ਪੱਤਰ ਪ੍ਰੇਰਕ
ਬਨੂੜ, 31 ਅਕਤੂਬਰ
ਇੱਥੋਂ ਦੀ ਨਗਰ ਕੌਂਸਲ ਵਿੱਚ ਮਿਆਦ ਪੁੱਗੀ ਪਾਣੀ ਦੀ ਟੈਂਕੀ ਨੂੰ ਡੇਗਣ ਸਮੇਂ ਨੁਕਸਾਨੀ ਗਈ ਪੀਣ ਵਾਲੇ ਪਾਣੀ ਦੀ ਲਾਈਨ ਦੀ ਮੁਰੰਮਤ ਹੋ ਗਈ ਹੈ। ਇਸ ਨਾਲ ਪਿਛਲੇ ਇੱਕ ਹਫ਼ਤੇ ਤੋਂ ਸ਼ਹਿਰ ਦੇ ਵਾਰਡ ਨੰਬਰ ਨੌਂ ਦੇ ਕਾਕੜਾ ਬਸੀ ਮੁਹੱਲੇ ਵਿੱਚ ਪਾਣੀ ਦੀ ਠੱਪ ਪਈ ਸਪਲਾਈ ਬਹਾਲ ਹੋ ਗਈ ਹੈ। ਉਕਤ ਮੁਹੱਲੇ ਦੇ ਵਸਨੀਕ ਪਾਣੀ ਦੀ ਘਾਟ ਨਾਲ ਜੂਝ ਰਹੇ ਸਨ ਤੇ ਨਗਰ ਕੌਂਸਲ ਵੱਲੋਂ ਨਵੇਂ ਟਿਊਬਵੈੱਲ ਤੋਂ ਜਨਰੇਟਰ ਰਾਹੀਂ ਪਾਣੀ ਮੁਹੱਈਆ ਕਰਾਉਣ ਦੇ ਬਾਵਜੂਦ ਲੋਕਾਂ ਨੂੰ ਰੇਹੜੀਆਂ ਉੱਤੋਂ ਦੂਰ-ਦੁਰੇਡੇ ਦੇ ਵਾਰਡਾਂ ਵਿੱਚੋਂ ਪਾਣੀ ਢੋਣਾ ਪੈ ਰਿਹਾ ਸੀ।
ਕਾਕੜਾ ਬਸੀ ਦੇ ਵਸਨੀਕਾਂ ਦੀ ਇਸ ਸਮੱਸਿਆ ਸਬੰਧੀ ‘ਪੰਜਾਬੀ ਟ੍ਰਿਬਿਊਨ’ ਵਿੱਚ ਅੱਜ ਵਿਸਥਾਰਿਤ ਰਿਪੋਰਟ ਪ੍ਰਕਾਸ਼ਿਤ ਹੋਈ ਸੀ। ਐਤਵਾਰ ਦੀ ਛੁੱਟੀ ਦੇ ਬਾਵਜੂਦ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਬਲਜਿੰਦਰ ਸਿੰਘ ਨੇ ਅੱਜ ਆਪਣੀ ਨਿਗਰਾਨੀ ਹੇਠ ਪਾਣੀ ਦੀ ਲਾਈਨ ਦੀ ਮੁਰੰਮਤ ਦੇ ਚੱਲ ਰਹੇ ਕੰਮ ਨੂੰ ਨੇਪਰੇ ਚੜ੍ਹਵਾਇਆ।
ਈਓ ਨੇ ਦੱਸਿਆ ਕਿ ਲਾਈਨ ਠੀਕ ਹੋਣ ਨਾਲ ਵਾਰਡ ਨੰਬਰ ਨੌਂ ਦੇ ਵਸਨੀਕਾਂ ਨੂੰ ਹੁਣ ਪੀਣ ਵਾਲਾ ਪਾਣੀ ਪਹਿਲਾਂ ਵਾਂਗ ਮਿਲਦਾ ਰਹੇਗਾ। ਉਨ੍ਹਾਂ ਦੱਸਿਆ ਕਿ ਸਬੰਧਿਤ ਵਾਰਡ ਦੇ ਪਾਣੀ ਲਈ ਇੱਕ ਹੋਰ ਨਵਾਂ ਟਿਊਬਵੈੱਲ ਲਗਾਇਆ ਗਿਆ ਹੈ, ਜਿਸ ਦਾ ਬਿਜਲੀ ਦਾ ਕੁਨੈਕਸ਼ਨ ਅਪਲਾਈ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਕੁਨੈਕਸ਼ਨ ਮਿਲਦੇ ਸਾਰ ਹੀ ਇਹ ਟਿਊਬਵੈੱਲ ਵੀ ਚਾਲੂ ਹੋ ਜਾਵੇਗਾ ਅਤੇ ਸ਼ਹਿਰ ਵਿੱਚ ਪਾਣੀ ਦੀ ਕੋਈ ਕਮੀ ਨਹੀਂ ਰਹੇਗੀ। ਮੁਹੱਲਾ ਵਾਸੀਆਂ ਨੇ ਸਮੱਸਿਆ ਨੂੰ ਉਭਾਰਨ ਲਈ ਅਦਾਰਾ ਪੰਜਾਬੀ ਟ੍ਰਿਬਿਊਨ ਦਾ ਧੰਨਵਾਦ ਕੀਤਾ ਹੈ।