ਜੋਗਿੰਦਰ ਸਿੰਘ ਮਾਨ
ਮਾਨਸਾ, 20 ਮਾਰਚ
ਡੀਸੀ ਦਫ਼ਤਰ ਕਰਮਚਾਰੀ ਯੂਨੀਅਨ, ਪੰਜਾਬ ਦੇ ਸੂਬਾ ਪ੍ਰਧਾਨ ਗੁਰਨਾਮ ਸਿੰਘ ਵਿਰਕ ਨੇ ਡੀਸੀ ਦਫ਼ਤਰ, ਮਾਨਸਾ ਦੇ ਕਰਮਚਾਰੀਆਂ ਨਾਲ ਕਾਨਫਰੰਸ ਦੌਰਾਨ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਚੋਣਾਂ ਤੋਂ ਪਹਿਲਾਂ ਚੋਣ ਮੈਨੀਫੈਸਟੋ ’ਚ ਕਰਮਚਾਰੀਆਂ ਨਾਲ ਕੀਤੇ ਵਾਅਦਿਆਂ ਨੂੰ ਲਾਗੂ ਨਾ ਕਰਕੇ ਦਗੇਬਾਜ਼ੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਬਣਨ ਤੋਂ ਬਾਅਦ ਵਾਅਦੇ ਪੂਰੇ ਕਰਨ ਦੀ ਥਾਂ ਮੁਲਾਜ਼ਮਾਂ ਉਪਰ ਸਰਕਾਰੀ ਕੰਮ ਦਾ ਦੁੱਗਣਾ-ਤਿੱਗਣਾ ਬੋਝ ਪਾਇਆ ਜਾ ਰਿਹਾ ਹੈ, ਜਿਸ ਦਾ ਪੰਜਾਬ ਦੇ ਮੁਲਾਜ਼ਮਾਂ ਦੇ ਮਨਾਂ ਵਿੱਚ ਭਾਰੀ ਰੋਸ ਹੈ। ਵਿਰਕ ਨੇ ਸਰਕਾਰ ਵਿਰੁੱਧ ਸੰਘਰਸ਼ ਦਾ ਐਲਾਨ ਕਰਦਿਆਂ ਸਮੂਹ ਜ਼ਿਲ੍ਹਿਆਂ ਦੇ ਡੀਸੀ ਦਫ਼ਤਰਾਂ ਵਿੱਚ ਕੰਮ ਕਰਦੇ ਕਰਮਚਾਰੀ 22 ਤੋਂ 24 ਮਾਰਚ ਤੱਕ ਕਾਲੇ ਬਿੱਲੇ ਲਗਾਕੇ ਗੇਟ ਰੈਲੀਆਂ ਕਰਨਗੇ ਅਤੇ 25 ਮਾਰਚ ਨੂੰ ਬਠਿੰਡਾ ਵਿੱਚ ਪੰਜਾਬ ਸਟੇਟ ਕਰਮਚਾਰੀ ਯੂਨੀਅਨ ਵੱਲੋਂ ਰੱਖੀ ਗਈ ਜ਼ੋਨਲ ਰੈਲੀ ਵਧ ਚੜ੍ਹਕੇ ਹਿੱਸਾ ਲੈਣਗੇ। ਇਸ ਮੌਕੇ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਜਸਵੰਤ ਸਿੰਘ ਮੌਜੋ, ਕਮਲਪ੍ਰੀਤ ਸਿੰਘ ਸਰ੍ਹਾ, ਰਘਵੀਰ ਸਿੰਘ ਝੱਬਰ, ਮਨੋਜ ਕੁਮਾਰ, ਗੁਰਦਰਸਨ ਸਿੰਘ, ਗੁਰਤੇਜ ਸਿੰਘ, ਬਲਜਿੰਦਰ ਸਿੰਘ ਬਰਨ, ਜਗਸੀਰ ਸਿੰਘ ਆਦਿ ਨੇ ਸੰਬੋਧਨ ਕੀਤਾ।