ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 11 ਨਵੰਬਰ
ਹਰਿਆਣਾ ਦੇ ਖੇਡ ਤੇ ਯੁਵਾ ਮਾਮਲਿਆਂ ਦੇ ਮੰਤਰੀ ਸੰਦੀਪ ਸਿੰਘ ਨੇ ਕਰੋਨਾ ਨਾਲ ਜੰਗ ਵਿਚ ਮੀਡੀਆ ਦੀ ਭੂਮਿਕਾ ਦੀ ਸਰਾਹਨਾ ਕਰਦੇ ਹੋਏ ਕਿਹਾ ਹੈ ਕਿ ਕੋਵਿਡ 19 ਜਿਹੇ ਮੁਸ਼ਕਿਲ ਹਾਲਾਤ ਵਿਚ ਪੱਤਰਕਾਰਾਂ ਨੇ ਅਹਿਮ ਭੂਮਿਕਾ ਨਿਭਾਈ ਹੈ। ਖੇਡ ਮੰਤਰੀ ਅੱਜ ਭਾਰਤੀਯ ਪੱਤਰਕਾਰ ਕਲਿਆਣ ਮੰਚ ਤੇ ਹਰਿਆਣਾ ਪੱਤਰਕਾਰ ਕਲਿਆਣ ਮੰਚ ਦੇ ਸਾਂਝੇ ਉਦਮ ਨਾਲ ਸ੍ਰੀ ਕ੍ਰਿਸ਼ਨਾ ਮਿਊਜ਼ੀਅਮ ਵਿਚ ਦੀਵਾਲੀ ਮਿਲਣ ਸਮਾਰੋਹ ਵਿਚ ਬਤੌਰ ਮੁੱਖ ਮਹਿਮਾਨ ਸੰਬੋਧਨ ਕਰ ਰਹੇ ਸਨ। ਇਸ ਤੋਂ ਪਹਿਲਾਂ ਉਨ੍ਹਾਂ ਦੀਪ ਜਲਾ ਕੇ ਸਮਾਰੋਹ ਦਾ ਸ਼ੁਭ ਆਰੰਭ ਕੀਤਾ। ਖੇਡ ਮੰਤਰੀ ਨੇ ਕਿਹਾ ਕਿ ਪਿਛਲੇ ਕੁਝ ਮਹੀਨਿਆਂ ਵਿੱਚ ਭਾਰਤ ਸਮੇਤ ਪੂਰਾ ਵਿਸ਼ਵ ਕਰੋਨਾ ਨਾਲ ਜੂਝ ਰਿਹਾ ਹੈ। ਉਨ੍ਹਾਂ ਕਿਹਾ ਕਿ ਪੱਤਰਕਾਰ ਆਪਣੀ ਸਮਾਜਿਕ ਜ਼ਿੰਮੇਵਾਰੀ ਨਿਭਾਉਂਦੇ ਹੋਏ ਹਮੇਸ਼ਾ ਸਕਾਰਤਮਕ ਸੋਚ ਨਾਲ ਕੰਮ ਕਰਨ। ਉਨ੍ਹਾਂ ਆਪਣੇ ਨਿੱਜੀ ਫੰਡ ਵਿੱਚੋਂ ਮੰਚ ਨੂੰ ਡੇਢ ਲੱਖ ਰੁਪਏ ਦੇਣ ਦੀ ਘੋਸ਼ਣਾ ਕੀਤੀ। ਮੰਚ ਦੇ ਰਾਸ਼ਟਰੀ ਪ੍ਰਧਾਨ ਪਵਨ ਆਸ਼ਰੀ ਨੇ ਮੰਚ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ।