਤ ਨੇ ਪਾਕਿਸਤਾਨੀ ਮਾਹਿਰਾਂ ਨੂੰ ਦੋਵਾਂ ਪ੍ਰਾਜੈਕਟਾਂ ਦਾ ਮੁਆਇਨਾ ਕਰਨ ਦਾ ਸੱਦਾ ਦਿੱਤਾ ਸੀ। ਇਸ ਸੱਦੇ ਨੂੰ ਅਮਲੀ ਰੂਪ ‘ਕੋਵਿਡ-19’ ਮਹਾਂਮਾਰੀ ਕਾਰਨ ਨਹੀਂ ਦਿੱਤਾ ਜਾ ਸਕਿਆ। ਅਖ਼ਬਾਰ ਨੇ ਆਸ ਪ੍ਰਗਟਾਈ ਹੈ ਕਿ ਇਸ ਹਫ਼ਤੇ ਹੋਣ ਵਾਲੀ ਮੀਟਿੰਗ ਵਿਚ ਉਪਰੋਕਤ ਸੱਦਾ ਦੁਹਰਾਇਆ ਜਾਵੇਗਾ। ਅਜਿਹੀ ਪੇਸ਼ਕਦਮੀ ਦੋਵਾਂ ਮੁਲਕਾਂ ਦਰਮਿਆਨ ਭਰੋਸਾ ਪੈਦਾ ਕਰਨ ਪੱਖੋਂ ਲਾਹੇਵੰਦੀ ਸਾਬਤ ਹੋਵੇਗੀ।
ਪ੍ਰੇਮ-ਪਾਸ਼ ਤੋਂ ਬਰਤਰਫ਼ੀ
ਯੂਨੀਵਰਸਿਟੀ ਆਫ਼ ਲਾਹੌਰ ਵਿਚ ਦੋ ਬਾਲਗ਼ (ਨੌਜਵਾਨ ਤੇ ਮੁਟਿਆਰ) ਇਕ ਮਿੰਟ ਲਈ ਪ੍ਰੇਮ-ਪਾਸ਼ ਵਿਚ ਬੱਝੇ, ਸਾਥੀਆਂ ਤੋਂ ਤਾੜੀਆਂ ਬਟੋਰੀਆਂ, ਪਰ ਬਖੇੜਾ ਪੂਰੇ ਪਾਕਿਸਤਾਨ ਵਿਚ ਖੜ੍ਹਾ ਹੋ ਗਿਆ। ਸੋਸ਼ਲ ਮੀਡੀਆ ਨੂੰ ਤਾਂ ਜਿਵੇਂ ਅੱਗ ਹੀ ਲੱਗ ਗਈ, ਪ੍ਰਿੰਟ ਤੇ ਇਲੈਕਟ੍ਰਾਨਿਕ ਮੀਡੀਆ ਵੀ ਪਿੱਛੇ ਨਹੀਂ ਰਹੇ। ਮੌਲਵੀਆਂ ਤੇ ਮੁਲਾਣਿਆਂ ਨੂੰ ਅੱਗ ਵਰ੍ਹਾਉਣ ਦਾ ਮੌਕਾ ਮਿਲ ਗਿਆ, ਸਮਾਜ-ਸੁਧਾਰਕਾਂ ਤੇ ਨਸੀਹਤਕਾਰਾਂ ਨੇ ਨਸੀਹਤਾਂ ਦੇ ਢੇਰ ਲਾ ਦਿੱਤੇ, ਨੌਜਵਾਨੀ ਨੂੰ ਵਿਦਰੋਹ ਉਗਮਦਾ ਦਿੱਸਿਆ ਅਤੇ ਉਦਾਰਵਾਦੀਆਂ ਨੂੰ ਉਮੀਦ ਦੀ ਕਿਰਨ ਨਜ਼ਰ ਆਈ। ਯੂਨੀਵਰਸਿਟੀ ਨੇ ਦਕਿਆਨੂਸੀ ਰੁਖ਼ ਅਪਣਾਇਆ, ਜੋੜੇ ਨੂੰ ਯੂਨੀਵਰਸਿਟੀ ਵਿਚੋਂ ਖਾਰਿਜ ਕਰ ਦਿੱਤਾ। ਮਰਕਜ਼ੀ ਸਰਕਾਰ ਦਾ ਰੁਖ਼ ਵੱਖਰਾ ਰਿਹਾ, ਸੂਬਾਈ ਸਰਕਾਰ ਦਾ ਵੱਖਰਾ। ਰੋਜ਼ਨਾਮਾ ‘ਡਾਅਨ’ ਦੀ ਰਿਪੋਰਟ ਅਨੁਸਾਰ ਇਨਸਾਨੀ ਹੱਕਾਂ ਬਾਰੇ ਮੰਤਰਾਲੇ ਦੇ ਪਾਰਲੀਮਾਨੀ ਸਕੱਤਰ ਲਾਲ ਚੰਦ ਮੱਲ੍ਹੀ ਨੇ ਯੂਨੀਵਰਸਿਟੀ ਦੇ ਪ੍ਰਤੀਕਰਮ ਨੂੰ ਲੋੜੋਂ ਵੱਧ ਸਖ਼ਤ ਦੱਸਿਆ ਅਤੇ ਬਰਤਰਫ਼ੀ ਵਾਲਾ ਫੈ਼ਸਲਾ ਵਾਪਸ ਲਏ ਜਾਣ ਦਾ ਮਸ਼ਵਰਾ ਦਿੱਤਾ। ਦੂਜੇ ਪਾਸੇ ਪੰਜਾਬ ਸਰਕਾਰ ਦੇ ਤਰਜਮਾਨ ਨੇ ਯੂਨੀਵਰਸਿਟੀ ਦੀ ਕਾਰਵਾਈ ਨੂੰ ਦਰੁਸਤ ਦੱਸਦਿਆਂ ਮੁਹੱਬਤੀ ਜੋੜੇ ਨੂੰ ਵਿਆਹ ਕਰਵਾਉਣ ਅਤੇ ਫਿਰ ਯੂਨੀਵਰਸਿਟੀ ਅਧਿਕਾਰੀਆਂ ਕੋਲੋਂ ‘ਰਿਆਇਤ’ ਮੰਗਣ ਦੀ ‘ਤਾਕੀਦ’ ਕੀਤੀ। ਯੂਨੀਵਰਸਿਟੀ ਨੇ ਦਾਅਵਾ ਕੀਤਾ ਕਿ ਜੋੜੇ ਨੇ ਆਚਾਰ-ਵਿਹਾਰ ਬਾਰੇ ਜ਼ਾਬਤੇ ਦੀ ਉਲੰਘਣਾ ਕੀਤੀ ਹੈ। ਉਸ ਨੇ ਯੂਨੀਵਰਸਿਟੀ ਪ੍ਰਾਸਪੈਕਟਸ ਵਿਚ ਦਰਜ ਇਸ ਨਿਯਮ ਦਾ ਹਵਾਲਾ ਦਿੱਤਾ ਕਿ ‘‘ਮੁੰਡੇ-ਕੁੜੀਆਂ ਇਕੱਠੇ ਵਿਚਰ ਸਕਦੇ ਹਨ, ਪਰ ਗ਼ੈਰ-ਇਖ਼ਲਾਕੀ ਹਰਕਤਾਂ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ।’’ ਉਸ ਨੇ ਲਾਲ ਚੰਦ ਮੱਲ੍ਹੀ ਦੇ ਇਸ ਮਸ਼ਵਰੇ ਨੂੰ ‘ਦਰੁਸਤ’ ਦੱਸਿਆ ਕਿ ਬੱਚਿਆਂ ਨੂੰ ਸਮਝਾਇਆ-ਬੁਝਾਇਆ ਜਾਣਾ ਚਾਹੀਦਾ ਹੈ, ਸਜ਼ਾ ਨਹੀਂ ਦਿੱਤੀ ਜਾਣੀ ਚਾਹੀਦੀ, ਪਰ ਨਾਲ ਹੀ ਕਿਹਾ ਕਿ ਜੋ ‘ਜੁਰਮ’ ਹੋਇਆ, ਉਸ ਨੂੰ ਨਜ਼ਰਅੰਦਾਜ਼ ਕੀਤੇ ਜਾਣਾ ਨਾ ਯੂਨੀਵਰਸਿਟੀ ਦੇ ਹਿੱਤ ਵਿਚ ਹੈ ਅਤੇ ਨਾ ਹੀ ਵਿਦਿਆਰਥੀ ਵਰਗ ਦੇ ਹਿੱਤ ਵਿਚ। ਬਹਿਰਹਾਲ, ਇਸ ਵਿਸ਼ੇ ’ਤੇ ਬਹਿਸ ਜਾਰੀ ਹੈ। ਮੁਹੱਬਤੀ ਜੋੜੇ ਨੂੰ ਆਪਣੇ ਕੀਤੇ ’ਤੇ ਪਛਤਾਵਾ ਨਹੀਂ। ਦੋਵਾਂ ਦੇ ਖੈ਼ਰਖਾਹ ਦਾਅਵਾ ਕਰ ਰਹੇ ਹਨ ਕਿ ‘‘ਅੱਧਾ ਪਾਕਿਸਤਾਨ ਇਸ ਜੋੜੇ ਦੇ ਨਾਲ ਹੈ। ਬਾਕੀ ਲੋਕ ਵੀ ‘ਇਜ਼ਹਾਰ-ਇ-ਮੁਹੱਬਤ’ ਦਾ ਸੱਚ ਸਮਝ ਜਾਣਗੇ।’’ ਪਰ ਜੋ ਹੱਲਾ-ਗੁੱਲਾ ਹੋ ਰਿਹਾ ਹੈ, ਉਹ ਅਜਿਹੀ ਉਮੀਦ ਨਹੀਂ ਬੰਨ੍ਹਾਉਂਦਾ।
