ਵਾਅਦਾਖ਼ਿਲਾਫ਼ੀ
19 ਅਗਸਤ ਦੇ ਨਜ਼ਰੀਆ ਪੰਨੇ ’ਤੇ ਡਾ. ਸੁਖਪਾਲ ਸਿੰਘ ਦਾ ਬਿਜਲੀ ਬਿਲ ਬਾਰੇ ਲੇਖ ‘ਬਿਜਲੀ ਸੋਧ ਬਿਲ-2022 ਦੀ ਸਿਆਸਤ’ ਕੇਂਦਰੀ ਹਕੂਮਤ ਦੇ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਉਣ ਦੀ ਨੀਅਤ ’ਤੇ ਬਾਖ਼ੂਬੀ ਉਂਗਲ ਧਰਦਾ ਹੈ। ਹੁਣ ਬਿਜਲੀ ਉਤਪਾਦਨ, ਵੰਡ ਅਤੇ ਟਰਾਂਸਮਿਸ਼ਨ ਦਾ ਕੰਮ ਨਿੱਜੀ ਹੱਥਾਂ ਵਿਚ ਦੇ ਕੇ ਗ਼ਰੀਬਾਂ ਨੂੰ ਮਿਲ ਰਹੀਆਂ ਰਿਆਇਤਾਂ ’ਤੇ ਡਾਕਾ ਮਾਰਨ ਦੀਆਂ ਤਿਆਰੀਆਂ ਹਨ। ਇਸ ਸੂਰਤ ਵਿਚ ਪੰਜਾਬ ਵਰਗੇ ਖਾਲੀ ਖ਼ਜ਼ਾਨੇ ਵਾਲੇ ਅਤੇ ਖੇਤੀ ਪ੍ਰਧਾਨ ਸੂਬਿਆਂ ਦੀ ਹਾਲਤ ਬਦਤਰ ਹੋ ਜਾਵੇਗੀ। ਇਹ ਬਿੱਲ ਸਿਰਫ਼ ਫੈਡਰਲਿਜ਼ਮ ਦੀ ਭਾਵਨਾ ਦੇ ਹੀ ਉਲਟ ਨਹੀਂ ਸਗੋਂ ਇਸ ਵਿਚ ਕਿਸਾਨ ਸੰਘਰਸ਼ ਦੌਰਾਨ ਸੰਯੁਕਤ ਕਿਸਾਨ ਮੋਰਚੇ ਨਾਲ ਕੀਤੇ ਸਮਝੌਤੇ ਦੀ ਵਾਅਦਾਖ਼ਿਲਾਫ਼ੀ ਵੀ ਹੈ।
ਗੁਰਮੀਤ ਸੁਖਪੁਰਾ, ਈਮੇਲ
ਸੰਵੇਦਨਹੀਣਤਾ
18 ਅਗਸਤ ਦਾ ਸੰਪਾਦਕੀ ‘ਸੰਵੇਦਨਹੀਣਤਾ ਦੀ ਸਿਖ਼ਰ’ ਪੜ੍ਹਿਆ। ਸੱਤਾਧਾਰੀ ਧਿਰ ਦਲਿਤਾਂ, ਮੁਸਲਮਾਨਾਂ ਅਤੇ ਘੱਟਗਿਣਤੀਆਂ ਉੱਪਰ ਜ਼ੁਲਮ ਕਰ ਰਹੀ ਹੈ। ਹੁਣ ਗੁਜਰਾਤ ਵਿਚ ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ ਇਸ ਤਰ੍ਹਾਂ ਮਨਾਇਆ ਗਿਆ ਹੈ ਕਿ ਬਲਕੀਸ ਬਾਨੋ ਜੋ ਜਬਰ ਜਨਾਹ ਪੀੜਤ ਹੈ ਅਤੇ ਉਸ ਦੇ ਪਰਿਵਾਰ ਦਾ ਖਾਤਮਾ ਕਰ ਦਿੱਤਾ ਗਿਆ ਸੀ, ਇਨ੍ਹਾਂ ਦੋਸ਼ੀਆਂ ਨੂੰ ਰਿਹਾਅ ਕਰ ਦਿੱਤਾ ਗਿਆ। ਇਕ ਪਾਸੇ ਸਰਕਾਰੀ ਤੰਤਰ ਔਰਤਾਂ ਦੀ ਮਜ਼ਬੂਤੀ ਤੇ ਭਲਾਈ ਦੀਆਂ ਗੱਲਾਂ ਕਰਦਾ ਹੈ, ਦੂਜੇ ਪਾਸੇ ਔਰਤਾਂ ਨਾਲ ਜ਼ੁਲਮ ਕਰਨ ਵਾਲਿਆਂ ਦੀ ਰਿਹਾਈ ਕੀਤੀ ਜਾ ਰਹੀ ਹੈ। ਕੋਈ ਪੁੱਛੇ, ਇਹ ਕਿੱਥੋਂ ਦਾ ਇਨਸਾਫ਼ ਹੈ?
ਮਨਮੋਹਨ ਸਿੰਘ, ਨਾਭਾ
ਤਰਕਹੀਣ ਵਿਦਵਤਾ
13 ਅਗਸਤ ਦੀ ਸੰਪਾਦਕੀ ‘ਛੂਆ-ਛਾਤ ਵਿਰੁੱਧ ਯਾਤਰਾ’ ਗੁਜਰਾਤ ਦੀਆਂ ਦਲਿਤ ਜਥੇਬੰਦੀਆਂ ਵੱਲੋਂ ‘ਭੀਮ-ਰੁਦਨ’ ਦੇ ਨਾਂ ਹੇਠ ਕੱਢੀ ਯਾਤਰਾ ਦੇ ਵੱਖ ਵੱਖ ਪਹਿਲੂਆਂ ਬਾਰੇ ਜਾਣਕਾਰੀ ਦਿੰਦਾ ਹੈ। ਸਹੀ ਲਿਖਿਆ ਹੈ ਕਿ ਛੂਆ-ਛਾਤ ਦੀ ਸਮਾਜਿਕ ਪ੍ਰਮਾਣਿਕਤਾ ਅਤੇ ਚਲਨ ਤਰਕਹੀਣ ਵਿਦਵਤਾ ਦੀ ਦੇਣ ਹੈ। ਵਿਚਾਰਾ ਸੰਵਿਧਾਨ ਲੇਖਕ ਜਾਂ ਸੰਵਿਧਾਨ ਕੀ ਕਰੇਗਾ ਜਦ ਸਮਾਜ ਦਾ ਕੁਲੀਨ ਵਰਗ ਹੀ ਤਰਕਹੀਣ ਵਿੱਦਿਆ ਨੂੰ ਦੁਬਾਰਾ ਹੱਲਾਸ਼ੇਰੀ ਦੇਣ ’ਤੇ ਤੁਲ ਗਿਆ ਹੈ!
ਜਗਰੂਪ ਸਿੰਘ, ਲੁਧਿਆਣਾ
ਚਲਦੀ ਫਿਰਦੀ ਲਾਇਬਰੇਰੀ
11 ਅਗਸਤ ਦੇ ਨਜ਼ਰੀਆ ਸਫ਼ੇ ’ਤੇ ਗੁਰਮੀਤ ਕੜਿਆਲਵੀ ਦਾ ਲੇਖ ‘ਪਾਠਕਾਂ ਤਕ ਕਲਾਸਿਕ ਸਾਹਿਤ ਪਹੁੰਚਾਉਣ ਵਾਲਾ ਸਫ਼ੀਰ ਪ੍ਰੀਤਮ ਦਰਦੀ’ ਪੜ੍ਹ ਕੇ ਮਨ ਝੰਜੋੜਿਆ ਗਿਆ ਕਿ ਸਾਡੇ ਕੋਲੋਂ ਚਲਦੀ ਫਿਰਦੀ ਲਾਇਬਰੇਰੀ ਵਿਛੜ ਗਈ। ਉਹ ਨਵੇਂ ਪਾਠਕ ਨੂੰ ਉਸ ਦੇ ਅਨੁਸਾਰ ਹੀ ਕਿਤਾਬਾਂ ਦਿੰਦੇ ਸਨ। ਉਹ ਆਖ਼ਰੀ ਸਾਹ ਤਕ ਇਨਕਲਾਬੀ ਹਿੱਤਾਂ ਨੂੰ ਸਮਰਪਿਤ ਰਹੇ ਅਤੇ ਕਿਤਾਬਾਂ ਪੜ੍ਹਦੇ ਪੜ੍ਹਾਉਂਦੇ ਰਹੇ।
ਮੇਘ ਰਾਜ ਜੋਸ਼ੀ, ਪਿੰਡ ਗੁੰਮਟੀ (ਬਰਨਾਲਾ)
