ਖੇਤਰੀ ਪ੍ਰਤੀਨਿਧ
ਪਟਿਆਲਾ, 2 ਫਰਵਰੀ
ਪੰਜਾਬੀ ਯੂਨੀਵਰਸਿਟੀ ਵੱਲੋਂ ਗ੍ਰੈਜੂਏਸ਼ਨ ਪੱਧਰ ’ਤੇ ਕਿੱਤਾ-ਮੁਖੀ ਕੋਰਸ ਚਲਾਉਣ ਦੇ ਨਾਂ ’ਤੇ ਸਬੰਧਿਤ ਕੋਰਸਾਂ ਵਿੱਚੋਂ ਪੰਜਾਬੀ ਲਾਜ਼ਮੀ ਵਿਸ਼ੇ ਦੇ ਤੌਰ ’ਤੇ ਤਿੰਨ ਸਾਲਾਂ ਦੀ ਥਾਂ ਹੁਣ ਸਿਰਫ਼ ਇਕ ਸਾਲ ਪੜ੍ਹਾਉਣ ਤੱਕ ਹੀ ਮਹਿਦੂਦ ਕਰ ਦਿੱਤਾ ਗਿਆ ਹੈ। ਹਾਲ ਹੀ ਵਿੱਚ ਯੂਨੀਵਰਸਿਟੀ ਨੇ ਕਈ ਕੋਰਸਾਂ ਵਿੱਚ ਪੰਜਾਬੀ ਵਿਸ਼ੇ ਨੂੰ ਪਹਿਲੇ ਸਾਲ ਤੱਕ ਹੀ ਸੀਮਤ ਕਰ ਦਿੱਤਾ ਹੈ।
ਇਸ ਦੇ ਰੋਸ ਵਿੱਚ ਅੱਜ ਵੱਖ-ਵੱਖ ਕਾਲਜਾਂ ਦੇ ਲੈਕਚਰਾਰਾਂ ਵੱਲੋਂ ਯੂਨੀਵਰਸਿਟੀ ਦੇ ਵੀਸੀ ਡਾ. ਅਰਵਿੰਦ ਅਤੇ ਡੀਨ (ਭਾਸ਼ਾਵਾਂ) ਡਾ. ਰਾਜਿੰਦਰਪਾਲ ਸਿੰਘ ਬਰਾੜ ਨੂੰ ਮੰਗ ਪੱਤਰ ਸੌਂਪਿਆ ਗਿਆ। ਇਸ ਦੌਰਾਨ ਲੈਕਚਰਾਰਾਂ ਵੱਲੋਂ ਅਪੀਲ ਕੀਤੀ ਗਈ ਕਿ ਪੰਜਾਬੀ ਭਾਸ਼ਾ ਨੂੰ ਵੱਖ-ਵੱਖ ਗ੍ਰੈਜੂਏਸ਼ਨ ਅਤੇ ਕੋਰਸਾਂ ਵਿੱਚੋਂ ਖ਼ਤਮ ਨਾ ਕੀਤਾ ਜਾਵੇ ਅਤੇ ਬੱਚਿਆਂ ਨੂੰ ਵੱਧ ਤੋਂ ਵੱਧ ਪੰਜਾਬੀ ਨਾਲ ਜੋੜਿਆ ਜਾਵੇ। ਇਸ ਮੌਕੇ ਪ੍ਰੋ. ਜਸਬੀਰ ਸਿੰਘ, ਪ੍ਰੋ. ਸੰਦੀਪ ਅਤੇ ਪ੍ਰੋ. ਸੁਖਵਿੰਦਰ (ਮਹਿੰਦਰਾ ਕਾਲਜ ਪਟਿਆਲਾ), ਪ੍ਰੋ. ਹਰਪ੍ਰੀਤ ਕੌਰ (ਗੌਰਮਿੰਟ ਗਰਲਜ ਪਟਿਆਲਾ), ਪ੍ਰੋ. ਹੈਪੀ (ਸ਼ਹੀਦ ਊਧਮ ਸਿੰਘ ਕਾਲਜ ਸੁਨਾਮ), ਪ੍ਰੋ. ਮਨਿੰਦਰ (ਨਿਆਲ ਕਾਲਜ ਪਾਤੜਾਂ) ਵੀ ਮੌਜੂਦ ਸਨ।