ਕਾਕਦਵੀਪ (ਪੱਛਮੀ ਬੰਗਾਲ), 18 ਫਰਵਰੀ
ਪੱਛਮੀ ਬੰਗਾਲ ’ਚ ਤ੍ਰਿਣਾਮੂਲ ਸਰਕਾਰ ’ਤੇ ‘ਕਟ ਮਨੀ ਸੱਭਿਆਚਾਰ’ ਸ਼ੁਰੂ ਕਰਨ ਦਾ ਦੋਸ਼ ਲਾਉਂਦਿਆਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਭਾਜਪਾ ਦੀ ਲੜਾਈ ਇਸ ਨੂੰ ਖਤਮ ਕਰਨ ਦੀ ਹੈ ਅਤੇ ਜੇਕਰ ਭਾਜਪਾ ਸੱਤਾ ’ਚ ਆਉਂਦੀ ਹੈ ਤਾਂ ਸੂਬੇ ਦਾ ਵਿਕਾਸ ਕੀਤਾ ਜਾਵੇਗਾ।
ਉਨ੍ਹਾਂ ਇੱਥੇ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ, ‘ਪਰਿਵਰਤਨ ਯਾਤਰਾ ਮੁੱਖ ਮੰਤਰੀ ਜਾਂ ਕਿਸੇ ਮੰਤਰੀ ਨੂੰ ਬਦਲਣ ਲਈ ਨਹੀਂ ਹੈ। ਇਹ ਤਾਂ ਘੁਸਪੈਠ ਬੰਦ ਕਰਨ ਅਤੇ ਬੰਗਾਲ ’ਚ ਤਬਦੀਲੀ ਲਿਆਉਣ ਲਈ ਹੈ। ਤੁਸੀਂ ਭਾਜਪਾ ਨੂੰ ਵੋਟ ਤਾਂ ਪਾਓ, ਗ਼ੈਰ-ਕਾਨੂੰਨੀ ਪਰਵਾਸੀ ਤਾਂ ਕੀ, ਸਰਹੱਦ ਪਾਰ ਤੋਂ ਇੱਕ ਪੰਛੀ ਨੂੰ ਸੂਬੇ ’ਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਹੋਵੇਗੀ।’ ਉਨ੍ਹਾਂ ਭਾਜਪਾ ਕਾਰਕੁਨਾਂ ਦੇ ਕਤਲ ਦੀ ਘਟਨਾ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਦੋਸ਼ੀਆਂ ਨੂੰ ਸਲਾਖਾਂ ਪਿੱਛੇ ਸੁੱਟਿਆ ਜਾਵੇਗਾ। ਕੇਂਦਰੀ ਮੰਤਰੀ ਨੇ ਕਿਹਾ ਕਿ ਭਾਜਪਾ ਹਾਕਮ ਧਿਰ ਟੀਐੱਮਸੀ ਦੇ ਗੁੰਡਿਆਂ ਤੇ ਸਿੰਡੀਕੇਟ ਨਾਲ ਨਜਿੱਠਣ ਲਈ ਤਿਆਰ ਹੈ। ਜੈ ਸ੍ਰੀ ਰਾਮ ਦੇ ਨਾਅਰੇ ਨੂੰ ਲੈ ਕੇ ਪੈਦਾ ਹੋਏ ਵਿਵਾਦ ਬਾਰੇ ਸ਼ਾਹ ਨੇ ਕਿਹਾ, ‘ਬੰਗਾਲ ਦੀ ਮੁੱਖ ਮੰਤਰੀ ਆਪਣੀ ਸੌੜੀ ਸਿਆਸਤ ਦੇ ਚਲਦਿਆਂ ਨਾਅਰੇ ਕਾਰਨ ਨਾਰਾਜ਼ ਹੋਈ ਸੀ।’
ਸ਼ਾਹ ਨੇ ਅੰਫਾਨ ਤੂਫ਼ਾਨ ਮਗਰੋਂ ਰਾਹਤ ਕੋਸ਼ ਵੰਡ ’ਚ ਕਥਿਤ ਭ੍ਰਿਸ਼ਟਾਚਾਰ ਨੂੰ ਲੈ ਕੇ ਵੀ ਟੀਐੱਮਸੀ ਨੂੰ ਨਿਸ਼ਾਨੇ ’ਤੇ ਲਿਆ। ਉਨ੍ਹਾਂ ਕਿਹਾ, ‘ਕੇਂਦਰ ਸਰਕਾਰ ਨੇ ਚੱਕਰਵਾਤ ਅੰਫਾਨ ਮਗਰੋਂ ਰਾਹਤ ਰਾਸ਼ੀ ਭੇਜੀ ਸੀ ਪਰ ਟੀਐੱਮਸੀ ਦੇ ਆਗੂਆਂ ਨੇ ਇਸ ’ਚ ਸੰਨ੍ਹ ਲਾਈ। ਸੱਤਾ ’ਚ ਆਉਣ ’ਤੇ ਅਸੀਂ ਇਸ ਭ੍ਰਿਸ਼ਟਾਚਾਰ ਦੀ ਜਾਂਚ ਕਰਾਵਾਂਗੇ। ਚੱਕਰਵਾਤ ਤੇ ਕੁਦਰਤੀ ਆਫਤਾਂ ਤੋਂ ਲੋਕਾਂ ਨੂੰ ਬਚਾਉਣ ਲਈ ਇੱਕ ਦਸਤਾ ਗਠਿਤ ਕਰਾਂਗੇ।’ ਪੱਛਮੀ ਬੰਗਾਲ ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਅਮਿਤ ਸ਼ਾਹ ਨੇ ਅੱਜ ਇੱਥੇ ਰੋਡ ਵੀ ਕੀਤਾ। ਇਸੇ ਦੌਰਾਨ ਗ੍ਰਹਿ ਮੰਤਰੀ ਪੱਛਮੀ ਬੰਗਾਲ ਦੇ ਦੱਖਣੀ 24 ਪਰਗਨਾ ਜ਼ਿਲ੍ਹੇ ’ਚ ਇੱਕ ਸ਼ਰਨਾਰਥੀ ਪਰਿਵਾਰ ਦੇ ਘਰ ਗਏ ਜਿੱਥੇ ਉਨ੍ਹਾਂ ਹੋਰ ਭਾਜਪਾ ਆਗੂਆਂ ਨਾਲ ਦੁਪਹਿਰ ਦਾ ਖਾਣਾ ਖਾਧਾ।
ਗੰਗਾ ਸਾਗਰ: ਅਮਿਤ ਸ਼ਾਹ ਨੇ ਕਿਹਾ ਕਿ ਉਨ੍ਹਾਂ ਨੂੰ ਪੂਰਾ ਯਕੀਨ ਹੈ ਕਿ ਭਾਜਪਾ ਅਗਲੀਆਂ ਵਿਧਾਨ ਸਭਾ ਚੋਣਾਂ ਮਗਰੋਂ ਪੱਛਮੀ ਬੰਗਾਲ ’ਚ ਸਰਕਾਰ ਬਣਾਏਗੀ ਅਤੇ ਅਜਿਹਾ ਹੋਣ ’ਤੇ ਗੰਗਾ ਸਾਗਰ ਮੇਲੇ ਨੂੰ ਕੌਮਾਂਤਰੀ ਸੈਰ-ਸਪਾਟਾ ਸਰਕਟ ਦਾ ਹਿੱਸਾ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਜਦੋਂ ਭਾਜਪਾ ਸੱਤਾ ’ਚ ਆ ਜਾਵੇਗੀ ਤਾਂ ਕੇਂਦਰ ਸਰਕਾਰ ਸਾਰੇ ਸੈਰ-ਸਪਾਟਾ ਪ੍ਰਾਜੈਕਟਾਂ ਨੂੰ ਇੱਥੇ ਕਾਮਯਾਬੀ ਨਾਲ ਲਾਗੂ ਕਰੇਗੀ। ਉਨ੍ਹਾਂ ਇੱਥੇ ਕਪਿਲ ਮੁਨੀ ਮੰਦਰ ’ਚ ਪੂਜਾ ਵੀ ਕੀਤੀ। -ਪੀਟੀਆਈ