ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 30 ਨਵੰਬਰ
ਆਧੁਨਿਕ ਭਾਰਤ ਦੇ ਪ੍ਰਸਿੱਧ ਇਤਿਹਾਸਕਾਰ ਅਤੇ ਪੁਸਤਕ ‘ਜਲ੍ਹਿਆਂਵਾਲਾ ਬਾਗ਼’ ਦੇ ਲੇਖਕ ਵਿਸ਼ਵ ਨਾਥ ਦੱਤਾ ਦਾ ਅੱਜ ਉਨ੍ਹਾਂ ਦੀ ਨਵੀਂ ਦਿੱਲੀ ਸਥਿਤ ਰਿਹਾਇਸ਼ ’ਤੇ ਦੇਹਾਂਤ ਹੋ ਗਿਆ। ਉਹ 94 ਵਰ੍ਹਿਆਂ ਦੇ ਸਨ। ਉਨ੍ਹਾਂ ਦਾ ਜਨਮ ਅੰਮ੍ਰਿਤਸਰ ਦੇ ਇੱਕ ਮਸ਼ਹੂਰ ਕਾਰੋਬਾਰੀ ਪਰਿਵਾਰ ’ਚ ਹੋਇਆ ਸੀ। ਸ੍ਰੀ ਦੱਤਾ ਅਜਿਹੇ ਪਹਿਲੇ ਵਿਅਕਤੀ ਸਨ ਜਿਨ੍ਹਾਂ ਜਲ੍ਹਿਆਂਵਾਲਾ ਬਾਗ਼ ਦੇ ਖ਼ੂਨੀ ਸਾਕੇ ਬਾਰੇ ਲਿਖਿਆ ਅਤੇ ਬ੍ਰਿਟਿਸ਼ ਸਰਕਾਰ ਵੱਲੋਂ ਲੰਮੇ ਸਮੇਂ ਤੱਕ ਦਬਾ ਕੇ ਰੱਖੀ ਗਈ ਹੰਟਰ ਕਮਿਸ਼ਨ ਦੀ ਰਿਪੋਰਟ ਸਾਹਮਣੇ ਲਿਆਉਂਦੀ। ਸ੍ਰੀ ਦੱਤਾ ਦੇ ਪਿਤਾ ਬ੍ਰਹਮ ਨਾਥ ਦੱਤਾ ‘ਕਾਸਿਰ’ ਦੀ ਅੰਮ੍ਰਿਤਸਰ ’ਚ ‘ਸ਼ੰਕਰ ਦਾਸ ਵਿਸ਼ਵ ਨਾਥ ਕੰਪਨੀ’ ਸੀ ਅਤੇ ਉਹ ਉਰਦੂ-ਫਾਰਸੀ ਦੇ ਮੰਨੇ-ਪ੍ਰਮੰਨੇ ਕਵੀ ਅਤੇ ‘ਪਦਮਸ੍ਰੀ ਐਵਾਰਡੀ’ ਸਨ।
ਸਰਕਾਰੀ ਕਾਲਜ, ਲਾਹੌਰ, ਲਖਨਊ ਯੂਨੀਵਰਸਿਟੀ ਅਤੇ ਕੈਂਬਰਿਜ ਯੂਨੀਵਰਸਿਟੀ ਤੋਂ ਪੜ੍ਹਾਈ ਕਰਨ ਤੋਂ ਬਾਅਦ ਸ੍ਰੀ ਦੱਤਾ ਨੇ ਕਈ ਪੁਸਤਕਾਂ ਲਿਖੀਆਂ, ਜਿਨ੍ਹਾਂ ’ਚੋਂ ਸਭ ਤੋਂ ਆਖ਼ਰੀ ਸਾਲ 2011 ਵਿੱਚ ਲਿਖਿਆ ਗਿਆ ‘ਦਿ ਟ੍ਰਿਬਿਊਨ’ ਦਾ ਇਤਿਹਾਸ ਸੀ। ਇਸ ਪੁਸਤਕ ਦਾ ਟਾਈਟਲ ਸੀ- ‘ਦਿ ਟ੍ਰਿਬਿਊਨ, 130 ਯੀਅਰਜ਼: ਏ ਵਿਟਨੈੱਸ ਟੂ ਹਿਸਟਰੀ’। ਸ੍ਰੀ ਦੱਤਾ ਦੇ ਲੰਮੇ ਕਰੀਅਰ ’ਚ ਉਨ੍ਹਾਂ ਵੱਲੋਂ ‘ਦਿ ਟ੍ਰਿਬਿਊਨ’ ਲਈ ਪਾਇਆ ਯੋਗਦਾਨ ਵੀ ਸ਼ਾਮਲ ਹੈ, ਜਿਸ ਲਈ ਉਨ੍ਹਾਂ ਲਾਹੌਰ ’ਚ ਪੜ੍ਹਾਈ ਕਰਦਿਆਂ ਲਿਖਣਾ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਕਈ ਸਾਲਾਂ ਤੱਕ ਇੱਕ ਮਸ਼ਹੂਰ ਕਾਲਮ ਵੀ ਲਿਖਿਆ- ਜਿਸਦਾ ਨਾਂ ਸੀ- ‘ਆਫ਼ ਦਿ ਸ਼ੈਲਫ’।
ਸ੍ਰੀ ਦੱਤਾ ਦੀ ਧੀ ਨੋਨਿਕਾ ਦੱਤਾ ਨੇ ਕਿਹਾ,‘ਮੇੇਰੇ ਪਿਤਾ ਆਪਣੀ ਜ਼ਿੰਦਗੀ ਦੇ ਅਖੀਰ ਤੱਕ ਦਿ ਟ੍ਰਿਬਿਊਨ ਦੀ ਵਿਚਾਰਧਾਰਾ ਪ੍ਰਤੀ ਸਮਰਪਿਤ ਰਹੇ।’ ਸ੍ਰੀ ਦੱਤਾ ਦੀਆਂ ਮਸ਼ਹੂਰ ਲਿਖਤਾਂ ’ਚ ‘ਮੌਲਾਨਾ ਆਜ਼ਾਦ’; ‘ਗਾਂਧੀ ਐਂਡ ਭਗਤ ਸਿੰਘ’ ਅਤੇ ‘ਸਤੀ: ਏ ਹਿਸਟੌਰੀਕਲ, ਸੋਸ਼ਲ ਐਂਡ ਫਿਲਸਾਫੀਕਲ ਇਨਕੁਆਰੀ ਇਨ ਟੂ ਹਿੰਦੂ ਰਾਈਟ ਆਫ਼ ਵਿਡੋ ਬਰਨਿੰਗ’ ਸ਼ਾਮਲ ਹਨ। ਨੋਨਿਕਾ, ਨੇ ਆਪਣੇ ਪਿਤਾ ਦੇ ਮੁਕੰਮਲ ਨਾ ਹੋ ਸਕਣ ਵਾਲੇ ਕੰਮਾਂ ਬਾਰੇ ਦੱਸਿਆ। ਉਨ੍ਹਾਂ ਦੱਸਿਆ ਕਿ ਕਿੰਜ ਉਨ੍ਹਾਂ ਦੇ ਪਿਤਾ ਨੇ 1960 ’ਚ ਕੁਰੂਕਸ਼ੇਤਰ ਯੂਨੀਵਰਸਿਟੀ ਵਿੱਚ ਕੰਮ ਕਰਨ ਲਈ ਆਪਣੀ ਸਰਕਾਰੀ ਨੌਕਰੀ ਛੱਡ ਦਿੱਤੀ ਸੀ। ਸ੍ਰੀ ਦੱਤਾ ਦੇ ਪਰਿਵਾਰ ’ਚ ਪਿੱਛੇ ਪਤਨੀ ਕਮਲਾ, ਧੀਆਂ- ਨੋਨਿਕਾ, ਪੂਨਮ ਅਤੇ ਅਨੂ ਤੇ ਦੋ ਪੋਤੇ ਛੱਡ ਗਏ ਹਨ। ਸ੍ਰੀ ਦੱਤਾ ਕੁਰੂਕਸ਼ੇਤਰ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਐਮੀਰੇਟਸ ਅਤੇ ਇੰਡੀਅਨ ਹਿਸਟਰੀ ਕਾਂਗਰਸ ਦੇ ਸਾਬਕਾ ਜਨਰਲ ਪ੍ਰਧਾਨ ਵੀ ਸਨ। ਵੀ ਐੱਨ ਦੱਤਾ ਨਮਿਤ ਅੰਤਿਮ ਰਸਮਾਂ ਭਲਕੇ ਦਿੱਲੀ ’ਚ ਕੀਤੀਆਂ ਜਾਣਗੀਆਂ।