ਤਹਿਰਾਨ, 30 ਨਵੰਬਰ
ਇਰਾਨ ਦੇ ਇਕ ਸਿਖ਼ਰਲੇ ਸੁਰੱਖਿਆ ਅਧਿਕਾਰੀ ਨੇ ਅੱਜ ਇਜ਼ਰਾਈਲ ’ਤੇ ਦੋਸ਼ ਲਗਾਇਆ ਕਿ ਉਸ ਨੇ ਇਸਲਾਮਿਕ ਗਣਰਾਜ ਇਰਾਨ ਵਿੱਚ 2000 ’ਚ ਫ਼ੌਜੀ ਪਰਮਾਣੂ ਪ੍ਰੋਗਰਾਮ ਦੀ ਸਥਾਪਨਾ ਕਰਨ ਵਾਲੇ ਵਿਗਿਆਨੀ ਮੋਹਸਿਨ ਫ਼ਖ਼ਰੀਜ਼ਦੇਹ ਨੂੰ ਇਕ ਹਮਲੇ ’ਚ ਕਤਲ ਕਰ ਦਿੱਤਾ। ਦੇਸ਼ ਦੀ ਕੌਮੀ ਸੁਰੱਖਿਆ ਕੌਂਸਲ ਦੇ ਸਕੱਤਰ ਅਲੀ ਸ਼ਮਖਾਨੀ ਨੇ ਇਹ ਗੱਲ ਵਿਗਿਆਨੀ ਫ਼ਖ਼ਰੀਜ਼ਦੇਹ ਨੂੰ ਸਪੁਰਦ-ਏ-ਖ਼ਾਕ ਕਰਨ ਮੌਕੇ ਆਖੀ।
ਉੱਧਰ, ਇਰਾਨ ਦੇ ਰੱਖਿਆ ਮੰਤਰੀ ਨੇ ਫ਼ਖ਼ਰੀਜ਼ਦੇਹ ਦੇ ਕੰਮ ਨੂੰ ਅੱਗੇ ਵੀ ਵਧੇਰੇ ਤੇਜ਼ੀ ਤੇ ਵਧੇਰੀ ਊਰਜਾ ਨਾਲ ਜਾਰੀ ਰੱਖਣ ਦੀ ਵਚਨਬੱਧਤਾ ਦੁਹਰਾਈ। ਜ਼ਿਕਰਯੋਗ ਹੈ ਕਿ ਫ਼ਖ਼ਰੀਜ਼ਦੇਹ ਇਰਾਨ ਦੇ ਕਥਿਤ ਐਮੇਡ ਪ੍ਰੋਗਰਾਮ ਦੀ ਅਗਵਾਈ ਕਰਦਾ ਸੀ, ਜਿਸ ਨੂੰ ਇਜ਼ਰਾਈਲ ਤੇ ਪੱਛਮੀ ਦੇਸ਼ਾਂ ਵੱਲੋਂ ਇਕ ਫ਼ੌਜੀ ਕਾਰਵਾਈ ਦੱਸਿਆ ਜਾਂਦਾ ਹੈ ਜੋ ਕਿ ਪਰਮਾਣੂ ਹਥਿਆਰ ਬਣਾਉਣ ਸਬੰਧੀ ਹੈ। ਵਿਗਿਆਨੀ ਨੂੰ ਸਪੁਰਦ-ਏ-ਖ਼ਾਕ ਕੀਤੇ ਜਾਣ ਦਾ ਸਿੱਧਾ ਪ੍ਰਸਾਰਣ ਸਰਕਾਰੀ ਟੀਵੀ ’ਤੇ ਕੀਤਾ ਗਿਆ। ਇਰਾਨ ਦੀ ਰਾਜਧਾਨੀ ਤਹਿਰਾਨ ਵਿੱਚ ਰੱਖਿਆ ਮੰਤਰਾਲੇ ਦੇ ਬਾਹਰਲੇ ਖੇਤਰ ਵਿੱਚ ਫ਼ਖ਼ਰੀਜ਼ਦੇਹ ਦੀਆਂ ਅੰਤਿਮ ਰਸਮਾਂ ਕੀਤੀਆਂ ਗਈਆਂ। ਵਿਗਿਆਨੀ ਨੂੰ ਗਾਰਡ ਆਫ਼ ਆਨਰ ਵੀ ਦਿੱਤਾ ਗਿਆ। ਇਸ ਮੌਕੇ ਰੱਖਿਆ ਮੰਤਰੀ ਜਨਰਲ ਆਮਿਰ ਹਤਾਮੀ ਤੋਂ ਇਲਾਵਾ ਕਈ ਸੀਨੀਅਰ ਅਧਿਕਾਰੀ ਹਾਜ਼ਰ ਸਨ, ਜਿਨ੍ਹਾਂ ਨੇ ਕਰੋਨਾਵਾਇਰਸ ਮਹਾਮਾਰੀ ਦੇ ਮੱਦੇਨਜ਼ਰ ਇਕ-ਦੂਜੇ ਤੋਂ ਦੂਰੀ ਬਣਾਈ ਹੋਈ ਸੀ। -ਏਪੀ