ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 12 ਸਤੰਬਰ
ਨੈਸ਼ਨਲ ਅਲਿਜੀਬਲ ਕਮ ਐਂਟਰੈਂਸ ਟੈਸਟ (ਨੀਟ) ਦੀ ਪ੍ਰੀਖਿਆ ਅੱਜ ਚ਼ਡੀਗੜ੍ਹ ਦੇ 13 ਕੇਂਦਰਾਂ ਵਿੱਚ ਹੋਈ ਜਿਸ ਵਿੱਚ 8421 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ। ਇਸ ਪ੍ਰੀਖਿਆ ਦੌਰਾਨ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ-19 ਵਿੱਚ ਕੈਥਲ ਤੋਂ ਆਏ ਵਿਦਿਆਰਥੀ ਨੂੰ ਬਾਹਰ ਕੱਢ ਦਿੱਤਾ ਗਿਆ ਜਿਸ ਨੇ ਪ੍ਰੀਖਿਆ ਕਰਵਾਉਣ ਵਾਲੇ ਪ੍ਰਬੰਧਕਾਂ ਖ਼ਿਲਾਫ਼ ਰੋਸ ਪ੍ਰਗਟਾਇਆ। ਇਸ ਤੋਂ ਇਲਾਵਾ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਸੈਕਟਰ-18, ਡੀਏਵੀ ਸਕੂਲ ਸੈਕਟਰ-15 ਤੇ ਹੋਰ ਸਕੂਲਾਂ ਵਿੱਚ ਪ੍ਰੀਖਿਆ ਹੋਈ। ਇਹ ਪ੍ਰੀਖਿਆ ਦੁਪਹਿਰ ਦੇ 2 ਵਜੇ ਸ਼ੁਰੂ ਹੋਈ ਤੇ ਸ਼ਾਮ ਦੇ ਪੰਜ ਵਜੇ ਤੱਕ ਚੱਲੀ। ਇਸ ਦੌਰਾਨ ਡੇਢ ਵਜੇ ਤੱਕ ਹੀ ਵਿਦਿਆਰਥੀਆਂ ਨੂੰ ਕੇਂਦਰਾਂ ’ਚ ਅੰਦਰ ਆਉਣ ਦੀ ਇਜਾਜ਼ਤ ਦਿੱਤੀ ਗਈ ਤੇ ਸਮੇਂ ਤੋਂ ਬਾਅਦ ਕਿਸੇ ਵੀ ਵਿਦਿਆਰਥੀ ਨੂੰ ਕੇਂਦਰ ਵਿੱਚ ਆਉਣ ਨਹੀਂ ਦਿੱਤਾ ਗਿਆ। ਕਈ ਕੇਂਦਰਾਂ ਦੇ ਬਾਹਰ ਗੱਡੀਆਂ ਦੀਆਂ ਕਤਾਰਾਂ ਲੱਗਣ ਕਾਰਨ ਆਵਾਜਾਈ ਵੀ ਪ੍ਰਭਾਵਿਤ ਹੋਈ। ਸੈਕਟਰ-19 ਦੇ ਸਕੂਲ ’ਚ ਉਸ ਵੇਲੇ ਹੰਗਾਮਾ ਹੋਇਆ ਜਦੋਂ ਕੈਥਲ ਦੇ ਅਮਨ ਕੁੰਡੂ ਨੂੰ ਕੇਂਦਰ ਵਿੱਚੋਂ ਬਾਹਰ ਕੱਢ ਦਿੱਤਾ ਗਿਆ। ਅਮਨ ਕੁੰਡੂ ਨੇ ਦੱਸਿਆ ਕਿ ਉਸ ਨੂੰ ਕਿਹਾ ਗਿਆ ਕਿ ਉਸ ਦਾ ਆਧਾਰ ਕਾਰਡ ਉਸ ਦੀ ਤਸਵੀਰ ਨਾਲ ਮੇਲ ਨਹੀਂ ਖਾਂਦਾ।
