ਜਗਜੀਤ ਸਿੰਘ
ਮੁਕੇਰੀਆਂ, 30 ਨਵੰਬਰ
ਇੱਥੋਂ ਦੇ ਹਾਈਡਲ ਪ੍ਰਾਜੈਕਟ ਦੀਆਂ ਪਟੜੀਆਂ ’ਤੇ ਮਨਾਹੀ ਦੇ ਬਾਵਜੂਦ ਚੱਲਦੇ ਖਣਨ ਵਾਲੇ ਭਾਰੀ ਵਾਹਨਾਂ ਕਾਰਨ ਪਟੜੀਆਂ ਤੇ ਨਹਿਰ ’ਤੇ ਬਣੇ ਪੁਲਾਂ ਦੇ ਕਿਸੇ ਵੇਲੇ ਵੀ ਬੈਠ ਜਾਣ ਦਾ ਖ਼ਤਰਾ ਹੈ। ਕੋਲੇ ਦੀ ਘਾਟ ਕਾਰਨ ਪਹਿਲਾਂ ਹੀ ਬਿਜਲੀ ਕੱਟਾਂ ਨਾਲ ਜੂਝਦੇ ਸੂਬੇ ਦੇ ਲੋਕਾਂ ਨੂੰ ਕਿਸੇ ਹੰਗਾਮੀ ਹਾਲਤ ਵਿੱਚ ਬਿਜਲੀ ਉਤਪਾਦਨ ਤੋਂ ਵਾਂਝੇ ਰਹਿਣਾ ਪੈ ਸਕਦਾ ਹੈ।
ਮੁਕੇਰੀਆਂ ਹਾਈਡਲ ਨਹਿਰ ’ਤੇ ਬਣੇ ਪੰਜ ਪਾਵਰਹਾਊਸਾਂ ਰਾਹੀਂ ਸੂਬੇ ਨੂੰ ਕਰੀਬ 216 ਮੈਗਾਵਾਟ ਬਿਜਲੀ ਉਤਪਾਦਨ ਮਿਲਦਾ ਹੈ। ਜੇਕਰ ਇਹ ਨਹਿਰ ਇੱਕ ਦਿਨ ਲਈ ਵੀ ਬੰਦ ਹੁੰਦੀ ਹੈ ਤਾਂ ਕਰੀਬ ਦੋ ਕਰੋੜ ਰੋਜ਼ਾਨਾ ਦਾ ਨੁਕਸਾਨ ਝੱਲਣਾ ਪੈਂਦਾ ਹੈ। ਨਹਿਰੀ ਪਟੜੀਆਂ ’ਤੇ ਕੇਵਲ ਹਲਕੇ ਤੇ ਮੁਰੰਮਤ ਵਾਲੇ ਵਾਹਨ ਹੀ ਚੱਲਣ ਦੀ ਇਜਾਜ਼ਤ ਹੈ ਪਰ ਪਿਛਲੇ ਲੰਬੇ ਸਮੇਂ ਤੋਂ ਨਾਜਾਇਜ਼ ਖਣਨ ਵਾਲੇ ਭਾਰੀ ਵਾਹਨਾਂ ਨੇ ਇਨ੍ਹਾਂ ਪਟੜੀਆਂ ਨੂੰ ਆਪਣਾ ਲਾਂਘਾ ਬਣਾਇਆ ਹੋਇਆ ਹੈ। ਇਨ੍ਹਾਂ ਪਟੜੀਆਂ ਰਾਹੀਂ ਹਜ਼ਾਰਾਂ ਓਵਰਲੋਡਿਡ ਵਾਹਨ ਗੁਜ਼ਰਦੇ ਹੋਏ ਜ਼ਿਲ੍ਹੇ ਦੇ ਕਰੀਬ 5 ਥਾਣਿਆਂ ਨੂੰ ਲੰਘ ਕੇ ਜਲੰਧਰ ਤੇ ਲੁਧਿਆਣਾ ਜਾਂਦੇ ਹਨ ਪਰ ਕੋਈ ਵੀ ਪੁਲੀਸ ਅਧਿਕਾਰੀ ਇਨ੍ਹਾਂ ਵਾਹਨਾਂ ਨੂੰ ਨਹੀਂ ਰੋਕਦਾ।
ਸੀਪੀਆਈ ਆਗੂ ਅਮਰਜੀਤ ਸਿੰਘ ਨੌਸ਼ਹਿਰਾ ਨੇ ਕਿਹਾ ਕਿ ਹਾਈਡਲ ਅਧਿਕਾਰੀ, ਪੁਲੀਸ ਪ੍ਰਸ਼ਾਸਨ ਤੇ ਸਿਵਲ ਪ੍ਰਸ਼ਾਸਨ ਦੀ ਕਥਿਤ ਮਿਲੀਭੁਗਤ ਤੋਂ ਬਿਨਾਂ ਇਨ੍ਹਾਂ ਵਾਹਨਾਂ ਦਾ ਲਾਂਘਾ ਸੰਭਵ ਨਹੀਂ ਹੈ। ਸੂਤਰਾਂ ਅਨੁਸਾਰ ਇਨ੍ਹਾਂ ਭਾਰੀ ਵਾਹਨਾਂ ਕੋਲੋਂ ਵਸੂਲੀ ਜਾਂਦੀ ਪਰਚੀ ਦੇ ਇਵਜ਼ ’ਚ ਵਾਹਨਾਂ ਨੂੰ ਜਲੰਧਰ ਤੱਕ ਬੇਰੋਕ ਲਾਂਘਾ ਦਿੱਤਾ ਜਾਂਦਾ ਹੈ। ਕੁੱਲ ਹਿੰਦ ਕਿਸਾਨ ਸਭਾ ਦੇ ਜੁਆਇੰਟ ਸਕੱਤਰ ਆਸ਼ਾ ਨੰਦ ਨੇ ਦਾਅਵਾ ਕੀਤਾ ਕਿ ਇਸ ਧੰਦੇ ’ਚ ਪਹਿਲਾਂ ਅਕਾਲੀ ਤੇ ਭਾਜਪਾਈ ਸ਼ਾਮਲ ਸਨ ਅਤੇ ਸੱਤਾ ਬਦਲਣ ਉਪਰੰਤ ਕਾਂਗਰਸੀਆਂ ਨੇ ਕਮਾਂਡ ਸੰਭਾਲ ਲਈ ਹੈ।
ਡੀਐਸਪੀ ਮੁਨੀਸ਼ ਕੁਮਾਰ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ ਅਤੇ ਸਬੰਧਤ ਥਾਣਾ ਮੁਖੀ ਦੀ ਇਹ ਲਾਂਘਾ ਰੁਕਵਾਉਣ ਲਈ ਡਿਊਟੀ ਲਗਾਈ ਜਾਵੇਗੀ।
ਸਟਾਫ ਦੀ ਘਾਟ ਕਾਰਨ ਰਾਖੀ ਤੋਂ ਅਸਮਰੱਥ: ਅਧਿਕਾਰੀ
ਹਾਈਡਲ ਦੇ ਐਕਸੀਅਨ ਇੰਜਨੀਅਰ ਚਰਨਜੀਤ ਸਿੰਘ ਨੇ ਕਿਹਾ ਕਿ ਸਟਾਫ ਦੀ ਘਾਟ ਕਾਰਨ ਉਹ ਨਹਿਰਾਂ ਦੀ ਰਾਖੀ ਕਰਨ ਤੋਂ ਅਸਮਰੱਥ ਹਨ ਅਤੇ ਪੈਸਕੋ ਸੁਰੱਖਿਆ ਨਾਲ ਕੇਵਲ ਦਿਨ ਵੇਲੇ ਹੀ ਰਾਖੀ ਕੀਤੀ ਜਾ ਸਕਦੀ ਹੈ। ਨਹਿਰਾਂ ਤੋਂ ਖਣਨ ਵਾਲੇ ਭਾਰੀ ਵਾਹਨਾਂ ਦਾ ਲਾਂਘਾ ਰੋਕਣ ਲਈ ਪਿਛਲੇ ਲੰਬੇ ਸਮੇਂ ਤੋਂ ਪ੍ਰਸ਼ਾਸਨ ਤੇ ਐੱਸਐੱਸਪੀ ਨੂੰ ਲਿਖਿਆ ਜਾ ਰਿਹਾ ਹੈ। ਇਸ ਦੇ ਬਾਵਜੂਦ ਨਹਿਰੀ ਪਟੜੀਆਂ ’ਤੇ ਆਵਾਜਾਈ ਜਾਰੀ ਹੈ।