ਸ਼ਾਹੀ ਕਿਲੇ ’ਚੋਂ ਸੁਰੰਗ ਮਿਲੀ
ਲਾਹੌਰ ਦੇ ਸ਼ਾਹੀ ਕਿਲੇ ਵਿਚੋਂ ਚਾਰ ਸੌ ਵਰ੍ਹੇ ਪੁਰਾਣੀ ਸੁਰੰਗ ਮਿਲੀ ਹੈ। ‘ਐਕਸਪ੍ਰੈਸ ਟ੍ਰਿਬਿਊਨ’ ਦੀ ਰਿਪੋਰਟ ਮੁਤਾਬਿਕ ਕਿਲੇ ਦੀ ਮੁਰੰਮਤ ਤੇ ਨਵੀਨੀਕਰਨ ਦੀ ਮੁਹਿੰਮ ਦੌਰਾਨ ਇਹ ਸੁਰੰਗ ਲੱਭੀ। ਸੁਰੰਗ ਪੂਰੀ ਮਜ਼ਬੂਤ ਹੈ, ਹਵਾਦਾਰ ਹੈ, ਰੌਸ਼ਨੀ ਵਾਸਤੇ ਲਾਲਟੈਨਾਂ ਜਾਂ ਦੀਵੇ ਰੱਖਣ ਲਈ ਇਸ ਦੀਆਂ ਦੀਵਾਰਾਂ ਵਿਚ ਆਲੇ ਬਣੇ ਹੋਏ ਹਨ। ਸੁਰੰਗ ਏਨੀ ਕੁ ਚੌੜੀ ਵੀ ਹੈ ਕਿ ਦੋ ਬੰਦੇ ਇਕੋ ਸਮੇਂ ਇਸ ਵਿਚੋਂ ਲੰਘ ਸਕਣ। ਸੁਰੰਗ ਹੋਣ ਦੇ ਸੁਰਾਗ਼ ਮੋਤੀ ਮਸਜਿਦ ਤੇ ਮਕਤਬਖ਼ਾਨੇ ਦੀ ਮੁਰੰਮਤ ਤੇ ਸਫ਼ਾਈ ਦੌਰਾਨ ਮਿਲੇ। ਇਸ ਸੁਰੰਗ ਵਿਚੋਂ 625 ਫੁੱਟ ਤਕ ਮਿੱਟੀ ਕੱਢੀ ਜਾ ਚੁੱਕੀ ਹੈ। ਬਾਕੀ ਕੰਮ ਹੋਰ ਫੰਡ ਮਿਲਣ ’ਤੇ ਕੀਤਾ ਜਾਵੇਗਾ। ਸੁਰੰਗ ਸ਼ਾਹੀ ਕਿਲੇ ਦੀਆਂ ਵੱਖ-ਵੱਖ ਇਮਾਰਤਾਂ ਦੇ ਹੇਠੋਂ ਗੁਜ਼ਰਦੀ ਹੈ। ਇਸ ਦਾ ਇਕ ਹਿੱਸਾ ਹਵੇਲੀ ਮਾਈ ਜਿੰਦਾਂ ਦੇ ਹੇਠੋਂ ਵੀ ਲੰਘਦਾ ਹੈ। ਪਹਿਲਾਂ ਇਹ ਸ਼ੱਕ ਹੋਇਆ ਸੀ ਕਿ ਇਹ ਕਿਲੇ ਹੇਠ ਜਲ ਨਿਕਾਸ ਲਈ ਬਣਿਆ ਨਾਲਾ ਹੈ। ਪਰ ਦੀਵਿਆਂ ਤੇ ਸ਼ਮ੍ਹਾਦਾਨਾਂ ਲਈ ਬਣੇ ਆਲਿਆਂ ਤੇ ਹਵਾ ਲਈ ਬਣੇ ਨਿੱਕੇ ਨਿੱਕੇ ਗੁਪਤ ਝਰੋਖਿਆਂ ਨੇ ਸੁਰੰਗ ਹੋਣ ਦੀ ਤਸਦੀਕ ਕਰ ਦਿੱਤੀ।
– ਪੰਜਾਬੀ ਟ੍ਰਿਬਿਊਨ ਫੀਚਰ