ਅਮਨ ਕੁੰਡੂ ਦੀ ਕੇਂਦਰ ਵਿੱਚ ਹੀ ਤਸਵੀਰ ਖਿਚਵਾਈ ਗਈ ਪਰ ਫੇਰ ਵੀ ਗੱਲ ਨਹੀਂ ਬਣੀ। ਕੇਂਦਰ ਦੇ ਬਾਹਰ ਅਮਨ ਨੇ ਦੱਸਿਆ ਕਿ ਉਸ ਕੋਲ ਸਾਰੇ ਦਸਤਾਵੇਜ਼ ਹਨ ਤੇ ਉਸ ਨੇ ਕੁਝ ਸਮਾਂ ਪਹਿਲਾਂ ਹੀ ਆਧਾਰ ਕਾਰਡ ਅਪਡੇਟ ਕੀਤਾ ਸੀ ਪਰ ਉਸ ਨੂੰ ਪ੍ਰੀਖਿਆ ਨਹੀਂ ਦੇਣ ਦਿੱਤੀ ਗਈ। ਉਸ ਨੇ ਆਪਣਾ ਮੋਬਾਈਲ ਨੰਬਰ ਦਿੰਦਿਆਂ ਕਿਹਾ ਕਿ ਉਹ ਧੋਖੇਬਾਜ਼ ਨਹੀਂ ਹੈ ਸਗੋਂ ਡੇਢ ਸੌ ਕਿਲੋਮੀਟਰ ਦੂਰੋਂ ਨੀਟ ਦੀ ਪ੍ਰੀਖਿਆ ਦੇਣ ਆਇਆ ਹੈ। ਉਸ ਨੇ ਦੋਸ਼ ਲਾਇਆ ਕਿ ਉਸ ਦੀ ਗੱਲ ਸੁਣਨ ਦੀ ਬਜਾਏ ਕੇਂਦਰ ਦੇ ਪ੍ਰਬੰਧਕਾਂ ਨੇ ਧਮਕੀ ਦਿੱਤੀ ਕਿ ਜੇ ਉਹ ਬਾਹਰ ਨਹੀਂ ਗਿਆ ਤਾਂ ਉਸ ਖ਼ਿਲਾਫ਼ ਐੱਫਆਈਆਰ ਦਰਜ ਕਰਵਾ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਹੋਰ ਕੇਂਦਰਾਂ ਵਿੱਚ ਵੀ ਦਾਖਲ ਨਾ ਹੋਣ ਦੀਆਂ ਇਕ ਦੋ ਘਟਨਾਵਾਂ ਵਾਪਰੀਆਂ।
ਕੜਾ ਲੁਹਾਉਣ ’ਤੇ ਵਿਦਿਆਰਥੀ ਦੇ ਪਿਤਾ ਨੇ ਇਤਰਾਜ਼ ਜਤਾਇਆ
ਸੈਕਟਰ-19 ਦੇ ਕੇਂਦਰ ਵਿੱਚ ਹੀ ਇਕ ਸਿੱਖ ਨੌਜਵਾਨ ਨੂੰ ਕੇਂਦਰ ਅੰਦਰ ਜਾਣ ਨਹੀਂਂ ਦਿੱਤਾ ਗਿਆ, ਇਸ ਦਾ ਕਾਰਨ ਉਸ ਨੇ ਕੜਾ ਪਾਇਆ ਹੋਇਆ ਸੀ। ਇਸ ਤੋਂ ਬਾਅਦ ਉਸ ਦੇ ਪਿਤਾ ਨੇ ਇਤਰਾਜ਼ ਜਤਾਇਆ ਤਾਂ ਵੀ ਕੇਂਦਰ ਵਿਚਲੇ ਅਧਿਕਾਰੀ ਨਹੀਂ ਮੰਨੇ ਤੇ ਉਸ ਨੂੰ ਕੜਾ ਲੁਹਾ ਕੇ ਹੀ ਅੰਦਰ ਜਾਣ ਦਿੱਤਾ ਗਿਆ। ਇਸੇ ਕੇਂਦਰ ’ਚ ਇਕ ਹੋਰ ਵਿਦਿਆਰਥੀ ਆਇਆ ਤੇ ਉਸ ਨੂੰ ਵੀ ਕੜਾ ਲੁਹਾਉਣ ਬਾਰੇ ਕਿਹਾ ਗਿਆ ਪਰ ਕੜਾ ਤੰਗ ਹੋਣ ਕਾਰਨ ਨਹੀਂ ਉਤਰਿਆ ਜਿਸ ਦੇ ਨਤੀਜੇ ਵਜੋਂ ਉਸ ਦੇ ਕੜੇ ’ਤੇ ਟੇਪ ਲਾ ਦਿੱਤੀ ਗਈ। ਪਹਿਲਾਂ ਵਾਲੇ ਨੌਜਵਾਨ ਦੇ ਪਿਤਾ ਤਜਿੰਦਰ ਸਿੰਘ ਨੇ ਦੋਸ਼ ਲਾਇਆ ਕਿ ਇਸ ਕੇਂਦਰ ’ਚ ਵਿਦਿਆਰਥੀ ਭੇਜਣ ਵਿੱਚ ਪੱਖਪਾਤ ਕੀਤਾ ਗਿਆ। ਕਈ ਵਿਦਿਆਰਥਣਾਂ ਦੇ ਗਹਿਣੇ ਉਤਰਵਾਏ ਗਏ ਪਰ ਕਈਆਂ ਨੂੰ ਗਹਿਣਿਆਂ ਸਣੇ ਹੀ ਅੰਦਰ ਜਾਣ ਦਿੱਤਾ ਗਿਆ।