ਆਤਿਸ਼ ਗੁਪਤਾ
ਚੰਡੀਗੜ੍ਹ, 22 ਅਪਰੈਲ
ਚੰਡੀਗੜ੍ਹ ਵਿੱਚ ਕਰੋਨਾ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ ਜਿਨ੍ਹਾਂ ਵਿੱਚੋਂ 70 ਫ਼ੀਸਦ ਵਿੱਚ ਯੂਕੇ ਦਾ ਸਟ੍ਰੇਨ ਪਾਇਆ ਜਾ ਰਿਹਾ ਹੈ। ਸ਼ਹਿਰ ਵਿੱਚ ਕਰੋਨਾ ਮਰੀਜ਼ਾਂ ਦਾ ਅੰਕੜਾ ਵਧਣ ਕਰਕੇ ਹਸਪਤਾਲਾਂ ਵਿੱਚ ਕਰੋਨਾ ਮਰੀਜ਼ਾਂ ਲਈ ਬੈੱਡ ਘਟਣ ਲੱਗ ਪਏ ਹਨ ਜਿਸ ਲਈ ਯੂਟੀ ਦੇ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਦੇ ਸਲਾਹਕਾਰ ਮਨੋਜ ਪਰੀਦਾ ਨੇ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਨੂੰ ਪੱਤਰ ਲਿੱਖ ਕੇ ਪੀਜੀਆਈ ਵਿੱਚ ਬੈੱਡਾਂ ਦੀ ਗਿਣਤੀ ਵਧਾਉਣ ਦੀ ਮੰਗ ਕੀਤੀ ਹੈ।
ਸ੍ਰੀ ਪਰੀਦਾ ਨੇ ਦੱਸਿਆ ਕਿ ਚੰਡੀਗੜ੍ਹ ਵਿੱਚ ਪਿਛਲੇ ਇਕ ਹਫ਼ਤੇ ਤੋਂ ਰੋਜ਼ਾਨਾ 600 ਦੇ ਕਰੀਬ ਮਰੀਜ਼ ਪਾਜ਼ੇਟਿਵ ਪਾਏ ਜਾ ਰਹੇ ਹਨ ਜਿਨ੍ਹਾਂ ਦਾ ਇਲਾਜ ਸੈਕਟਰ-16, 32 ਅਤੇ ਪੀਜੀਆਈ ਵਿੱਚ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੀਜੀਆਈ ਵਿੱਚ 2000 ਦੇ ਕਰੀਬ ਬੈੱਡ ਹਨ। ਇਨ੍ਹਾਂ ਵਿੱਚੋਂ 500 ਦੇ ਕਰੀਬ ਬੈੱਡ ਕਰੋਨਾ ਮਰੀਜ਼ਾਂ ਲਈ ਰਾਖਵੇਂ ਕੀਤੇ ਜਾਣ ਅਤੇ ਕਰੋਨਾ ਮਰੀਜ਼ਾ ਦੇ ਇਲਾਜ ਲਈ 100 ਆਈਸੀਯੂ ਬੈੱਡ ਮੁਹੱਈਆ ਕਰਵਾਏ ਜਾਣ। ਪ੍ਰਸ਼ਾਸਕ ਦੇ ਸਲਾਹਕਾਰ ਨੇ ਕਿਹਾ ਕਿ ਪੀਜੀਆਈ ਦੇ ਸਾਰੇ ਸਟਾਫ਼ ਨੂੰ ਕਰੋਨਾ ਵੈਕਸੀਨ ਲਗਾਉਣ ਦੀ ਹਦਾਇਤਾਂ ਜਾਰੀ ਕੀਤੀਆਂ ਜਾਣ।
ਕਰੋਨਾ ਦਾ ਪਸਾਰ ਰੋਕਣ ਲਈ ਯੂਟੀ ਪ੍ਰਸ਼ਾਸਨ ਨੇ ਸ਼ਹਿਰ ਵਿੱਚ ਰਾਤ ਦਾ ਕਰਫਿਊ ਲਗਾਇਆ ਹੋਇਆ ਹੈ ਅਤੇ ਪਿਛਲੇ ਹਫ਼ਤੇ ਹਫ਼ਤਾਵਰੀ ਲੌਕਡਾਊਨ ਵੀ ਲਗਾਇਆ ਗਿਆ ਸੀ ਜਿਸ ਦਾ ਹਰ ਵਰਗ ਦੇ ਲੋਕਾਂ ਨੇ ਵਿਰੋਧ ਕੀਤਾ ਸੀ। ਲੋਕਾਂ ਦੇ ਵਿਰੋਧ ਨੂੰ ਦੇਖਦਿਆ ਯੂਟੀ ਪ੍ਰਸ਼ਾਸਨ ਹਫ਼ਤਾਵਰੀ ਲੌਕਡਾਊਨ ਜਾਂ ਲੰਬੇ ਸਮੇਂ ਲਈ ਲੌਕਡਾਊਨ ਲਗਾਉਣ ਬਾਰੇ ਸ਼ੁਕੱਰਵਾਰ ਨੂੰ ਹੋਣ ਵਾਲੀ ਵਾਰ ਰੂਮ ਦੀ ਮੀਟਿੰਗ ਵਿੱਚ ਮੁੜ ਵਿਚਾਰ ਕਰੇਗਾ। ਪ੍ਰਸ਼ਾਸਨ ਵੱਲੋਂ ਅਗਲਾ ਫ਼ੈਸਲਾ ਲਏ ਜਾਣ ਤੱਕ ਸ਼ਹਿਰ ਵਿੱਚ ਰਾਤ ਦਾ ਕਰਫਿਊ ਰਾਜ 10 ਵਜੇ ਤੋਂ ਸਵੇਰੇ 5 ਵਜੇ ਤੱਕ ਜਾਰੀ ਰਹੇਗਾ।
