ਫੁਰਸਤ ਦੇ ਪਲ
ਅਮਰਬੀਰ ਸਿੰਘ ਚੀਮਾ ਦੀ ਰਚਨਾ ‘ਸ਼ਿਮਲੇ ਦੀ ਸੈਰ’ (17 ਜੂਨ) ਪੜ੍ਹ ਕੇ ਸ਼ਿਮਲਾ ਦੀ ਸੈਰ ਮੈਂ ਵੀ ਕਰ ਲਈ। ਦੋਸਤਾਂ ਨਾਲ ਪਤਾ ਨਹੀਂ ਕਿੰਨੀ ਵਾਰ ਕਿਤੇ ਘੁੰਮਣ ਦੀ ਸਲਾਹ ਬਣੀ ਪਰ ਅਜੇ ਤਕ ਕਦੇ ਇਕੱਠੇ ਘੁੰਮਣ ਜਾ ਨਹੀਂ ਸਕੇ। ਕੰਮਾਂ-ਕਾਰਾਂ ਤੋਂ ਹੀ ਵਿਹਲ ਨਹੀਂ ਮਿਲਦੀ।
ਸੰਦੀਪ ਸਿੰਘ ਦਹੀਆ, ਧੂਰੀ
ਅਗਨੀਪਥ ਦੇ ਅਰਥ
16 ਜੂਨ ਦਾ ਸੰਪਾਦਕੀ ‘ਅਗਨੀਪਥ ਯੋਜਨਾ’ ਪੜ੍ਹਿਆ। ਯੋਜਨਾ ਬਾਰੇ ਜਾਣਕਾਰੀ ਦੇਣ ਦੇ ਨਾਲ ਨਾਲ ਇਸ ਬਾਰੇ ਕੀਤੀ ਟਿੱਪਣੀ ਕਿ ਕੇਂਦਰ ਸਰਕਾਰ, ਸੈਨਾ ਅਧਿਕਾਰੀਆਂ ਅਤੇ ਸੁਰੱਖਿਆ ਮਾਹਿਰਾਂ ਨੂੰ ਇਸ ਪ੍ਰਕਿਰਿਆ ਵਿਚਲੀਆਂ ਪੇਚੀਦਗੀਆਂ ਅਤੇ ਇਸ ਤੋਂ ਨਿਕਲਣ ਵਾਲੇ ਸਿੱਟਿਆਂ ’ਤੇ ਨਜ਼ਰ ਰੱਖਣ ਦੀ ਜ਼ਰੂਰਤ ਹੈ, ਬਿਲਕੁਲ ਸਹੀ ਹੈ। ਸਰਕਾਰ ਦਾ ਕਹਿਣਾ ਕਿ ਇਸ ਯੋਜਨਾ ਨਾਲ ਰੱਖਿਆ ਮੰਤਰਾਲੇ ’ਤੇ ਪੈਨਸ਼ਨ ਦਾ ਬੋਝ ਘਟੇਗਾ, ਇਸ ਗੱਲ ਦਾ ਪ੍ਰਮਾਣ ਭਾਵੇਂ ਨਾ ਵੀ ਹੋਵੇ ਕਿ ਸਾਡੀ ਮਾਇਕ ਹਾਲਤ ਡਾਵਾਂਡੋਲ ਹੈ ਪਰ ਇਸ਼ਾਰਾ ਜ਼ਰੂਰ ਹੈ ਕਿ ਅਸੀਂ ਸੇਵਾਮੁਕਤ ਸੈਨਿਕਾਂ ਨੂੰ ਪੈਨਸ਼ਨ ਦੇਣ ’ਚ ਤਕਲੀਫ਼ ਮਹਿਸੂਸ ਕਰ ਰਹੇ ਹਾਂ। ਅਜਿਹੀ ਭਾਵਨਾ ਤਿੰਨਾਂ ਸੇਵਾਵਾਂ ਦੇ ਸੇਵਾਮੁਕਤ ਅਧਿਕਾਰੀਆਂ ਵਿਚ ਵੀ ਪੈਦਾ ਹੋ ਸਕਦੀ ਹੈ ਅਤੇ ਅਜਿਹਾ ਹੋਣਾ ਸਮਾਜ ਲਈ ਘਾਤਕ ਹੈ। ਸਭ ਤੋਂ ਵੱਡੀ ਪੇਚੀਦਗੀ ‘ਅਗਨੀਵੀਰ’ ਦਾ ‘ਠੇਕੇ ਦੀ ਭਰਤੀ’ ਹੋਣ ਕਰਕੇ ਉਨ੍ਹਾਂ ਦੀ ਪ੍ਰੋਫ਼ੈਸ਼ਨਲ ਕਾਰਜਕੁਸ਼ਲਤਾ ਅਤੇ ਪ੍ਰਤੀਬੱਧਤਾ ਬਾਰੇ ਹੋਵੇਗੀ। ਸਮਾਜ ਦੇ ਅਜਿਹੇ ਸੈਨਕੀਕਰਨ ਬਾਰੇ ਹੋਰ ਗੰਭੀਰ ਚਿੰਤਨ ਦੀ ਲੋੜ ਹੈ। ਜੇਕਰ ਇਸ ਯੋਜਨਾ ਨੂੰ ਬੇਰੁਜ਼ਗਾਰੀ ਦੀ ਸਮੱਸਿਆ ਨਾਲ ਜੋੜ ਕੇ ਦੇਖਦੇ ਹਾਂ, ਤਦ ਇਉਂ ਲੱਗਦਾ ਹੈ ਜਿਵੇਂ ਅਸੀਂ ਸਿਆਸੀ ਸਮੱਸਿਆ ਦੀ ਬੰਦੂਕ ਤਿੰਨਾਂ ਸੁਰੱਖਿਆ ਸੇਵਾਵਾਂ ਦੇ ਮੋਢੇ ’ਤੇ ਰੱਖ ਕੇ ਚਲਾਉਣਾ ਚਾਹੁੰਦੇ ਹੋਈਏ, ਇਹ ਹੋਰ ਵੀ ਮੰਦਭਾਗਾ ਹੈ।
ਜਗਰੂਪ ਸਿੰਘ, ਲੁਧਿਆਣਾ
(2)
ਕੇਂਦਰ ਸਰਕਾਰ ਦੀ ਅਗਨੀਪੱਥ ਯੋਜਨਾ ਬਾਰੇ ਪੜ੍ਹਿਆ। ਇਸ ਭਰਤੀ ਦਾ ਸਰਕਾਰ ਵੱਲੋਂ ਸੈਨਿਕਾਂ ਨੂੰ ਸਿਖਲਾਈ ਅਤੇ ਉਨ੍ਹਾਂ ਦੀ ਕਾਰਜਕੁਸ਼ਲਤਾ ਬਾਰੇ ਜੋ ਵੀ ਮਰਜ਼ੀ ਤਰਕ ਦਿੱਤਾ ਜਾਵੇ ਪਰ ਇਹ ਸੱਚ ਹੈ ਕਿ ਇਹ ਸਰਕਾਰੀ ਨੀਤੀ ਆਮ ਨਾਗਰਿਕਾਂ ਦੇ ਰੁਜ਼ਗਾਰ ਲਈ ਸੰਜੀਦਾ ਨਹੀਂ ਹੈ। ਨਾਲੇ ਹੌਲੀ ਹੌਲੀ ਦੇਸ਼ ਵਿਚ ਹਥਿਆਰਾਂ ਦੀ ਸਿਖਲਾਈਯਾਫਤਾ ਵੱਡੀ ਨਫ਼ਰੀ ਹੋ ਜਾਵੇਗੀ ਜਿਸ ਦੇ ਅਸਰ ਬਹੁਤ ਵੱਡੇ ਪੱਧਰ ’ਤੇ ਦੇਖਣ ਨੂੰ ਮਿਲਣਗੇ। ਇਸ ਦੇ ਸਿੱਟੇ ਫਿਰ ਅਗਲੀਆਂ ਪੀੜ੍ਹੀਆਂ ਨੂੰ ਭੁਗਤਣੇ ਪੈਣੇ ਹਨ।
ਕਰਮਜੀਤ ਸਕਰੁੱਲਾਂਪੁਰੀ, ਈਮੇਲ
ਮਹਿੰਗੇ ਜ਼ਮੀਨੀ ਠੇਕੇ
16 ਜੂਨ ਦੇ ਨਜ਼ਰੀਆ ਪੰਨੇ ਉੱਤੇ ਅਮਰਜੀਤ ਬਾਜੇਕੇ ਦਾ ਲੇਖ ‘ਮਹਿੰਗੇ ਜ਼ਮੀਨੀ ਠੇਕੇ ਬਨਾਮ ਕਿਸਾਨ ਖ਼ੁਦਕੁਸ਼ੀਆਂ’ ਠੇਕੇ ’ਤੇ ਖੇਤੀ ਕਰਨ ਵਾਲੇ ਕਿਸਾਨਾਂ ਮਜ਼ਦੂਰਾਂ ਦੇ ਹਾਲਾਤ ਦੇ ਕਾਰਨ ਬਿਆਨ ਕਰਨ ਵਾਲਾ ਹੈ। ਖੇਤੀ ਵਿਚ ਮੌਜੂਦਾ ਠੇਕਾ ਸਿਸਟਮ ਦੀ ਥਾਂ 40 ਸਾਲ ਪਹਿਲਾਂ ਵਾਲਾ ਵਟਾਈ ਸਿਸਟਮ ਲਾਗੂ ਕਰਨ ਦੀ ਲੋੜ ਹੈ। ਖੇਤ ਵਿਚ ਜਿੰਨੀ ਪੈਦਾਵਾਰ ਹੋਵੇ, ਉਸ ਦਾ ਅੱਧਾ ਜਾਂ ਤੀਸਰਾ ਹਿੱਸਾ ਜ਼ਮੀਨ ਦੇ ਮਾਲਕ ਨੂੰ ਅਤੇ ਬਾਕੀ ਦਾ ਅੱਧਾ ਜਾਂ 2/3 ਹਿੱਸਾ ਖੇਤੀ ਕਰਨ ਵਾਲੇ ਕਿਸਾਨ ਨੂੰ ਮਿਲੇ। ਕੁਦਰਤੀ ਜਾਂ ਕਿਸੇ ਹੋਰ ਕਾਰਨਾਂ ਕਰਕੇ ਜੇ ਪੈਦਾਵਾਰ ਘਟ ਜਾਂਦੀ ਹੈ ਤਾਂ ਖੇਤੀ ਕਰਨ ਵਾਲੇ ਕਿਸਾਨ, ਮਜ਼ਦੂਰ ਦੇ ਨਾਲ ਨਾਲ ਜ਼ਮੀਨ ਦੇ ਮਾਲਕ ਨੂੰ ਵੀ ਘਾਟਾ ਸਹਿਣਾ ਪੈਂਦਾ ਹੈ। ਇਸ ਕਰਕੇ ਜ਼ਮੀਨ ਦਾ ਮਾਲਕ ਆਪਣੇ ਕਿਸਾਨ ਦੀ ਫ਼ਸਲ ਬੀਜਣ ਤੋਂ ਲੈ ਕੇ ਝਾੜ ਨਿਕਲਣ ਤਕ ਖੇਤੀ ਨਾਲ ਸਬੰਧਿਤ ਕੰਮਾਂ ’ਚ ਮਦਦ ਕਰਨ ਦਾ ਧਿਆਨ ਵੀ ਰੱਖੇਗਾ।
ਸੋਹਣ ਲਾਲ ਗੁਪਤਾ, ਪਟਿਆਲਾ
ਵਿਦਿਆਰਥੀ ਅਤੇ ਲਾਇਬ੍ਰੇਰੀਆਂ
ਡਾ. ਦਵਿੰਦਰ ਕੌਰ ਦਾ ਲੇਖ ‘ਲਾਇਬ੍ਰੇਰੀ, ਵਿਦਿਆਰਥੀ ਤੇ ਮੈਂਬਰਸ਼ਿਪ’ (16 ਜੂਨ) ਬਹੁਤ ਮਹੱਤਵਪੂਰਨ ਸਮੱਸਿਆ ਵੱਲ ਧਿਆਨ ਦਿਵਾਉਂਦਾ ਹੈ। ਜਿਸ ਅਦਾਰੇ ਵਿਚ ਵਿਦਿਆਰਥੀ ਵਿੱਦਿਆ ਪ੍ਰਾਪਤ ਕਰਦਾ ਹੈ, ਉਸ ਅਦਾਰੇ ਦੀ ਲਾਇਬ੍ਰੇਰੀ ਵਿਚ ਜਾ ਕੇ ਹੋਰ ਅਧਿਐਨ ਕਰਨ ਲਈ ਜੀਵਨ ਭਰ ਦੀ ਖੁੱਲ੍ਹ ਹੋਣੀ ਚਾਹੀਦੀ ਹੈ। ਲੇਖਕ ਨੇ ਛੋਲਿਆਂ ਦੀ ਦਾਲ ਨੂੰ ਲੱਗੇ ਢੋਰੇ ਦੀ ਵਧੀਆ ਉਦਾਹਰਨ ਦਿੱਤੀ ਹੈ। ਅਧਿਕਾਰੀਆਂ ਅਤੇ ਪ੍ਰਬੰਧਕਾਂ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ।
ਜਗਤਾਰ ਸਿੰਘ ਭੰਗੂ, ਮੱਲਵਾਲਾ (ਬਠਿੰਡਾ)
(2)
ਡਾ. ਦਵਿੰਦਰ ਕੌਰ ਦਾ ਮਿਡਲ ‘ਲਾਇਬ੍ਰੇਰੀ, ਵਿਦਿਆਰਥੀ ਅਤੇ ਮੈਂਬਰਸ਼ਿਪ’ ਪੜ੍ਹਿਆ। ਇਸ ਵਿਸ਼ੇ ’ਤੇ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ। ਲਾਇਬ੍ਰੇਰੀ ’ਚ ਰੱਖੀਆਂ ਕਿਤਾਬਾਂ ਨੂੰ ਘੁਣ ਤਾਂ ਚਾਹੇ ਲੱਗ ਜਾਵੇ ਪਰ ਜਾਰੀ ਨਹੀਂ ਕੀਤੀਆਂ ਜਾਂਦੀਆਂ। ਸਕੂਲਾਂ ਵਿਚ ਲਾਇਬ੍ਰੇਰੀਅਨ ਦੀ ਘਾਟ ਬੱਚਿਆਂ ਦਾ ਸਾਹਿਤ ਨਾਲ ਰਾਬਤਾ ਕਾਇਮ ਕਰਨ ’ਚ ਅੜਿੱਕਾ ਬਣਦੀ ਹੈ ਅਤੇ ਪੜ੍ਹਾਈ ਮੁਕੰਮਲ ਹੋਣ ਪਿੱਛੋਂ ਮਹਿੰਗੀ ਮੈਂਬਰਸ਼ਿਪ! ਸਾਹਿਤ ਸੁੱਤੇ ਸਿੱਧ ਹੀ ਨਰੋਏ ਸਮਾਜ ਦੀ ਸਿਰਜਣਾ ਕਰਨ ਦੀ ਤਾਕਤ ਰੱਖਦਾ ਹੈ। ਇਸ ਗੱਲ ਨੂੰ ਸਰਕਾਰਾਂ ਅਣਗੌਲਿਆ ਕਿਉਂ ਕਰਦੀਆਂ ਹਨ?
