ਢਾਕਾ: ਭਾਰਤ ਦੇ ਵਿਦੇਸ਼ ਸਕੱਤਰ ਹਰਸ਼ ਵਰਧਨ ਸ਼੍ਰਿੰਗਲਾ ਨੇ ਅੱਜ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨਾਲ ਮੁਲਾਕਾਤ ਕਰਕੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੀ ਅਗਾਮੀ ਬੰਗਲਾਦੇਸ਼ ਫੇਰੀ ਨੂੰ ਲੈ ਕੇ ਚਰਚਾ ਕੀਤੀ। ਰਾਸ਼ਟਰਪਤੀ ਕੋਵਿੰਦ ਦੇ ਬੰਗਲਾਦੇਸ਼ ਦੀ ਆਜ਼ਾਦੀ ਤੇ ਵਿਜੈ ਦਿਵਸ ਦੀ 50ਵੀਂ ਵਰ੍ਹੇਗੰਢ ਮੌਕੇ 15 ਤੋਂ 17 ਦਸੰਬਰ ਲਈ ਢਾਕਾ ਆਉਣ ਦਾ ਪ੍ਰੋਗਰਾਮ ਹੈ। ਦੋ ਰੋਜ਼ਾ ਅਧਿਕਾਰਤ ਫੇਰੀ ਲਈ ਲੰਘੇ ਦਿਨ ਢਾਕਾ ਪੁੱਜੇ ਸ਼੍ਰਿੰਗਲਾ ਨੇ ਦੋਵਾਂ ਮੁਲਕਾਂ ਵਿਚ ਵੱਖ ਵੱਖ ਖੇਤਰਾਂ ਨੂੰ ਲੈ ਕੇ ਸਹਿਯੋਗ ’ਤੇ ਨਜ਼ਰਸਾਨੀ ਕੀਤੀ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼ੇਖ ਹਸੀਨਾ ਨੂੰ ਮੈਤਰੀ ਦਿਵਸ ਦੀ 50ਵੀਂ ਵਰ੍ਹੇਗੰਢ ਲਈ ਵਧਾਈ ਵੀ ਦਿੱਤੀ। ਭਾਰਤ ਤੇ ਬੰਗਲਾਦੇਸ਼ ਨੇ ਸੋਮਵਾਰ ਨੂੰ ‘ਮੈਤਰੀ ਦਿਵਸ’ ਮਨਾਇਆ ਸੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਆਂਢੀ ਮੁਲਕ ਨੂੰ ਇਸ ਦਿਨ ਦੀ ਵਧਾਈ ਦਿੱਤੀ ਸੀ। ਇਸ ਤੋਂ ਪਹਿਲਾਂ ਸ਼੍ਰਿੰਗਲਾ ਨੇ ਲੰਘੇ ਦਿਨ ਸਿਖਰਲੇ ਬੰਗਲਾਦੇਸ਼ੀ ਆਗੂਆਂ ਨਾਲ ਮੁਲਾਕਾਤ ਕਰਕੇ ਦੋਵਾਂ ਮੁਲਕਾਂ ਵਿੱਚ ਵੱਖ ਵੱਖ ਖੇਤਰਾਂ ’ਚ ਸਹਿਯੋਗ ਤੇ ਤਾਲਮੇਲ ਦੀ ਸਮੀਖਿਆ ਕੀਤੀ। -ਪੀਟੀਆਈ