ਨਵੀਂ ਦਿੱਲੀ (ਮਨਧੀਰ ਸਿੰਘ ਦਿਓਲ): ਸੰਯੁਕਤ ਕਿਸਾਨ ਮੋਰਚੇ ਵੱਲੋਂ 26 ਮਾਰਚ ਦੇ ਮੁਕੰਮਲ ਭਾਰਤ ਬੰਦ ਨੂੰ ਸਫਲ ਬਣਾਉਣ ਲਈ ਦੇਸ਼ ਭਰ ਵਿੱਚ ਵੱਖ-ਵੱਖ ਪ੍ਰੋਗਰਾਮ ਕੀਤੇ ਜਾ ਰਹੇ ਹਨ, ਜਿਨ੍ਹਾਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਮੀਡੀਆ ਰਿਪੋਰਟਾਂ ਦੀ ਪੁਸ਼ਟੀ ਕਰਦਿਆਂ ਸੰਯੁਕਤ ਕਿਸਾਨ ਮੋਰਚੇ ਨੇ ਕਿਹਾ ਹੈ ਕਿ 26 ਮਾਰਚ ਨੂੰ ਭਾਰਤ ਬੰਦ ਦਾ ਅਸਰ ਦਿੱਲੀ ’ਚ ਵੀ ਦਿੱਸੇਗਾ ਅਤੇ ਐਮਰਜੈਂਸੀ ਤੋਂ ਇਲਾਵਾ ਸਾਰੀਆਂ ਸੇਵਾਵਾਂ ਸਵੇਰੇ 6 ਵਜੇ ਤੋਂ ਸ਼ਾਮ 6 ਵਜੇ ਤੱਕ ਮੁਅੱਤਲ ਕਰ ਦਿੱਤੀਆਂ ਜਾਣਗੀਆਂ। ਮੋਰਚੇ ਦੀ ਕਮੇਟੀ ਦੇ ਮੈਂਬਰ ਡਾ. ਦਰਸ਼ਨ ਪਾਲ ਨੇ ਦੱਸਿਆ ਕਿ 23 ਮਾਰਚ ਨੂੰ, ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ’ਤੇ, ਦਿੱਲੀ ਦੇ ਆਲੇ ਦੁਆਲੇ ਧਰਨਿਆਂ ਵਾਲੇ ਥਾਵਾਂ ’ਤੇ ਯੂਥ ਕਾਨਫਰੰਸਾਂ ਹੋਣਗੀਆਂ, ਜਿਸ ’ਚ ਦੇਸ਼ ਭਰ ਤੋਂ ਨੌਜਵਾਨ ਪਹੁੰਚਣਗੇ। ਕਿਸਾਨਾਂ ਅਤੇ ਮਜ਼ਦੂਰਾਂ ਦੇ ਪਰਿਵਾਰਾਂ ਵਿੱਚ ਜੰਮੇ ਇਨ੍ਹਾਂ ਨੌਜਵਾਨਾਂ ਦਾ ਭਵਿੱਖ ਹੁਣ ਦਾਅ ਤੇ ਲੱਗਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਨੌਜਵਾਨ ਮੁੰਡੇ ਤੇ ਕੁੜੀਆਂ ਪਹਿਲਾਂ ਹੀ ਇਸ ਕਿਸਾਨ ਅੰਦੋਲਨ ਵਿੱਚ ਅਹਿਮ ਭੂਮਿਕਾ ਨਿਭਾਅ ਰਹੇ ਹਨ। ਭਗਤ ਸਿੰਘ ਦੇ ਵਿਚਾਰਾਂ ਦੀ ਪਾਲਣਾ ਕਰਦਿਆਂ ਨੌਜਵਾਨ 23 ਮਾਰਚ ਨੂੰ ਦੇਸ਼ ਦੇ ਕਿਸਾਨਾਂ-ਮਜ਼ਦੂਰਾਂ ਦੇ ਹੱਕ ਦੀ ਲੜਾਈ ਲਈ ਦਿੱਲੀ ਬਾਰਡਰ ’ਤੇ ਪਹੁੰਚ ਰਹੇ ਹਨ। ਉਨ੍ਹਾਂ ਕਿਹਾ ਕਿ ਉੜੀਸਾ ਦੇ ਜਮੁਨਾ ਪੋਸੀ ਖੇਤਰ ਵਿੱਚ ਕਿਸਾਨ ਅਧਿਕਾਰ ਯਾਤਰਾ ਨੂੰ ਖੇਤਰੀ ਪੱਧਰ ’ਤੇ ਭਾਰੀ ਸਮਰਥਨ ਮਿਲ ਰਿਹਾ ਹੈ। ਕਰਨਾਟਕ ਦੇ ਸ਼ਿਵਮੋਗਾ ਵਿੱਚ ਮਹਾਪੰਚਾਇਤ ਮਗਰੋਂ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੇ ਅੱਜ ਕਈ ਥਾਵਾਂ ’ਤੇ ਖੇਤਰੀ ਕਿਸਾਨ ਆਗੂਆਂ ਨਾਲ ਮੁਲਾਕਾਤ ਕੀਤੀ ਅਤੇ ਦੱਖਣੀ ਭਾਰਤ ਵਿੱਚ ਇਸ ਅੰਦੋਲਨ ਨੂੰ ਹੋਰ ਤੇਜ਼ ਕਰਨ ਦੀ ਰਣਨੀਤੀ ਬਣਾਈ। ਅੱਜ ਤਿਲੰਗਾਨਾ ਦੇ ਜ਼ਿਲ੍ਹਾ ਸੂਰਿਆਪੇਟ, ਪਿੰਡ ਵੇਲਿਡਾਂਡਾ ਵਿੱਚ ਇੱਕ ਰਛਬੰਦਾ (ਮਹਾਪੰਚਾਇਤ) ਪ੍ਰੋਗਰਾਮ ਹੋਇਆ। ਉੱਤਰ ਪ੍ਰਦੇਸ਼ ਦੇ ਗੁਟਾਈਆ ’ਚ ਕੀਤੀ ਮਹਾਪੰਚਾਇਤ ਵਿੱਚ ਵੀ ਵੱਡੀ ਗਿਣਤੀ ਕਿਸਾਨ ਸ਼ਾਮਲ ਹੋਏ। ਉਨ੍ਹਾਂ ਮੁਤਾਬਕ ਮੁਜ਼ੱਫਰਪੁਰ ਵਿੱਚ ਆਲ ਇੰਡੀਆ ਕਿਸਾਨ ਖੇਤ ਮਜ਼ਦੂਰ ਸੰਗਠਨ ਵੱਲੋਂ ਇੱਕ ਕਿਸਾਨ ਮਹਾਪੰਚਾਇਤ ਸਾਇੰਸ ਕਾਲਜ ਵਿੱਚ ਕੀਤੀ ਗਈ। ਪ੍ਰਧਾਨ ਸੱਤਿਆਵਾਨ ਨੇ ਕਿਹਾ ਕਿ ਕਾਰਪੋਰੇਟ ਘਰਾਣਿਆਂ ਵੱਲੋਂ ਜ਼ਮੀਨ ਐਕੁਆਇਰ ਕਰਨ ਲਈ ਤਿੰਨ ਖੇਤੀਬਾੜੀ ਕਾਨੂੰਨ ਅਤੇ ਬਿਜਲੀ ਸੋਧ ਬਿੱਲ 2020 ਬਣਵਾਇਆ ਗਿਆ ਹੈ।