ਨਵੀਂ ਦਿੱਲੀ, 19 ਅਗਸਤ
ਇਥੋਂ ਦੀ ਅਦਾਲਤ ਨੇ 2020 ਵਿੱਚ ਦਿੱਲੀ ’ਚ ਹੋਏ ਦੰਗਿਆਂ ਨਾਲ ਸਬੰਧਤ ਇਕ ਮਾਮਲੇ ’ਚ ਚਾਰ ਜਣਿਆਂ ਖ਼ਿਲਾਫ਼ ਦੋਸ਼ ਆਇਦ ਕਰਨ ਦੇ ਹੁਕਮ ਸੁਣਾਏ ਹਨ। ਇਨ੍ਹਾਂ ਵਿਅਕਤੀਆਂ ’ਤੇ ਅੱਗ ਲਾਉਣ, ਇਮਾਰਤਾਂ ਨੂੰ ਨਸ਼ਟ ਕਰਨ ਲਈ ਵਿਸਫੋਟਕ ਸਮੱਗਰੀ ਦੀ ਵਰਤੋਂ ਕਰਨ ਤੇ ਦੰਗੇ ਭੜਕਾਉਣ ਦਾ ਦੋਸ਼ ਹੈ। ਇਹ ਮਾਮਲਾ 25 ਫਰਵਰੀ, 2020 ਨੂੰ ਦਿੱਲੀ ਨਗਰ ਨਿਗਮ ਦੀ ਪਾਰਕਿੰਗ ਵਾਲੀ ਥਾਂ ’ਤੇ ਵਾਪਰੀ ਘਟਨਾ ਨਾਲ ਸਬੰਧਤ ਹੈ। ਐਡੀਸ਼ਨਲ ਸੈਸ਼ਨਜ਼ ਜੱਜ ਨੇ ਸ਼ਾਹਰੁਖ਼, ਅਸ਼ਵਨੀ, ਆਸ਼ੂ ਤੇ ਜ਼ੁਬੈਰ ਖ਼ਿਲਾਫ਼ ਦੋਸ਼ ਆਇਦ ਕਰਨ ਦੇ ਹੁਕਮ ਸੁਣਾਏ ਹਨ। ਇਸੇ ਦੌਰਾਨ ਅਦਾਲਤ ਨੇ ਕਾਸਿਮ ਤੇ ਖਾਲਿਦ ਨੂੰ ਇਹ ਕਹਿ ਕੇ ਦੋਸ਼-ਮੁਕਤ ਕਰ ਦਿੱਤਾ ਕਿ ਉਨ੍ਹਾਂ ਖ਼ਿਲਾਫ਼ ਪੁਖਤਾ ਸਬੂਤ ਨਹੀਂ ਹਨ। ਵੇਰਵਿਆਂ ਅਨੁਸਾਰ 25 ਫਰਵਰੀ 2020 ਨੂੰ 250 ਲੋਕ ਡੰਡੇ ਤੇ ਪੈਟਰੋਲ ਦੀਆਂ ਬੋਤਲਾਂ ਲੈ ਕੇ ਅੰਬੇਡਕਰ ਕਾਲਜ ਕੋਲ ਦਿੱਲੀ ਨਿਗਮ ਦੀ ਪਾਰਕਿੰਗ ’ਚ ਦਾਖਲ ਹੋਏ ਸਨ। -ਪੀਟੀਆਈ