ਨਵੀਂ ਦਿੱਲੀ, 2 ਮਾਰਚ
ਯੂਕਰੇਨ ਵਿੱਚਲੇ ਭਾਰਤੀ ਸਫਾਰਤਖ਼ਾਨੇ ਵੱਲੋਂ ਐਡਵਾਇਜ਼ਰੀ ਜਾਰੀ ਕੀਤੇ ਜਾਣ ਬਾਅਦ ਲਗਪਗ 17,000 ਭਾਰਤੀ ਨਾਗਰਿਕ ਯੂਕਰੇਨ ਛੱਡ ਚੁੱਕੇ ਹਨ। ਵਿਦੇਸ਼ ਮੰਤਰਾਲੇ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ, “ਅਸੀਂ ਹੁਣ ਅੰਦਾਜ਼ਾ ਲਗਾਇਆ ਹੈ ਕਿ ਜਨਵਰੀ ਦੇ ਆਖਰੀ ਹਫ਼ਤੇ ਵਿੱਚ ਐਡਵਾਇਜ਼ਰੀ ਜਾਰੀ ਕੀਤੇ ਜਾਣ ਤੋਂ ਬਾਅਦ ਲਗਪਗ 17,000 ਭਾਰਤੀ ਨਾਗਰਿਕ ਯੂਕਰੇਨ ਦੀ ਸਰਹੱਦ ਛੱਡ ਚੁੱਕੇ ਹਨ।’’ ਉਨ੍ਹਾਂ ਕਿਹਾ ਕਿ ਕੀਵ ਵਿੱਚਲੇ ਸਫਾਰਤਖ਼ਾਨੇ ਨੂੰ ਭਾਰਤੀ ਨਾਗਰਿਕਾਂ ਨੂੰ ਸਰਹੱਦ ਪਾਰ ਕਰਾਉਣ ਵਿੱਚ ਮਦਦ ਲਈ ਲਵੀਵ ਵਿੱਚ ਇੱਕ ਅਸਥਾਈ ਦਫਤਰ ਸਥਾਪਤ ਕਰਨ ਲਈ ਕਿਹਾ ਗਿਆ ਹੈ।’’
ਬਾਗਚੀ ਨੇ ਕਿਹਾ ਕਿ ਜਿਨ੍ਹਾਂ ਭਾਰਤੀਆਂ ਦੇ ਪਾਸਪੋਰਟ ਗੁੰਮ ਹੋ ਗਏ ਹਨ, ਉਨ੍ਹਾਂ ਨੂੰ ਐਮਰਜੈਂਸੀ ਸਰਟੀਫਿਕੇਟ ਜਾਰੀ ਕਰਨ ਲਈ ਇੱਕ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ , ਜਿਸ ਨਾਲ ਵੱਡੀ ਗਿਣਤੀ ਭਾਰਤੀ ਵਿਦਿਆਰਥੀਆਂ ਨੂੰ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਇਸ ਉਦੇਸ਼ ਲਈ ਸਫਾਰਤਖਾਨੇ ਦੀ ਟੀਮ ਲਵੀਵ ਵਿੱਚ ਹੈ।
ਉਨ੍ਹਾਂ ਕਿਹਾ, “ਅਸੀਂ ਉੱਥੇ ਫਸੇ ਨਾਗਰਿਕਾਂ ਨੂੰ ਕੱਢਣ ਲਈ ਪੂਰਬੀ ਯੂਕਰੇਨ ਤੱਕ ਪਹੁੰਚਣ ਦੇ ਬਦਲ ਲੱਭ ਰਹੇ ਹਾਂ। ਅਸੀਂ ਦੇਖ ਰਹੇ ਹਾਂ ਕਿ ਕੀ ਸਾਡੀਆਂ ਟੀਮਾਂ ਉੱਥੇ ਪਹੁੰਚ ਸਕਦੀਆਂ ਹਨ, ਇਹ ਆਸਾਨ ਨਹੀਂ ਹੈ, ਕਿਉਂਕਿ ਇਹ ਰਾਹ ਹਰ ਸਮੇਂ ਖੁੱਲ੍ਹਾ ਨਹੀਂ ਰਹਿੰਦਾ। ’’ ਉਨ੍ਹਾਂ ਨੇ ਪੰਜਾਬ ਦੇ ਬਰਨਾਲਾ ਦੇ ਭਾਰਤੀ ਵਿਦਿਆਰਥੀ ਚੰਦਨ ਜਿੰਦਲ ਦੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ, ਜਿਸ ਦੀ ਕੁਦਰਤੀ ਕਾਰਨਾਂ ਕਰਕੇ ਯੂਕਰੇਨ ਵਿੱਚ ਮੌਤ ਹੋ ਗਈ ਸੀ। –ਆਈਏਐਨਐਸ