ਮਨਦੀਪ ਕੌਰ, ਲੁਧਿਆਣਾ
ਬੁਲਡੋਜ਼ਰਾਂ ਦੀ ਗੜ-ਗੜਾਹਟ ਅਤੇ ਕਲਮ ਦੀ ਆਵਾਜ਼
17 ਜੂਨ ਨੂੰ ਸਵਰਾਜਬੀਰ ਦੇ ਲੇਖ ‘ਬੁਲਡੋਜ਼ਰ-ਸਿਆਸਤ ਤੇ ਬੁਲਡੋਜ਼ਰ-ਰਿਆਸਤ’ ਦੇ ਅਖ਼ੀਰ ਵਿਚ ਜੋ ਨਿਚੋੜ ਕੱਢਿਆ ਹੈ ਕਿ ਉਦਾਸੀ ਦੇ ਆਲਮ ’ਚੋਂ ਗੁਜ਼ਰਦਿਆਂ ਆਸਾਂ ਦੇ ਸੰਸਾਰ ਨੂੰ ਕਾਇਮ ਰੱਖਣ ਦਾ ਰਾਹ, ਦੇਸ਼ ਦੀਆਂ ਜਮਹੂਰੀ ਤਾਕਤਾਂ ਦੀ ਏਕਤਾ ਅਤੇ ਜਨਤਕ ਸੰਘਰਸ਼ ਹੀ ਹਨ। ਇਹ ਤੱਥ ਹੈ ਤਾਂ ਸਹੀ ਪਰ ਜਿਸ ਕਦਰ ਸੱਤਾ ਹਮਾਇਤੀ ਧਿਰਾਂ ਬੁਲਡੋਜ਼ਰਾਂ ਦੀ ਗੜ-ਗੜਾਹਟ ਤੋਂ ਹੋਰ ਅੱਗੇ ਵਧ ਵਧ ਕੇ ਹਮਲਾਵਰ ਹੋ ਰਹੀਆਂ ਹਨ, ਉਸ ਤੋਂ ਜਮਹੂਰੀ ਤਾਕਤਾਂ ਦੀ ਆਵਾਜ਼ ਨਗਾੜਖਾਨੇ ਵਿਚ ਤੂਤੀ ਹੀ ਜਾਪਦੀ ਹੈ। ਹਿੰਸਕ ਹੁੜਦੁੰਗ ਮਚਾਉਣ ਵਾਲਿਆਂ ਨੂੰ ਚਾਰਲੀ ਚੈਪਲਿਨ ਦਾ ਕਥਨ ਕੌਣ ਸਮਝਾਵੇ ਕਿ ਤਾਕਤ ਦੀ ਲੋੜ ਸਿਰਫ਼ ਉਦੋਂ ਹੁੰਦੀ ਹੈ, ਜਦੋਂ ਤੁਸੀਂ ਕਿਸੇ ਦਾ ਨੁਕਸਾਨ ਕਰਨਾ ਹੋਵੇ। ਬਾਕੀ ਦੇ ਕੰਮ ਕਰਨ ਲਈ ਤਾਂ ਪਿਆਰ ਹੀ ਕਾਫ਼ੀ ਹੁੰਦਾ ਹੈ। ਇੰਜ ਹੀ ਹਿੰਸਕ ਪ੍ਰਵਿਰਤੀ ਦੀ ਪੁਸ਼ਤਪਨਾਹੀ ਕਰਨ ਵਾਲੀਆਂ ਰਾਜਸੀ ਧਿਰਾਂ ਨੂੰ ਫਰਾਂਸੀਸੀ ਦਾਰਸ਼ਨਿਕ ਰੂਬਿਨ ਥਿਉਡੋਰੋ ਦਾ ਕਥਨ ਕਿਵੇਂ ਪੜ੍ਹਾਇਆ ਜਾਵੇ ਕਿ ਰਹਿਮ-ਦਿਲੀ ਸਿਆਣਪ ਤੋਂ ਜ਼ਿਆਦਾ ਮਹੱਤਵਪੂਰਨ ਹੁੰਦੀ ਹੈ ਅਤੇ ਇਸ ਗੱਲ ਨੂੰ ਸਮਝ ਲੈਣ ਨਾਲ ਹੀ ਸਿਆਣਪ ਦੀ ਸ਼ੁਰੂਆਤ ਹੁੰਦੀ ਹੈ। ਨਿੱਤ ਦਿਨ ਵਧ ਰਹੀ ਅਜਿਹੀ ਬੇਰਹਿਮੀ ਦੇ ਸਮੇਂ, ਬੀਤੇ ਸਮੇਂ ਜੇਤੂ ਰਹੇ ਕਿਸਾਨ ਸੰਘਰਸ਼ ਵਰਗਾ ਅੰਦੋਲਨ ਹੀ ਸੈਕੂਲਰ ਸੋਚ ਦੀ ਸੁਰਜੀਤੀ ਦਾ ਰਾਹ-ਦਸੇਰਾ ਬਣ ਸਕਦਾ ਹੈ।
ਤਰਲੋਚਨ ਸਿੰਘ ਦੁਪਾਲਪੁਰ, ਕੈਲੀਫੋਰਨੀਆ (ਅਮਰੀਕਾ)