ਹਰ ਪਾਸੇ ਖ਼ੌਫ਼
6 ਅਗਸਤ ਨੂੰ ਅਵਨੀਤ ਕੌਰ ਦਾ ਮਿਡਲ ‘ਨਵਾਂ ਸਫ਼ਰ’ ਪੜ੍ਹਿਆ। ਵਾਕਿਆ ਹੀ ਅੱਜਕੱਲ੍ਹ ਭਾਵੇਂ ਕੋਈ ਨੌਕਰੀ ਵਾਲਾ ਹੈ ਤੇ ਭਾਵੇਂ ਕੋਈ ਦਿਹਾੜੀ-ਦੱਪੇ ਵਾਲਾ; ਬਹੁਤੇ ਡਿਪ੍ਰੈਸ਼ਨ ਵਿਚ ਹਨ। ਕਿਸੇ ਨੂੰ ਆਪਣੇ ਬੌਸ ਦਾ ਡਰ ਮਾਰੀ ਜਾਂਦਾ ਹੈ, ਕਿਸੇ ਦੇ ਦਿੱਤੇ ਹੋਏ ਟੀਚੇ ਪੂਰੇ ਨਹੀਂ ਹੋ ਰਹੇ, ਉਹ ਚਿੰਤਾ ਵਿਚ ਫਸਿਆ ਪਿਆ ਹੈ। ਉੱਪਰੋਂ ਮਹਿੰਗਾਈ ਨੇ ਲੋਕਾਂ ਦੀ ਜ਼ਿੰਦਗੀ ਬੇਹਾਲ ਕਰ ਦਿੱਤੀ ਹੈ।
ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ, ਮਮਦੋਟ (ਫਿਰੋਜ਼ਪੁਰ)
(2)
ਅਵਨੀਤ ਕੌਰ ਦਾ ਮਿਡਲ ‘ਨਵਾਂ ਸਫ਼ਰ’ (6 ਜੁਲਾਈ) ਅਧਿਆਪਕਾਂ ਦੀ ਕਾਰਗੁਜ਼ਾਰੀ ਦੀ ਜਿਊਂਦੀ ਜਾਗਦੀ ਤਸਵੀਰ ਪੇਸ਼ ਕਰਦਾ ਹੈ। ਇਸ ਲੇਖ ਵਿਚਲੀ ਔਰਤ ਨੂੰ ਜ਼ਿੰਦਗੀ ਦਾ ਨਵਾਂ ਸਫ਼ਰ ਸ਼ੁਰੂ ਕਰਨ ਦਾ ਮੌਕਾ ਮਿਲ ਗਿਆ, ਨਹੀਂ ਤਾਂ ਇਨ੍ਹਾਂ ਅਫ਼ਸਰਾਂ ਕਾਰਨ ਕਈ ਅਧਿਆਪਕ ਜ਼ਿੰਦਗੀ ਦਾ ਸਫ਼ਰ ਅਧੂਰਾ ਛੱਡ ਗਏ, ਅਣਗਿਣਤ ਮਾਨਸਿਕ ਰੋਗੀ ਹੋ ਗਏ। ਅਧਿਆਪਕ ਮਾਤਰ ਚਾਬੀ ਵਾਲੇ ਖਿਡੌਣੇ ਬਣ ਕੇ ਰਹਿ ਗਏ ਹਨ। ਸਵਾਲ ਹੈ: ਸਿੱਖਿਆ ਤੰਤਰ ਕਿੱਧਰ ਜਾ ਰਿਹਾ ਹੈ?
