ਖੇਤਰੀ ਪ੍ਰਤੀਨਿਧ
ਲੁਧਿਆਣਾ, 15 ਮਈ
ਪੰਜਾਬ ਬੇਸਬਾਲ ਐਸੋਸੀਏਸ਼ਨ ਵੱਲੋਂ ਗੌਰਮਿੰਟ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਗਿੱਲ ਵਿੱਚ 9ਵੀਂ ਸਬ-ਜੂਨੀਅਰ ਪੰਜਾਬ ਸਟੇਟ ਬੇਸਬਾਲ ਚੈਂਪੀਅਨਸ਼ਿਪ ਕਰਵਾਈ ਗਈ ਜਿਸ ਵਿੱਚ ਲੁਧਿਆਣਾ ਦੀਆਂ ਲੜਕੀਆਂ ਦੀ ਟੀਮ ਨੇ ਮਾਲੇਰਕੋਟਲਾ ਨੂੰ 9-2 ਅੰਕਾਂ ਦੇ ਫ਼ਰਕ ਨਾਲ ਹਰਾ ਕੇ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ। ਇਸ ਚੈਂਪੀਅਨਸ਼ਿਪ ਵਿੱਚ ਲੜਕੀਆਂ ਦੀਆਂ 12 ਜ਼ਿਲ੍ਹਿਆਂ ਦੀਆਂ ਟੀਮਾਂ ਵਿਚਕਾਰ ਮੁਕਾਬਲੇ ਹੋਏ। ਪਹਿਲੇ ਮੈਚ ਵਿੱਚ ਪਟਿਆਲਾ ਨੇ ਅੰਮ੍ਰਿਤਸਰ ਨੂੰ 1-0, ਦੂਜੇ ਮੈਚ ਵਿੱਚ ਰੋਪੜ ਨੇ ਮੁਹਾਲੀ ਨੂੰ 2-1, ਤੀਜੇ ਮੈਚ ਵਿੱਚ ਸੰਗਰੂਰ ਨੇ ਫਿਰੋਜ਼ਪੁਰ ਨੂੰ 10-0, ਚੌਥੇ ਮੈਚ ਵਿੱਚ ਮੋਗਾ ਨੇ ਮਾਨਸਾ ਨੂੰ 12-11, ਪੰਜਵੇਂ ਮੈਚ ਵਿੱਚ ਲੁਧਿਆਣਾ ਨੇ ਪਟਿਆਲਾ ਦੀ ਟੀਮ ਨੂੰ 2-1 ਅੰਕਾਂ, ਛੇਵੇਂ ਮੈਚ ਵਿੱਚ ਰੋਪੜ ਨੇ ਫਾਜ਼ਿਲਕਾ ਨੂੰ 2-0, ਸੱਤਵੇਂ ਮੈਚ ਵਿੱਚ ਮਾਲੇਰਕੋਟਲਾ ਨੇ ਸੰਗਰੂਰ ਨੂੰ 2-1 ਅਤੇ ਅੱਠਵੇਂ ਮੈਚ ਵਿੱਚ ਮੋਗਾ ਨੇ ਬਰਨਾਲਾ ਨੂੰ 13-12 ਅੰਕਾਂ ਨਾਲ ਹਰਾਇਆ। ਚੈਂਪੀਅਨਸ਼ਿਪ ਦੇ ਪਹਿਲੇ ਸੈਮੀਫਾਈਨਲ ਮੁਕਾਬਲੇ ਵਿੱਚ ਲੁਧਿਆਣਾ ਨੇ ਮੋਗਾ ਨੂੰ 13-12 ਅੰਕਾਂ ਨਾਲ ਹਰਾਇਆ। ਦੂਜੇ ਸੈਮੀਫਾਈਨਲ ਵਿੱਚ ਮਾਲੇਰਕੋਟਲਾ ਨੇ ਰੋਪੜ ਨੂੰ 10-2 ਅੰਕਾਂ ਨਾਲ ਹਰਾ ਕੇ ਫਾਈਨਲ ਵਿੱਚ ਜਗ੍ਹਾ ਬਣਾਈ। ਫਾਈਨਲ ਮੁਕਾਬਲੇ ਵਿੱਚ ਲੁਧਿਆਣਾ ਅਤੇ ਮਾਲੇਰਕੋਟਲਾ ਦੀਆਂ ਟੀਮਾਂ ਆਹਮੋ-ਸਾਹਮਣੇ ਹੋਈਆਂ। ਇਸ ਇੱਕਤਰਫਾ ਮੈਚ ਵਿੱਚ ਲੁਧਿਆਣਾ ਦੀਆਂ ਲੜਕੀਆਂ ਦੀ ਟੀਮ 9-2 ਅੰਕਾਂ ਦੇ ਵਡੇ ਫ਼ਰਕ ਨਾਲ ਜੇਤੂ ਰਹੀ। ਜੇਤੂ ਟੀਮ ਵੱਲੋਂ ਮਨਪ੍ਰੀਤ ਕੌਰ ਅਤੇ ਅਸਿਕਾ ਭੰਡਾਰੀ ਨੇ 2-2 ਅੰਕਾਂ ਦਾ ਯੋਗਦਾਨ ਪਾਇਆ। ਤੀਜੇ ਸਥਾਨ ਲਈ ਹੋਏ ਮੁਕਾਬਲੇ ਵਿੱਚ ਮੋਗਾ ਨੇ ਰੋਪੜ ਨੂੰ 1-0 ਨਾਲ ਮਾਤ ਦਿੱਤੀ। ਜੇਤੂ ਟੀਮ ਨੂੰ ਇਨਾਮਾਂ ਦੀ ਵੰਡ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਸੁਖਦੇਵ ਸਿੰਘ ਔਲਖ, ਸਕੱਤਰ ਹਰਬੀਰ ਸਿੰਘ ਗਿੱਲ, ਨੀਰੂ ਗੁਰਦੀਪ ਸਿੰਘ ਜੱਸਲ, ਜਤਿੰਦਰ ਕੁਮਾਰ, ਅਬਦੁਲ, ਸੁਨੀਲ, ਵਿਰਕ ਲਵ ਅਤੇ ਬਲਦੇਵ ਸਿੰਘ ਹਾਜ਼ਰ ਸਨ।