29 ਕੰਟੇਨਮੈਂਟ ਜ਼ੋਨ ਬਣਾਏ: ਚੰਡੀਗੜ੍ਹ ਵਿੱਚ ਲਗਾਤਾਰ ਵਧ ਰਹੇ ਕਰੋਨਾਵਾਇਰਸ ਦੇ ਕੇਸਾਂ ਨੂੰ ਦੇਖਦਿਆਂ ਯੂਟੀ ਪ੍ਰਸ਼ਾਸਨ ਨੇ ਸ਼ਹਿਰ ਵਿੱਚ 29 ਨਵੇਂ ਕੰਟੇਨਮੈਂਟ ਜ਼ੋਨ ਬਣਾ ਦਿੱਤੇ ਹਨ। ਇਹ ਕੰਟੇਨਮੈਂਟ ਜ਼ੋਨ ਸੈਕਟਰ-7, 20, 21, 27, 28, 32, 33, 34, 35, 36, 37, 39, 40, 42, 44, 45, 46, 49, ਮੌਲੀ ਜੱਗਰਾਂ, ਮਨੀਮਾਜਰਾ ਵਿੱਚ ਬਣਾਏ ਗਏ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਮਨਦੀਪ ਸਿੰਘ ਬਰਾੜ ਨੇ ਦਿੱਤੀ।
ਕਰੋਨਾ ਮਰੀਜ਼ਾਂ ਦੀ ਪਰਿਵਾਰਾਂ ਨਾਲ ਵੀਡੀਓ ਕਾਲ ਰਾਹੀਂ ਹੋ ਸਕੇਗੀ ਗੱਲਬਾਤ
ਚੰਡੀਗੜ੍ਹ (ਪੱਤਰ ਪ੍ਰੇਰਕ): ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਸੈਕਟਰ-32 ਵੱਲੋਂ ਪਹਿਲਕਦਮੀ ਕਰਦਿਆਂ ਕੋਵਿਡ ਮਰੀਜ਼ਾਂ ਦੀ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ/ਰਿਸ਼ਤੇਦਾਰਾਂ ਨਾਲ ਵੀਡੀਓ ਕਾਲ ਰਾਹੀਂ ਗੱਲਬਾਤ ਕਰਵਾਉਣ ਦੇ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਮਰੀਜ਼ਾਂ ਅਤੇ ਪਰਿਵਾਰਾਂ ਦਾ ਤਣਾਅ ਘਟਾਇਆ ਜਾ ਸਕੇ। ਇਸ ਕੰਮ ਦੇ ਲਈ ਬਕਾਇਦਾ ਟੇਬਲੈਟਸ ਅਤੇ ਸਮਾਰਟ ਫੋਨਾਂ ਦਾ ਪ੍ਰਬੰਧ ਕੀਤਾ ਗਿਆ ਹੈ। ਸੈਕਟਰ- 48 ਹਸਪਤਾਲ ਵਿੱਚ ਮਰੀਜ਼ਾਂ ਲਈ ਇਹ ਸਹੂਲਤ ਪਹਿਲਾਂ ਹੀ ਸ਼ੁਰੂ ਕੀਤੀ ਜਾ ਚੁੱਕੀ ਹੈ ਅਤੇ ਸੈਕਟਰ 32 ਦੇ ਹਸਪਤਾਲ ਵਿੱਚ ਭਲਕੇ 23 ਅਪਰੈਲ ਤੋਂ ਸ਼ੁਰੂ ਹੋ ਜਾਵੇਗੀ। ਚੰਡੀਗੜ੍ਹ ਦੇ ਪ੍ਰਸ਼ਾਸਕ ਵੀ.ਪੀ ਸਿੰਘ ਬਦਨੌਰ ਨੇ ਹਸਪਤਾਲ ਪ੍ਰਬੰਧਨ ਦੀ ਇਸ ਪਹਿਲਕਦਮੀ ਦੀ ਸ਼ਲਾਘਾ ਕੀਤੀ। ਇਸ ਤੋਂ ਇਲਾਵਾ ਆਪਣੇ ਘਰਾਂ ਵਿੱਚ ਘਰੇਲੂ ਇਕਾਂਤਵਾਸ ’ਤੇ ਚੱਲ ਰਹੇ ਕਰੋਨਾ ਮਰੀਜ਼ ਡਾਕਟਰਾਂ ਨਾਲ ਵੀਡੀਓ ਕਾਲ ਕਰਨ ਲਈ ਵੀ ਦੋ ਮੋਬਾਈਲ ਫੋਨ ਨੰਬਰ ਜਾਰੀ ਕੀਤੇ ਗਏ ਹਨ। ਘਰੇਲੂ ਇਕਾਂਤਵਾਸ ਵਾਲੇ ਮਰੀਜ਼ ਡਾਕਟਰਾਂ ਦੇ ਮੋਬਾਈਲ ਫੋਨ ਨੰਬਰ 7657977814 ਅਤੇ 7657977815 ਉਤੇ ਵੀਡੀਓ ਕਾਲਿੰਗ ਕਰ ਸਕਣਗੇ।