ਸਤਵਿੰਦਰ ਬਸਰਾ
ਲੁਧਿਆਣਾ, 9 ਅਕਤੂਬਰ
ਡੈਮੋਕ੍ਰੈਟਿਕ ਟੀਚਰਜ਼ ਫਰੰਟ ਦੀ ਅਗਵਾਈ ਹੇਠ ਅੱਜ ਭਾਰਤ ਨਗਰ ਚੌਕ ਵਿਚ ਅਰਥੀ ਫੂਕ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਦੌਰਾਨ ਸਰਕਾਰੀ ਮਹਿਕਮਿਆਂ ਨੂੰ ਪੁਨਰਗਠਨ ਦੇ ਨਾਂ ’ਤੇ ਖਤਮ ਕਰਨ ਵਾਲੀ ਆਹਲੂਵਾਲੀਆ ਕਮੇਟੀ ਦੀ ਰਿਪੋਰਟ ਦਾ ਜ਼ੋਰਦਾਰ ਵਿਰੋਧ ਕਰਦਿਆਂ, ਕਮੇਟੀ ਦੇ ਚੇਅਰਪਰਸਨ ਮੌਂਟੇਕ ਸਿੰਘ ਆਹਲੂਵਾਲੀਆ ਦਾ ਪੁਤਲਾ ਸਾੜਿਆ ਗਿਆ।
ਇਸ ਰੋਸ ਮੁਜ਼ਾਹਰੇ ਵਿੱਚ ਵੱਡੀ ਗਿਣਤੀ ਅਧਿਆਪਕਾਂ ਅਤੇ ਹੋਰ ਜਥੇਬੰਦੀਆਂ ਦੇ ਮੁਲਾਜ਼ਮਾਂ ਨੇ ਸ਼ਿਰਕਤ ਕੀਤੀ। ਮੁਜ਼ਾਹਰੇ ਨੂੰ ਸੰਬੋਧਨ ਕਰਦਿਆਂ ਦਲਜੀਤ ਸਮਰਾਲਾ, ਹਰਦੇਵ ਸਿੰਘ ਮੁੱਲਾਂਪੁਰ, ਹਰਜੀਤ ਸੁਧਾਰ, ਗੁਰਪ੍ਰੀਤ ਸਿੰਘ ਗੁਰਜਿੰਦਰ ਸਿੰਘ, ਦੀਪ ਰਾਜਾ ਨੇ ਕਿਹਾ ਕਿ ‘ਕੋਵਿਡ-19 ਤੋਂ ਬਾਅਦ ਦੀ ਰਣਨੀਤੀ’ ਅਤੇ ‘ਸਰਕਾਰੀ ਮਹਿਕਮਿਆਂ ਦਾ ਪੁਨਰਗਠਨ’ ਆਦਿ ਲੁਭਾਉਣੇ ਨਾਵਾਂ ਅਤੇ ਨਾਅਰਿਆਂ ਰਾਹੀਂ ਸਰਕਾਰ ਮੁਲਾਜ਼ਮਾਂ ਦੀ ਮਿਹਨਤ ਸਦਕਾ ਉਸਾਰੇ ਗਏ ਜਨਤਕ ਭਲਾਈ ਦੇ ਪਬਲਿਕ ਸੈਕਟਰ ਦੀ ਸਾਰੀ ਕਮਾਈ ਨੂੰ ਬਰਬਾਦ ਕਰ ਦੇਣਾ ਚਾਹੁੰਦੀ ਹੈ। ਅਜਿਹੀਆਂ ਨੀਤੀਆਂ ਰਾਹੀਂ ਹੀ ਪੂੰਜੀਪਤੀਆਂ ਲਈ ਮੁਨਾਫ਼ੇ ਤੇ ਲੁੱਟ ਦੇ ਰਾਹ ਖੋਲ੍ਹੇ ਜਾਣੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਉਕਤ ਰਿਪੋਰਟ ਪੂੰਜੀਪਤੀਆਂ ਅਤੇ ਧਨਾਢਾਂ ਪ੍ਰਤੀ ਪੂਰੀ ਉਦਾਰ ਹੈ। ਅਧਿਆਪਕ ਅਤੇ ਮੁਲਾਜ਼ਮ ਆਗੂਆਂ ਮਨਜੀਤ ਬੁਢੇਲ, ਮਨਰਾਜ ਸਿੰਘ ਵਿਰਕ, ਰਜਿੰਦਰ ਸਿੰਘ ਮਾਛੀਵਾੜਾ, ਹਰਪਿੰਦਰ ਸ਼ਾਹੀ ਆਦਿ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਨਵੀਂ ਸਿੱਖਿਆ ਨੀਤੀ-2020, ਬਿਜਲੀ ਸੋਧ ਕਾਨੂੰਨ-2020 ਤੇ ਤਿੰਨ ਕਿਸਾਨ ਮਾਰੂ ਖੇਤੀ ਕਾਨੂੰਨਾਂ ਰਾਹੀਂ ਪੂਰੇ ਦੇਸ਼ ਨੂੰ ਵਪਾਰੀਕਰਨ, ਨਿੱਜੀਕਰਨ ਵਲ ਧੱਕ ਰਹੀ ਹੈ ਤਾਂ ਪੰਜਾਬ ਸਰਕਾਰ ਨੇ ਵੀ ਇਹੋ ਰਾਹ ਫੜ ਲਿਆ ਹੈ। ਉਨਾਂ ਕਿਹਾ ਕਿ ਮੌਨਟੇਕ ਰਿਪੋਰਟ ਦੀਆਂ ਸਿਫਾਰਸ਼ਾਂ ’ਚ ਪ੍ਰੋਫੈਸ਼ਨਲ ਟੈਕਸਾਂ ਵਿੱਚ ਵਾਧਾ, ਮੁਲਾਜ਼ਮਾਂ ਦੀਆਂ ਤਨਖਾਹਾਂ ਵਿੱਚ ਕਟੌਤੀਆਂ, ਮੰਡੀਆਂ ਉੱਤੇ ਸਰਕਾਰੀ ਕੰਟਰੋਲ ਦੀ ਸਮਾਪਤੀ, ਸਰਕਾਰੀ ਵਿਭਾਗਾਂ ’ਚ ਨਵੀਂ ਭਰਤੀ ’ਤੇ ਪਾਬੰਦੀ, ਵਿਭਾਗਾਂ ਦਾ ਡਿਜੀਟਾਈਜੇਸ਼ਨ ਕਰਨ, ਬਿਜਲੀ ਸਬਸਿਡੀ ਦੀ ਮੁਕੰਮਲ ਕਟੌਤੀ ਆਦਿ ਲੋਕ ਵਿਰੋਧੀ ਤਜਵੀਜ਼ਾਂ ਸ਼ਾਮਲ ਹਨ। ਉਨਾਂ ਚਿਤਾਵਨੀ ਦਿੱਤੀ ਕਿ ਜੇਕਰ ਸੂਬਾ ਸਰਕਾਰ ਨੇ ਲੋਕ ਵਿਰੋਧੀ ਨੀਤੀਆਂ ਤੋਂ ਮੋੜਾ ਨਾ ਕੱਟਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।
ਰੋਸ ਮੁਜ਼ਾਹਰੇ ਤੋਂ ਬਾਅਦ ਮੌਂਟੇਕ ਸਿੰਘ ਆਹਲੂਵਾਲੀਆ ਦਾ ਪੁਤਲਾ ਸਾੜਿਆ ਗਿਆ। ਇਸ ਪੁਤਲੇ ’ਤੇ ਪੰਜਾਬ ਦੇ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦੀਆਂ ਤਸਵੀਰਾਂ ਵੀ ਲਾਈਆਂ ਹੋਈਆਂ ਸਨ। ਇਸ ਦੌਰਾਨ ਅਧਿਆਪਕਾਂ ਅਤੇ ਹੋਰ ਮੁਲਾਜ਼ਮਾਂ ਨੇ ਸਰਕਾਰ ਵਿਰੋਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ।