ਗਗਨਦੀਪ ਅਰੋੜਾ
ਲੁਧਿਆਣਾ, 19 ਅਗਸਤ
ਵਿਜੀਲੈਂਸ ਨੇ ਦਾਣਾ ਮੰਡੀ ਟਰਾਂਸਪੋਰਟੇਸ਼ਨ ਟੈਂਡਰ ਘੁਟਾਲੇ ਸਬੰਧੀ ਗ੍ਰਿਫ਼ਤਾਰ ਕੀਤੇ ਗਏ ਠੇਕੇਦਾਰ ਤੇਲੂ ਰਾਮ ਤੋਂ ਪੁੱਛ ਪੜਤਾਲ ਦੌਰਾਨ ਕਈ ਸਵਾਲ ਕੀਤੇ, ਜਿਨ੍ਹਾਂ ਵਿੱਚੋਂ ਕਈਆਂ ਦੇ ਉਸ ਨੇ ਜਵਾਬ ਦਿੱਤੇ, ਜਦਕਿ ਬਹੁਤੇ ਸਵਾਲਾਂ ਨੂੰ ਘੁਮਾ-ਫਿਰਾ ਕੇ ਉਸ ਨੇ ਵਿਜੀਲੈਂਸ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕੀਤੀ। ਤੇਲੂ ਰਾਮ ਤੋਂ ਪੁੱਛ ਪੜਤਾਲ ਮਗਰੋਂ ਵਿਜੀਲੈਂਸ ਨੇ ਬੀਤੇ ਦਿਨੀਂ ਸਾਬਕਾ ਮੰਤਰੀ ਭਾਰਤ ਭੂਸ਼ਨ ਆਸ਼ੂ ਦਾ ਨਾਂ ਜਾਂਚ ਵਿੱਚ ਸ਼ਾਮਲ ਕਰ ਲਿਆ ਹੈ। ਇਸ ਦੇ ਨਾਲ ਹੀ ਹੁਣ ਸਨਅਤੀ ਸ਼ਹਿਰ ਸਮੇਤ ਨਵਾਂ ਸ਼ਹਿਰ ਅਤੇ ਇਸ ਦੇ ਨੇੜਲੇ ਇਲਾਕਿਆਂ ਦੇ ਕਈ ਵੱਡੇ ਕਾਂਗਰਸੀ ਆਗੂ ਵਿਜੀਲੈਂਸ ਦੀ ਰਾਡਾਰ ’ਤੇ ਆ ਗਏ ਹਨ। ਤੇਲੂ ਰਾਮ ਦਾ ਸ਼ਨਿਚਰਵਾਰ ਨੂੰ ਤਿੰਨ ਰੋਜ਼ਾ ਰਿਮਾਂਡ ਖਤਮ ਹੋ ਜਾਵੇਗਾ, ਜਿਸ ਮਗਰੋਂ ਉਸ ਨੂੰ ਦੁਬਾਰਾ ਪੇਸ਼ ਕੀਤਾ ਜਾਵੇਗਾ। ਇਸ ਮਾਮਲੇ ਵਿੱਚ ਹੁਣ ਤੱਕ ਸਾਬਕਾ ਮੰਤਰੀ ਆਸ਼ੂ ਦੇ ਪੀਏ ਮੀਨੂੰ ਪੰਕਜ ਮਲਹੋਤਰਾ ਤੇ ਫੂਡ ਸਪਲਾਈ ਦੇ ਡਿਪਟੀ ਡਾਇਰੈਕਟਰ ਰਮੇਸ਼ ਪਹਿਲਾਂ ਹੀ ਨਾਮਜ਼ਦ ਕੀਤੇ ਜਾ ਚੁੱਕੇ ਹਨ। ਇਹ ਦੋਵੇਂ ਸਾਬਕਾ ਮੰਤਰੀ ਆਸ਼ੂ ਦੇ ਕਰੀਬੀ ਰਹੇ ਹਨ, ਜਿਸ ਮਗਰੋਂ ਹੁਣ ਕਈ ਕਾਂਗਰਸੀਆਂ ਦੇ ਦਿਲਾਂ ਦੀਆਂ ਧੜਕਨਾਂ ਤੇਜ਼ ਹੋ ਗਈਆਂ ਸਨ। ਵਿਜੀਲੈਂਸ ਨੇ ਅੰਦਰਖਾਤੇ ਐੱਫਆਈਆਰ ਵਿੱਚ ਸਾਬਕਾ ਮੰਤਰੀ ਆਸ਼ੂ ਨੂੰ ਨਾਮਜ਼ਦ ਕਰ ਲਿਆ ਹੈ ਪਰ ਹਾਲੇ ਤੱਕ ਕੋਈ ਅਫ਼ਸਰ ਪੁਸ਼ਟੀ ਨਹੀਂ ਕਰ ਰਿਹਾ ਹੈ। ਐੱਸਐੱਸਪੀ ਵਿਜੀਲੈਂਸ ਰਵਿੰਦਰਪਾਲ ਸਿੰਘ ਸੰਧੂ ਸਿਰਫ਼ ਇਹੀ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਮਗਰੋਂ ਜੋ ਤੱਥ ਸਾਹਮਣੇ ਆਉਣਗੇ, ਉਸ ਦੀ ਜਾਣਕਾਰੀ ਦੇ ਦਿੱਤੀ ਜਾਵੇਗੀ।
