ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 31 ਅਕਤੂਬਰ
ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਅੱਜ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੀ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਦੀ ਸਥਾਨਕ ਰਿਹਾਇਸ਼ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਕੈਬਨਿਟ ਮੰਤਰੀ ਦੀ ਗ਼ੈਰ-ਮੌਜੂਦਗੀ ’ਚ ਮੰਤਰੀ ਦੇ ਪੀਏ ਨੂੰ ਮੰਗ ਪੱਤਰ ਸੌਂਪਿਆ।
ਯੂਨੀਅਨ ਦੀ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ 2017 ਤੋਂ ਲੈ ਕੇ ਹੁਣ ਤੱਕ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਮੰਗਾਂ ਦਾ ਨਬਿੇੜਾ ਨਹੀਂ ਕੀਤਾ, ਵਰਕਰਾਂ ਅਤੇ ਹੈਲਪਰਾਂ ਨੂੰ ਝੂਠੇ ਲਾਰਿਆਂ ਵਿੱਚ ਹੀ ਰੱਖਿਆ। ਮੁੱਖ ਮੰਤਰੀ ਅਤੇ ਖ਼ਜ਼ਾਨਾ ਮੰਤਰੀ ਨੇ ਯੂਨੀਅਨ ਦੇ ਨੁਮਾਇੰਦਿਆਂ ਨਾਲ ਕੋਈ ਮੀਟਿੰਗ ਵੀ ਨਹੀਂ ਕੀਤੀ, ਜਿਸ ਕਰਕੇ ਯੂਨੀਅਨ ਨੂੰ ਸੰਘਰਸ਼ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਆਂਗਣਵਾੜੀ ਸੈਂਟਰਾਂ ਦੇ 3 ਸਾਲ ਤੋਂ 6 ਸਾਲ ਤੱਕ ਦੇ ਬੱਚੇ, ਜੋ ਸਰਕਾਰ ਨੇ 2017 ਵਿੱਚ ਖੋਹ ਕੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਭੇਜ ਦਿੱਤੇ ਸਨ, ਨੂੰ ਵਾਪਸ ਸੈਂਟਰਾਂ ਵਿੱਚ ਭੇਜਿਆ ਜਾਵੇ। ਆਂਗਣਵਾੜੀ ਵਰਕਰ ਨੂੰ ਨਰਸਰੀ ਟੀਚਰ ਦਾ ਦਰਜਾ ਦਿੱਤਾ ਜਾਵੇ, ਪੰਜਾਬ ਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਹਰਿਆਣਾ ਪੈਟਰਨ ’ਤੇ ਮਾਣ ਭੱਤਾ ਦਿੱਤਾ ਜਾਵੇ, ਐੱਨਜੀਓ ਅਧੀਨ ਕੰਮ ਕਰਦੀਆਂ ਵਰਕਰਾਂ ਤੇ ਹੈਲਪਰਾਂ ਨੂੰ ਵਿਭਾਗ ਅਧੀਨ ਲਿਆਂਦਾ ਜਾਵੇ, ਵਰਕਰਾਂ ਨੂੰ ਸਮਾਰਟ ਫ਼ੋਨ ਦਿੱਤੇ ਜਾਣ, ਉਤਸ਼ਾਹ ਵਰਧਕ ਰਾਸ਼ੀ ਕ੍ਰਮਵਾਰ ਵਰਕਰ ਤੇ ਹੈਲਪਰ ਨੂੰ 500 ਰੁਪਏ ਤੇ 250 ਰੁਪਏ ਪ੍ਰਤੀ ਮਹੀਨਾ ਦਿੱਤੀ ਜਾਵੇ, ਸਰਕਲ ਮੀਟਿੰਗ ਦਾ ਕਿਰਾਇਆ 200 ਰੁਪਏ ਦਿੱਤਾ ਜਾਵੇ, ਪੀਐਮਵੀਵਾਈ ਦੇ 2017 ਤੋਂ ਪੈਡਿੰਗ ਪਏ ਪੈਸੇ ਰਲੀਜ਼ ਕੀਤੇ ਜਾਣ ਅਤੇ ਮਿਨੀ ਆਂਗਣਵਾੜੀ ਵਰਕਰ ਨੂੰ ਪੂਰੀ ਆਂਗਣਵਾੜੀ ਵਰਕਰ ਦਾ ਦਰਜਾ ਦਿੱਤਾ ਜਾਵੇ। ਇਸ ਮਗਰੋਂ ਯੂਨੀਅਨ ਆਗੂਆਂ ਨੇ ਮੰਤਰੀ ਦੇ ਪੀਏ ਮੁਹੰਮਦ ਤਾਰਿਕ ਨੂੰ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਦੇ ਨਾਂ ਮੰਗ ਪੱਤਰ ਦਿੱਤਾ। ਇਸ ਮੌਕੇ ਛਿੰਦਰਪਾਲ ਕੌਰ ਥਾਂਦੇਵਾਲਾ, ਬਲਵੀਰ ਕੌਰ ਮਾਨਸਾ, ਜਸਵੰਤ ਕੌਰ ਭੀਖੀ, ਜਸਪਾਲ ਕੌਰ ਝੁਨੀਰ, ਮਨਜੀਤ ਕੌਰ ਸਿੱਧਵਾਂ ਬੇਟ, ਸੁਰਿੰਦਰ ਕੌਰ ਮਾਲੇਰਕੋਟਲਾ, ਹਰਪ੍ਰੀਤ ਕੌਰ ਭੱਟੀਆਂ, ਅਮਰਜੀਤ ਕੌਰ ਮਾਲੇਰਕੋਟਲਾ, ਸੱਤਿਆ ਮਲੇਰਕੋਟਲਾ, ਭੋਲੀ ਮਹਿਲ ਕਲਾਂ ਅਤੇ ਵੀਰਪਾਲ ਕੌਰ ਆਦਿ ਮੌਜੂਦ ਸਨ।