ਕਰਮਜੀਤ ਸਿੰਘ ਚਿੱਲਾ
ਬਨੂੜ, 20 ਜੂਨ
ਪਿਛਲੇ ਸਾਲ ਕਿਸਾਨ ਸੰਘਰਸ਼ ਦੌਰਾਨ ਅੰਬਾਲਾ ਵਿਚ ਵਾਟਰ ਕੈਨਨ ਦਾ ਮੂੰਹ ਮੋੜਨ ਵਾਲੇ ਹਰਿਆਣਾ ਦੇ ਨੌਜਵਾਨ ਕਿਸਾਨ ਆਗੂ ਨਵਦੀਪ ਜਲਵੇੜਾ ਨੇ ਆਖਿਆ ਹੈ ਕਿ ਦਿੱਲੀ ਵਿਚ ਸੰਘਰਸ਼ ਕਰ ਰਹੇ ਕਿਸਾਨ ਤਿੰਨੇ ਖੇਤੀ ਕਾਨੂੰਨ ਰੱਦ ਕਰਵਾ ਕੇ ਅਤੇ ਐਮਐਸਪੀ ਦੀ ਕਾਨੂੰਨੀ ਗਾਰੰਟੀ ਲੈ ਕੇ ਹੀ ਘਰ ਪਰਤਣਗੇ। ਉਹ ਅੱਜ ਸ਼ਾਮ ਪਿੰਡ ਬੁੱਢਣਪੁਰ ਵਿਚ ਹੋਈ ਕਿਸਾਨ ਇਕੱਤਰਤਾ ਵਿੱਚ ਸ਼ਮੂਲੀਅਤ ਮੌਕੇ ਸੰਬੋਧਨ ਕਰ ਰਹੇ ਸਨ।
ਨਵਦੀਪ ਨੇ ਆਖਿਆ ਕਿ ਕਿਸਾਨ ਕੇਂਦਰ ਸਰਕਾਰ ਤੋਂ ਭੀਖ ਨਹੀਂ ਮੰਗ ਰਹੇ, ਆਪਣੇ ਹੱਕ ਮੰਗ ਰਹੇ ਹਨ। ਉਨ੍ਹਾਂ ਕਿਹਾ ਕਿ ਆਪਣੇ ਹੱਕਾਂ ਲਈ ਲੜ ਰਹੇ ਕਿਸਾਨਾਂ ਨੂੰ ਪੁਲੀਸ ਕੇਸਾਂ ਅਤੇ ਵਧੀਕੀਆਂ ਦੀ ਕੋਈ ਪਰਵਾਹ ਨਹੀਂ ਹੈ। ਉਹ ਆਪਸੀ ਏਕਤਾ ਰਾਹੀਂ ਇਨ੍ਹਾਂ ਸਾਰੀਆਂ ਕਾਰਵਾਈਆਂ ਦਾ ਜਵਾਬ ਦੇਣ ਦੇ ਸਮਰੱਥ ਹਨ ਤੇ ਹਰ ਤਰ੍ਹਾਂ ਦੀ ਕੁਰਬਾਨੀ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਕਿਸਾਨ ਸੰਘਰਸ਼ ਲਈ ਸਾਰਿਆਂ ਨੂੰ ਕਿਸਾਨ ਜਥੇਬੰਦੀਆਂ ਦੇ ਝੰਡੇ ਹੇਠ ਇਕੱਤਰ ਹੋਣਾ ਚਾਹੀਦਾ ਹੈ ਤੇ ਆਪਸੀ ਧੜੇਬੰਦੀਆਂ ਪਾਸੇ ਰੱਖਣੀਆਂ ਚਾਹੀਦੀਆਂ ਹਨ।
