ਲਖਨਊ, 19 ਅਗਸਤ
ਬਸਪਾ ਮੁਖੀ ਮਾਇਆਵਤੀ ਨੇ ਅੱਜ ਉੱਤਰ ਪ੍ਰਦੇਸ਼ ਦੀ ਭਾਜਪਾ ਸਰਕਾਰ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਸੂਬੇ ਵਿੱਚ ‘ਜੰਗਲ ਰਾਜ’ ਚੱਲ ਰਿਹਾ ਹੈ ਅਤੇ ਵਿਕਾਸ ਦਾ ਪਾਇਆ ਜਾ ਰਿਹਾ ਰੌਲਾ ਸਿਰਫ ਧੋਖਾ ਹੈ। ਮਾਇਆਵਤੀ ਨੇ ਟਵੀਟ ਕੀਤਾ, ‘‘ਬਾਂਦਾ ਜ਼ਿਲ੍ਹੇ ਵਿੱਚ ਯਮੁਨਾ ਨਦੀ ’ਤੇ ਕਈ ਸਾਲਾਂ ਤੋਂ ਪੁਲ ਅਧੂਰਾ ਰਹਿਣ ਕਾਰਨ ਵਾਪਰੇ ਕਿਸ਼ਤੀ ਹਾਦਸੇ ਵਿੱਚ ਕਈ ਲੋਕਾਂ ਦੀ ਮੌਤ, ਹਾਪੁੜ ’ਚ ਪੇਸ਼ੀ ’ਤੇ ਆਏ ਮੁਲਜ਼ਮ ਦੀ ਦਿਨ ਦਿਹਾੜੇ ਹੱਤਿਆ ਅਤੇ ਹੁਣ ਹਮੀਰਪੁਰ ਵਿੱਚ ਸਮੂਹਿਕ ਜਬਰ-ਜਨਾਹ ਦੀ ਦਰਦਨਾਕ ਘਟਨਾ ਸਾਬਤ ਕਰਦੀ ਹੈ ਕਿ ਯੂਪੀ ਵਿੱਚ ਜੰਗਲ ਰਾਜ ਹੈ ਅਤੇ ਵਿਕਾਸ ਦਾ ਪਾਇਆ ਜਾ ਰਿਹਾ ਰੌਲਾ ਸਿਰਫ ਧੋਖਾ ਹੈੈ।’’ ਇੱਕ ਹੋਰ ਟਵੀਟ ਵਿੱਚ ਉਨ੍ਹਾਂ ਕਿਹਾ, ‘‘ਯੂਪੀ ਵਿੱਚ ਅਪਰਾਧਿਕ ਤੱਤਾਂ ਦੀ ਵੱਧ ਰਹੀ ਨਿਡਰਤਾ ਮਾੜੀ ਕਾਨੂੰਨ ਵਿਵਸਥਾ ਦਾ ਸਬੂਤ ਹੈ। ਇਨ੍ਹਾਂ (ਭਾਜਪਾ ਸਰਕਾਰ) ਦਾ ਵਿਕਾਸ ਵੀ ਕੁੱਝ ਖਾਸ ਜ਼ਿਲ੍ਹਿਆਂ ਤੱਕ ਹੀ ਸੀਮਤ ਹੈ ਜਦਕਿ ਯੂਪੀ ਦੇ ਹਰ ਇਲਾਕੇ ਵਿੱਚ ਗਰੀਬੀ ਅਤੇ ਬੇਰੁਜ਼ਗਾਰੀ ਹੈ। ਸਰਕਾਰ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ।’’ ਜ਼ਿਕਰਯੋਗ ਹੈ ਕਿ ਬਾਂਦਾ ਜ਼ਿਲ੍ਹੇ ਦੇ ਸਮਗਰਾ ਪਿੰਡ ’ਚ 11 ਅਗਸਤ ਨੂੰ ਕਿਸ਼ਤੀ ਪਲਟਣ ਕਾਰਨ 11 ਵਿਅਕਤੀਆਂ ਦੀ ਮੌਤ ਹੋ ਗਈ ਸੀ। -ਪੀਟੀਆਈ