ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 31 ਅਕਤੂਬਰ
ਪੁਲੀਸ ਨੇ 2 ਮੁਲਜ਼ਮਾਂ ਕ੍ਰਿਸ਼ਨ ਕੁਮਾਰ ਤੇ ਵਿੱਕੀ ਖੰਨਾ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੀ ਨਿਸ਼ਾਨਦੇਹੀ ’ਤੇ 1 ਟਰੱਕ ਤੇ ਕੈਂਟਰ ਸਣੇ ਵੱਖ-ਵੱਖ ਬਰਾਂਡ ਦੀਆਂ ਸ਼ਰਾਬ ਦੀਆਂ 3959 ਪੇਟੀਆਂ ਬਰਾਮਦ ਕੀਤੀ ਹੈ। ਅੱਜ ਐੱਸਐੱਸਪੀ ਨਵਜੋਤ ਸਿੰਘ ਮਾਹਲ ਨੇ ਮੀਡੀਆ ਨੂੰ ਦੱਸਿਆ ਕਿ ਸ਼ਰਾਬ ਤਸਕਰੀ ਮਾਮਲੇ ਵਿੱਚ ਪੰਜਾਬ ਭਰ ’ਚੋਂ ਪੁਲੀਸ ਦੀ ਇਹ ਸਭ ਤੋਂ ਵੱਡੀ ਬਰਾਮਦਗੀ ਹੈ।
ਐੱਸਐੱਸਪੀ ਮਾਹਲ ਨੇ ਦੱਸਿਆ ਹੈ ਕਿ ਐੱਸਪੀ (ਸ਼ਹਿਰੀ) ਅਕਾਸ਼ਦੀਪ ਸਿੰਘ ਔਲਖ ਤੇ ਡੀਐੱਸਪੀ (ਸਿਟੀ-1) ਗੁਰਸ਼ੇਰ ਸਿੰਘ ਸੰਧੂ ਦੀ ਨਿਗਰਾਨੀ ਹੇਠ ਪੁਲੀਸ ਚੌਕੀ ਫੇਜ਼-6 ਦੇ ਇੰਚਾਰਜ ਕੁਲਵੰਤ ਸਿੰਘ ਦੀ ਅਗਵਾਈ ’ਚ ਪੁਲੀਸ ਵੱਲੋਂ ਫੇਜ਼-6 ਵਿੱਚ ਨਾਕਾਬੰਦੀ ਕਰਕੇ ਸ਼ੱਕੀ ਵਾਹਨਾਂ ਤੇ ਸ਼ੱਕੀ ਵਿਅਕਤੀਆਂ ਦੀ ਜਾਂਚ ਕੀਤੀ ਜਾ ਰਹੀ ਸੀ ਕਿ ਪੁਲੀਸ ਨੇ ਗੁਪਤ ਸੂਚਨਾ ’ਤੇ ਹਰਿਆਣਾ ਕੈਂਟਰ ਨੂੰ ਰੋਕਿਆ, ਜਿਸ ’ਚ ਸਵਾਰ ਵਿਅਕਤੀ ਨੇ ਆਪਣਾ ਨਾਂ ਕ੍ਰਿਸ਼ਨ ਕੁਮਾਰ ਵਾਸੀ ਹੈਬੋਵਾਲ, ਲੁਧਿਆਣਾ ਦੱਸਿਆ ਤੇ ਜਾਂਚ ਕਰਨ ’ਤੇ ਕੈਂਟਰ ’ਚੋਂ 520 ਪੇਟੀਆਂ ਸ਼ਰਾਬ ਨੈਨਾ ਵਿਸਕੀ (ਫਾਰ ਸੇਲ ਇਨ ਚੰਡੀਗੜ੍ਹ ਓਨਲੀ) ਬਰਾਮਦ ਕੀਤੀਆਂ।
ਮੁਲਜ਼ਮ ਨੇ ਸ਼ਰਾਬ ਦੀਆਂ ਪੇਟੀਆਂ ਕੈਂਟਰ ’ਚ ਫਲ-ਸਬਜ਼ੀਆਂ ਵਾਲੇ ਖਾਲੀ ਕਰੇਟਾਂ ਹੇਠਾਂ ਛੁਪਾ ਕੇ ਰੱਖੀਆਂ ਸਨ। ਕੈਂਟਰ ਚਾਲਕ ਕ੍ਰਿਸ਼ਨ ਕੁਮਾਰ ਵਾਸੀ ਹੈਬੋਵਾਲ, ਲੁਧਿਆਣਾ ਵਿਰੁੱਧ ਥਾਣਾ ਫੇਜ਼-1 ਵਿੱਚ ਪਰਚਾ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਕ੍ਰਿਸ਼ਨ ਕੁਮਾਰ ਨੇ ਮੁੱਢਲੀ ਪੁੱਛਗਿੱਛ ਦੌਰਾਨ ਪੁਲੀਸ ਨੂੰ ਦੱਸਿਆ ਕਿ ਇਹ ਸ਼ਰਾਬ ਵਿੱਕੀ ਖੰਨਾ ਵਾਸੀ ਜ਼ੀਰਕਪੁਰ ਸਪਲਾਈ ਕਰਵਾਉਂਦਾ ਹੈ। ਮੁਲਜ਼ਮ ਦੀ ਨਿਸ਼ਾਨਦੇਹੀ ’ਤੇ ਪਿੰਡ ਮੌਹੜਾ, ਜ਼ਿਲ੍ਹਾ ਅੰਬਾਲਾ (ਹਰਿਆਣਾ) ’ਚ ਬਿਕਰਮ ਇੰਟਰਪ੍ਰਾਈਜਿਜ ਗੁਦਾਮ ’ਚ ਛਾਪਾ ਮਾਰ ਕੇ ਗੁਦਾਮ ’ਚ ਸ਼ਰਾਬ ਨਾਲ ਲੋਡਿਡ ਹਰਿਆਣਾ ਨੰਬਰ ਟਰੱਕ ਤੇ ਕੈਂਟਰ ਨੂੰ ਵੀ ਕਬਜ਼ੇ ਵਿੱਚ ਲੈ ਲਿਆ।
ਐੱਸਐੱਸਪੀ ਨੇ ਦੱਸਿਆ ਕਿ ਇਨ੍ਹਾਂ ਦੋਵਾਂ ਵਾਹਨਾਂ ’ਚ ਵੀ ਸ਼ਰਾਬ ਦੀਆਂ 3439 ਪੇਟੀਆਂ ਲੋਡ ਸਨ। ਉਨ੍ਹਾਂ ਦੱਸਿਆ ਕਿ ਵਿੱਕੀ ਵਾਸੀ ਰੋਆਇਲ ਮੋਤੀਆਂ, ਸਿਟੀ ਜ਼ੀਰਕਪੁਰ ਨੂੰ ਇਸ ਮਾਮਲੇ ’ਚ ਨਾਮਜ਼ਦ ਕਰਕੇ ਉਸ ਨੂੰ ਵੀ ਗ੍ਰਿਫ਼ਤਾਰ ਕਰ ਲਿਆ। ਦੋਵੇਂ ਮੁਲਜ਼ਮਾਂ ਵੱਲੋਂ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਨਾਜਾਇਜ਼ ਸ਼ਰਾਬ ਦਾ ਧੰਦਾ ਕੀਤਾ ਜਾ ਰਿਹਾ ਸੀ ਤੇ ਪੁਲੀਸ ਇਹ ਪਤਾ ਲਗਾ ਰਹੀ ਹੈ ਕਿ ਸ਼ਰਾਬ ਦੀ ਇਹ ਵੱਡੀ ਖੇਪ ਕਿੱਥੇ-ਕਿੱਥੇ ਸਪਲਾਈ ਕੀਤੀ ਜਾਣੀ ਸੀ।
ਨਾਜਾਇਜ਼ ਸ਼ਰਾਬ ਦੀਆਂ 45 ਪੇਟੀਆਂ ਸਣੇ ਦੋ ਕਾਬੂ
ਲਾਲੜੂ (ਪੱਤਰ ਪ੍ਰੇਰਕ) ਸਮਾਜ ਵਿਰੋਧੀ ਅਤੇ ਨਸ਼ਾ ਤਸਕਰਾਂ ਖ਼ਿਲਾਫ਼ ਚਲਾਈ ਗਈ ਮੁਹਿੰਮ ਦੇ ਚੱਲਦੇ ਡੀ.ਐਸ.ਪੀ ਡੇਰਾਬਸੀ ਗੁਰਬਖਸ਼ੀਸ਼ ਸਿੰਘ ਮਾਨ ਸਿੰਘ ਦੀ ਨਿਗਰਾਨੀ ਹੇਠ ਲਾਲੜੂ ਪੁਲੀਸ ਨੇ ਦੋ ਵਿਅਕਤੀਆਂ ਨੂੰ ਨਾਜਾਇਜ਼ ਸ਼ਰਾਬ ਫਾਰ ਸੇਲ ਹਰਿਆਣਾ ਦੀਆਂ 45 ਪੇਟੀਆਂ ਸਮੇਤ ਕਾਬੂ ਕੀਤਾ ਹੈ। ਥਾਣਾ ਮੁਖੀ ਲਾਲੜੂ ਜਸਵਿੰਦਰ ਸਿੰਘ ਨੇ ਦੱਸਿਆ ਕਿ ਨਾਕੇਬੰਦੀ ਦੌਰਾਨ ਲੈਹਲੀ-ਬਨੂੜ ