ਬਾਗਪਤ, 2 ਮਾਰਚ
ਵਿਧਾਨ ਸਭਾ ਚੋਣਾਂ ਦੀ ਗਿਣਤੀ ਵਿੱਚ ਗੜਬੜ ਹੋਣ ਦਾ ਖਦਸ਼ਾ ਪ੍ਰਗਟਾਉਂਦਿਆਂ ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਲੋਕਾਂ ਨੂੰ ਨਿਗਰਾਨੀ ਰੱਖਣ ਲਈ ਇਕ ਦਿਨ ਪਹਿਲਾਂ ਹੀ ਗਿਣਤੀ ਕੇਂਦਰਾਂ ’ਤੇ ਪੁੱਜਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਮੁਲਕ ਨੂੰ ਇਕ ਵੱਡੇ ਅੰਦੋਲਨ ਦੀ ਲੋੜ ਹੈ ਜਿਸ ਨਾਲ ਬਦਲਾਅ ਜ਼ਰੂਰ ਆਏਗਾ। ਬਾਗਪਤ ਦੇ ਬਡੌਤ ਵਿੱਚ ਟਿਕੈਤ ਨੇ ਪੱਤਰਕਾਰਾਂ ਨੂੰ ਕਿਹਾ, ‘‘ ਜ਼ਿਲ੍ਹਾ ਪੰਚਾਇਤ(ਚੋਣਾਂ)ਵਿੱਚ ਜੋ ਕੀਤਾ ਗਿਆ, ਉਸ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਲੋਕਾਂ ਨੂੰ ਨੌਂ ਮਾਰਚ ਨੂੰ ਆਪਣੇ ਕੱਪੜਿਆਂ ਤੇ ਬਿਸਤਰਿਆਂ ਸਣੇ ਪਹੁੰਚਣ ਲਈ ਕਿਹਾ ਅਤੇ ਦਾਅਵਾ ਕੀਤਾ ਕਿ 10 ਮਾਰਚ ਨੂੰ ਜਨਤਾ ਨੂੰ ਉਥੇ ਜਾਣ ਦੀ ਇਜਾਜ਼ਤ ਵੀ ਨਹੀਂ ਮਿਲੇਗੀ। ਜ਼ਿਕਰਯੋਗ ਹੈ ਕਿ ਬੀਤੇ ਵਰ੍ਹੇ ਸੂਬੇ ਵਿਚ ਹੋਈਆਂ ਜ਼ਿਲ੍ਹਾ ਪੰਚਾਇਤ ਚੋਣਾਂ ਵਿੱਚ ਵਿਰੋਧੀ ਪਾਰਟੀਆਂ ਨੇ ਵੱਡੇ ਪੱਧਰ ’ਤੇ ਬੇਨਿਯਮੀਆਂ ਦਾ ਦੋਸ਼ ਲਾਇਆ ਸੀ। ਯੂਕਰੇਨ ਸੰਕਟ ਨੂੰ ਲੈ ਕੇ ਭਾਜਪਾ ’ਤੇ ਹਮਲਾ ਬੋਲਦਿਆਂ ਉਨ੍ਹਾਂ ਦੋਸ਼ ਲਗਾਇਆ ਕਿ ਉਹ ਜੰਗ ਵਿੱਚ ਵੋਟ ਮੰਗ ਰਹੀ ਹੈ, ਜਿਸ ਨੂੰ ਅਪਰੇਸ਼ਨ ਗੰਗਾ ਦਾ ਨਾਂ ਦਿੱਤਾ ਗਿਆ ਹੈ। ਉਨ੍ਹਾਂ ਕਿਹਾ, ‘‘ਸਰਕਾਰ ਦੇ ਪੱਖ ਵਿੱਚ ਬਿਆਨ ਦੇਣ ਵਾਲਿਆਂ ਨੂੰ ਟੀਵੀ ਚੈਨਲਾਂ ’ਤੇ ਦਿਖਾਇਆ ਜਾ ਰਿਹਾ ਹੈ ਅਤੇ ਜੋ ਸੱਚ ਦਸ ਰਹੇ ਹਨ, ਉਨ੍ਹਾਂ ਨੂੰ ਨਹੀਂ ਦਿਖਾਇਆ ਜਾ ਰਿਹਾ। -ਏਜੰਸੀ