ਗਗਨਦੀਪ ਅਰੋੜਾ
ਲੁਧਿਆਣਾ, 11 ਨਵੰਬਰ
ਗੋਲੀ ਚਲਾ ਤੇ ਹਥਿਆਰਾਂ ਵਿਖਾ ਕੇ ਰਾਹਗੀਰਾਂ ਤੋਂ ਲੁੱਟਖੋਹ ਕਰਨ ਵਾਲੇ ਮੁਲਜ਼ਮ ਨਸ਼ਾ ਕਰਨ ਦੇ ਲਈ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਨਸ਼ਾ ਕਰਨ ਦੇ ਲਈ ਉਹ ਮੌਕਾ ਦੇਖ ਕੇ ਰਾਹਗੀਰ ਤੋਂ ਲੁੱਟਖੋਹ ਕਰਦੇ ਅਤੇ ਲੁੱਟ ਦਾ ਸਾਮਾਨ ਸਸਤੇ ਭਾਅ ’ਤੇ ਵੇਚ ਦਿੰਦੇ ਸਨ, ਜੋ ਪੈਸੇ ਮਿਲਦੇ ਸਨ, ਉਹ ਉਸ ਨਾਲ ਨਸ਼ੇ ਕਰਦੇ ਸਨ। ਡਵੀਜ਼ਨ ਤਿੰਨ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੇ ਕਬਜ਼ੇ ’ਚੋਂ ਪੁਲੀਸ ਨੇ ਪਿਸਤੌਲ, ਡਮੀ ਪਿਸਤੌਲ, ਏਅਰਗਨ ਤੇ ਹੋਰ ਹਥਿਆਰਾਂ ਨਾਲ ਵਾਰਦਾਤਾਂ ’ਚ ਵਰਤੇ ਜਾਣ ਵਾਲਾ ਦੋ ਪਹੀਆ ਵਾਹਨ ਵੀ ਬਰਾਮਦ ਕੀਤੇ ਹਨ। ਇਸ ਮਾਮਲੇ ’ਚ ਪੁਲੀਸ ਨੇ ਸ਼ਿਮਲਾਪੁਰੀ ਸਥਿਤ ਜੁਝਾਰ ਨਗਰ ਵਾਸੀ ਗਗਨਦੀਪ ਸਿੰਘ, ਗੁਰੂ ਗੋਬਿੰਦ ਸਿੰਘ ਨਗਰ ਵਾਸੀ ਦੀਪਕ ਕੁਮਾਰ, ਪ੍ਰੀਤ ਨਗਰ ਵਾਸੀ ਅਮਨਜੋਤ ਸਿੰਘ, ਪਿੰਡ ਗੌਂਸਗੜ੍ਹ ਵਾਸੀ ਕੁਲਵਿੰਦਰ ਸਿੰਘ, ਜਮਾਲਪੁਰ ਸਥਿਤ ਹਾਊਸਿੰਗ ਬੋਰਡ ਕਲੋਨੀ ਵਾਸੀ ਬਿਰਕਮਜੀਤ ਸਿੰਘ, ਝਾਬੇਵਾਲ ਸਥਿਤ ਗੁਰੂ ਨਾਨਕ ਕਲੋਨੀ ਵਾਸੀ ਲਵਦੀਪ ਸਿੰਘ ਤੇ ਰਾਮ ਨਗਰ ਵਾਸੀ ਸ਼ਿਵ ਕੁਮਾਰ ਦੇ ਖਿਲਾਫ਼ ਮਾਮਲਾ ਤਾਂ ਦਰਜ ਕੀਤਾ ਹੀ ਹੈ, ਨਾਲ ਹੀ ਮੁਲਜ਼ਮਾਂ ਤੋਂ ਰਿਮਾਂਡ ’ਤੇ ਪੁੱਛਗਿਛ ਵੀ ਸ਼ੁਰੂ ਕਰ ਦਿੱਤੀ ਹੈ। ਪੁਲੀਸ ਕਮਿਸ਼ਨਰ ਰਾਕੇਸ਼ ਅਗਰਵਾਲ ਪੱਤਰਕਾਰ ਮਿਲਣੀ ਦੌਰਾਨ ਦੱਸਿਆ ਕਿ ਪੁਲੀਸ ਪਾਰਟੀ ਨੇ ਸੂਚਨਾ ਦੇ ਆਧਾਰ ’ਤੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਮੁਲਜ਼ਮਾਂ ਤੋਂ ਪੁੱਛਗਿਛ ਦੌਰਾਨ ਪਤਾ ਲੱਗਿਆ ਕਿ ਮੁਲਜ਼ਮਾਂ ਨੇ ਸਨਅਤੀ ਸ਼ਹਿਰ ’ਚ ਵੱਖ-ਵੱਖ ਥਾਵਾਂ ’ਤੇ ਕਰੀਬ 28 ਵਾਰਦਾਤਾਂ ਕੀਤੀਆਂ ਹਨ। ਮੁਲਜ਼ਮਾਂ ਨੇ ਕਈ ਥਾਵਾਂ ’ਤੇ ਲੁੱਟਖੋਹ ਤੇ ਕਈ ਲੋਕਾਂ ਨੂੰ ਜ਼ਖਮੀ ਕਰ ਮੋਬਾਈਲ ਤੇ ਕੈਸ਼ ਸਣੇ ਹੋਰ ਸਾਮਾਨ ਵੀ ਲੁੱਟਿਆ ਹੈ। ਪੁਲੀਸ ਅਨੁਸਾਰ ਮੁਲਜ਼ਮਾਂ ਦੇ ਖਿਲਾਫ਼ ਪਹਿਲਾਂ ਵੀ ਕਈ ਥਾਣਿਆਂ ’ਚ ਕੇਸ ਦਰਜ ਹਨ। ਮੁਲਜ਼ਮ ਹਰ ਵਾਰ ਜੇਲ੍ਹ ’ਚੋਂ ਬਾਹਰ ਆ ਕੇ ਇਕੱਠੇ ਹੋ ਜਾਂਦੇ ਸਨ ਅਤੇ ਉਸ ਤੋਂ ਬਾਅਦ ਮੁਲਜ਼ਮ ਫਿਰ ਤੋਂ ਵਾਰਦਾਤਾਂ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੰਦੇ ਸਨ। ਲੋਕਾਂ ਤੋਂ ਸਾਮਾਨ ਲੁੱਟਣ ਤੋਂ ਬਾਅਦ ਮੁਲਜ਼ਮ ਉਸਨੂੰ ਵੇਚ ਦਿੰਦੇ ਸਨ ਤੇ ਨਸ਼ਾ ਕਰਦੇ ਸਨ। ਮੁਲਜ਼ਮਾਂ ਦੀ ਪਿਛਲੇਂ ਕਾਫ਼ੀ ਸਮੇਂ ਤੋਂ ਪੁਲੀਸ ਨੂੰ ਭਾਲ ਸੀ।