ਨਵੀਂ ਦਿੱਲੀ, 17 ਅਪਰੈਲ
ਦਿੱਲੀ ਦੇ ਉਪਹਾਰ ਸਿਨੇਮਾ ਹਾਲ ਵਿੱਚ ਐਤਵਾਰ ਸਵੇਰੇ ਅੱਗ ਲੱਗ ਗਈ। ਅਧਿਕਾਰੀਆਂ ਨੇ ਦੱਸਿਆ ਕਿ ਥੀਏਟਰ ਦੀ ਬਾਲਕੋਨੀ ਅਤੇ ਇੱਕ ਹੋਰ ਥਾਂ ਲੱਗੀ ਅੱਗ ਕਾਰਨ ਕਿਸੇ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ। ਦਿੱਲੀ ਫਾਇਰ ਸਰਵਿਸ ਦੇ ਡਾਇਰੈਕਟਰ ਅਤੁਲ ਗਰਗ ਨੇ ਦੱਸਿਆ ਕਿ ਤੜਕੇ 4:46 ‘ਤੇ ਅੱਗ ਲੱਗਣ ਦੀ ਸੂਚਨਾ ਮਿਲੀ ਅਤੇ 9 ਫਾਇਰ ਟੈਂਡਰ ਮੌਕੇ ‘ਤੇ ਪਹੁੰਚ ਗਏ। ਉਨ੍ਹਾਂ ਦੱਸਿਆ ਕਿ ਸਿਨੇਮਾ ਹਾਲ ਦੀਆਂ ਸੀਟਾਂ, ਫਰਨੀਚਰ ਅਤੇ ਕੂੜੇ ਨੂੰ ਅੱਗ ਲੱਗ ਗਈ ਸੀ ਅਤੇ ਸਵੇਰੇ 7.20 ਵਜੇ ਅੱਗ ‘ਤੇ ਕਾਬੂ ਪਾਇਆ ਗਿਆ। ਇਹ ਉਹੀ ਥੀਏਟਰ ਹੈ ਜਿੱਥੇ 13 ਜੂਨ 1997 ਨੂੰ ਭਿਆਨਕ ਅੱਗ ਲੱਗਣ ਦੀ ਘਟਨਾ ਵਿੱਚ 59 ਲੋਕਾਂ ਦੀ ਮੌਤ ਹੋ ਗਈ ਸੀ ਅਤੇ 100 ਤੋਂ ਵੱਧ ਜ਼ਖਮੀ ਹੋ ਗਏ ਸਨ।