ਨੌਜਵਾਨ ਆਗੂ ਨੇ ਆਖਿਆ ਕਿ ਕਿਸਾਨ ਪੱਛਮੀ ਬੰਗਾਲ ਤੇ ਹੋਰ ਸੂਬਿਆਂ ਵਿਚ ਭਾਜਪਾ ਨੂੰ ਕਰਾਰੀ ਹਾਰ ਦੇਣ ਮਗਰੋਂ ਹੁਣ ਦੇਸ਼ ਦੇ ਬਾਕੀ ਸੂਬਿਆਂ ਤੋਂ ਵੀ ਬਾਹਰ ਦਾ ਰਸਤਾ ਦਿਖਾਣਗੇ। ਉਨ੍ਹਾਂ ਕਿਹਾ ਕਿ ਜਿਹੜੀ ਲੜਾਈ ਕਿਸਾਨ ਲੜ ਰਹੇ ਹਨ, ਉਹ ਸਿਆਸੀ ਪਾਰਟੀਆਂ ਨੂੰ ਲੜਨੀ ਚਾਹੀਦੀ ਸੀ। ਉਨ੍ਹਾਂ ਕਿਹਾ ਕਿ ਰਾਜਸੀ ਆਗੂ ਕਿਸਾਨ ਸੰਘਰਸ਼ ਨੂੰ ਫੇਲ੍ਹ ਕਰਨ ਲਈ ਸਾਜਿਸ਼ਾਂ ਰਚਦੇ ਰਹਿੰਦੇ ਹਨ। ਉਨ੍ਹਾਂ ਸਾਰਿਆਂ ਨੂੰ 26 ਜੂਨ ਨੂੰ ਚੰਡੀਗੜ੍ਹ ਵਿਖੇ ਰਾਜਭਵਨ ਦੇ ਬਾਹਰ ਦਿੱਤੇ ਜਾਣ ਵਾਲੇ ਧਰਨੇ ਲਈ ਵੱਡੀ ਪੱਧਰ ਉੱਤੇ ਸ਼ਮੂਲੀਅਤ ਕਰਨ ਦਾ ਹੋਕਾ ਦਿੰਦਿਆਂ ਆਖਿਆ ਕਿ ਉਸ ਦਿਨ ਸਾਰੇ ਪਾਸੇ ਮੁਹਾਲੀ-ਮੁਹਾਲੀ ਹੀ ਦਿੱਸਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਉੱਤੇ ਵੀ ਕੋਈ ਪਰਚਾ ਦਰਜ ਹੁੰਦਾ ਹੈ ਜਾਂ ਕੋਈ ਹੋਰ ਵਧੀਕੀ ਕੀਤੀ ਜਾਂਦੀ ਹੈ ਤਾਂ ਉਹ ਡਟਕੇ ਨੌਜਵਾਨਾਂ ਦਾ ਸਾਥ ਦੇਣਗੇ।
ਇਸ ਮੌਕੇ ਨਿਰਮੈਲ ਸਿੰਘ ਜੌਲਾ ਕਲਾਂ, ਕਰਮ ਸਿੰਘ ਬਸੌਲੀ, ਲਖਵਿੰਦਰ ਸਿੰਘ ਕਰਾਲਾ, ਨਿੱਕਾ ਸਿੰਘ ਝਾਰਮੜੀ, ਕਿਰਪਾਲ ਸਿੰਘ ਸਿਆਊ, ਜਗਜੀਤ ਸਿੰਘ ਕਰਾਲਾ, ਜਸਵੀਰ ਸਿੰਘ ਰਾਮਪੁਰ ਕਲਾਂ, ਗੁਰਪ੍ਰੀਤ ਸਿੰਘ ਸੇਖਨਮਾਜਰਾ, ਮਾਸਟਰ ਜਤਿੰਦਰ ਸਿੰਘ, ਤੇਜਵੀਰ ਸਿੰਘ ਪੰਜੋਖਰਾ ਸਾਹਿਬ, ਗੁਰਨਿੰਦਰ ਸਿੰਘ ਚੌਂਦਹੇੜੀ, ਲਖਵਿੰਦਰ ਸਿੰਘ, ਗੁਰਵਿੰਦਰ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।