ਰਣਜੀਤ ਕੌਰ, ਲੁਧਿਆਣਾ
ਰਜਨੀ ਗੰਧਾ
27 ਜੁਲਾਈ ਨੂੰ ਨਜ਼ਰੀਆ ਪੰਨੇ ਉੱਤੇ ਹਰਿੰਦਰਪਾਲ ਸਿੰਘ ਦੀ ਰਚਨਾ ‘ਰਜਨੀ ਗੰਧਾ ਫੂਲ ਤੁਮਹਾਰੇ’ ਦੀ ਘਟਨਾ ਵਿਚ 1970ਵਿਆਂ ਦੇ ਸਮਾਜਿਕ, ਆਰਥਿਕ, ਮਨੋਰੰਜਨ, ਪੜ੍ਹਾਈ ਲਿਖਾਈ ਦੇ ਪੱਧਰ ਬਾਰੇ ਚਰਚਾ ਹੈ। ਇਸ ਤੋਂ ਪਹਿਲਾਂ 26 ਜੁਲਾਈ ਨੂੰ ‘ਮਹਿਕ ਦੇ ਫੁੱਲ’ (26 ਜੁਲਾਈ) ਰਚਨਾ ਦੇ ਲੇਖਕ ਦਰਸ਼ਨ ਸਿੰਘ ਨੇ ਦੱਸਿਆ ਕਿ ਪਿਆਰ ਅਤੇ ਮੋਹ ਭਰੇ ਵਰਤਾਰੇ ਪਰਾਇਆਂ ਨੂੰ ਵੀ ਆਪਣਾ ਬਣਾ ਲੈਂਦੇ ਹਨ। ਅਜਿਹੇ ਰਿਸ਼ਤੇ ਖ਼ੂਨ ਦੇ ਰਿਸ਼ਤਿਆਂ ਨਾਲੋਂ ਵੀ ਜ਼ਿਆਦਾ ਅਪਣੱਤ ਦਿਖਾ ਕੇ ਦੁੱਖ ਵੰਡਾਉਂਦੇ ਹਨ। ਇਸੇ ਤਰ੍ਹਾਂ ‘ਇਕਾਂਤ ਅਤੇ ਇਕਲਾਪਾ’ (25 ਜੁਲਾਈ) ਰਚਨਾ ਵਿਚ ਜਗਦੀਸ਼ ਕੌਰ ਮਾਨ ਨੇ ਮਨ ਦੀਆਂ ਉਲਝਣਾਂ ਨੂੰ ਸਰਲ ਤਰੀਕੇ ਨਾਲ ਸਮਝਾਇਆ ਹੈ। ਅਧਿਆਪਕ ਦੇ ਉਪਦੇਸ਼ ਬੱਚਿਆਂ ਨੂੰ ਉਮਰ ਭਰ ਰਸਤਾ ਦਿਖਾਉਂਦੇ ਹਨ।
ਨਵਜੀਤ ਕੌਰ, ਸੁਲਤਾਨਪੁਰ (ਮਾਲੇਰਕੋਟਲਾ)
ਸੰਘਰਸ਼ਾਂ ਦੀ ਦਿਸ਼ਾ
12 ਅਗਸਤ ਦੇ ਅੰਕ ਵਿਚ ਮਹਿਲ ਕਲਾਂ ਦੇ ਸੰਘਰਸ਼ ਬਾਰੇ ਨਰਾਇਣ ਦੱਤ ਦਾ ਲੇਖ ਪੜ੍ਹਿਆ। ਲੇਖਕ ਨੇ ਬਰਨਾਲੇ ਦੀ ਧਰਤੀ ਜਿਸ ਬਾਰੇ ਪਾਸ਼ ਕਹਿੰਦਾ- ‘ਮੈਨੂੰ ਬਰਨਾਲੇ ਉਤਾਰ ਦੇਣਾ ਜਿੱਥੇ ਹਰੇ ਘਾਹ ਦਾ ਜੰਗਲ ਹੈ’ ’ਤੇ ਲੜੇ ਗਏ ਸ਼ਾਨਦਾਰ ਘੋਲ ਦੀ ਯਾਦ ਤਾਜ਼ਾ ਕਰਵਾ ਦਿੱਤੀ। ਇਹ ਘੋਲ ਦ੍ਰਿੜਾਉਂਦਾ ਹੈ ਕਿ ਜੇ ਸੰਘਰਸ਼ ਦੀ ਦਿਸ਼ਾ ਸਹੀ ਹੋਵੇ ਅਤੇ ਅਗਵਾਈ ਠੀਕ ਹੱਥਾਂ ਵਿਚ ਹੋਵੇ ਤਾਂ ਜਿੱਤ ਲਾਜ਼ਮੀ ਹੈ।
ਗਗਨ ਪਾਹਵਾ, ਫਰੀਦਕੋਟ