ਵਿਜੀਲੈਂਸ ਦੀ ਟੀਮ ਨੇ ਹਾਲੇ ਤੱਕ ਇਸ ਮਾਮਲੇ ’ਚ ਚਾਰ ਜਣਿਆਂ ਨੂੰ ਨਾਜ਼ਮਦ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਤੇਲੂ ਰਾਮ ਰਾਹੀਂ 25 ਕਰੋੜ ਦਾ ਲੈਣ-ਦੇਣ ਹੋਇਆ ਹੈ। ਹੁਣ ਵਿਜੀਲੈਂਸ ਦੀ ਟੀਮ ਇਹ ਜਾਂਚ ਕਰਨ ’ਚ ਲੱਗੀ ਹੈ ਕਿ ਇਹ 25 ਕਰੋੜ ਰੁਪਏ ਕਿੱਥੇ-ਕਿੱਥੇ ਦਿੱਤੇ ਗਏ ਹਨ। ਤੇਲੂ ਰਾਮ ਦੀ ਗ੍ਰਿਫ਼ਤਾਰੀ ਮਗਰੋਂ ਕਈ ਆਗੂ ਤੇ ਅਧਿਕਾਰੀ ਪ੍ਰੇਸ਼ਾਨ ਹਨ। ਹਾਲਾਂਕਿ ਫੂਡ ਸਪਲਾਈ ਵਿਭਾਗ ਦੇ ਕਰਮਚਾਰੀਆਂ ਨੇ ਹੜਤਾਲ ਵੀ ਕੀਤੀ ਸੀ ਕਿ ਉਨ੍ਹਾਂ ਨੂੰ ਬਿਨਾਂ ਵਜ੍ਹਾ ਤੋਂ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।
ਵਿਜੀਲੈਂਸ ਦੀ ਟੀਮ ਨੇ ਮੀਨੂੰ ਪੰਕਜ ਮਲਹੋਤਰਾ ਸਮੇਤ ਮਾਮਲੇ ਵਿੱਚ ਫ਼ਰਾਰ ਬਾਕੀ ਮੁਲਜ਼ਮਾਂ ਦੀ ਭਾਲ ਲਈ ਛਾਪੇ ਮਾਰਨੇ ਸ਼ੁਰੂ ਕਰ ਦਿੱਤੇ ਹਨ। ਦੱਸਿਆ ਜਾ ਰਿਹਾ ਹੈ ਕਿ ਸਾਬਕਾ ਕੈਬਨਿਟ ਮੰਤਰੀ ਦਾ ਪੀਏ ਮੀਨੂੰ ਪੰਕਜ ਮਲਹੋਤਰਾ ਸ਼ਹਿਰ ਤੋਂ ਹੀ ਫ਼ਰਾਰ ਹੋ ਚੁੱਕਿਆ ਹੈ। ਵਿਜੀਲੈਂਸ ਦੀ ਟੀਮ ਪਤਾ ਲਾਉਣ ’ਚ ਲੱਗੀ ਹੋਈ ਹੈ ਕਿ ਮੀਨੂੰ ਪੰਕਜ ਮਲਹੋਤਰਾ ਦੇ ਰਿਸ਼ਤੇਦਾਰ ਕਿੱਥੇ-ਕਿੱਥੇ ਰਹਿੰਦੇ ਹਨ।
ਮੀਨੂੰ ਪੰਕਜ ਮਲਹੋਤਰਾ ਦੀ ਭਾਲ ਜਾਰੀ: ਐੱਸਐੱਸਪੀ
ਐੱਸਐੱਸਪੀ ਵਿਜੀਲੈਂਸ ਰਵਿੰਦਰਪਾਲ ਸਿੰਘ ਸੰਧੂ ਨੇ ਦੱਸਿਆ ਕਿ ਮੀਨੂੰ ਪੰਕਜ ਮਲਹੋਤਰਾ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰੇ ਜਾ ਰਹੇ ਹਨ ਪਰ ਹਾਲੇ ਤੱਕ ਉਸ ਬਾਰੇ ਕੁਝ ਪਤਾ ਨਹੀਂ ਲੱਗਿਆ ਹੈ। ਉਨ੍ਹਾਂ ਕਿਹਾ ਕਿ ਤੇਲੂ ਰਾਮ ਨੂੰ ਸ਼ਨਿਚਰਵਾਰ ਅਦਾਲਤ ’ਚ ਮੁੜ ਪੇਸ਼ ਕੀਤਾ ਜਾਵੇਗਾ ਅਤੇ ਕੋਸ਼ਿਸ਼ ਹੋਵੇਗੀ ਕਿ ਹੋਰ ਰਿਮਾਂਡ ਲੈ ਕੇ ਉਸ ਤੋਂ ਰਹਿੰਦੀ ਪੁੱਛ ਪੜਤਾਲ ਕੀਤੀ ਜਾ ਸਕੇ।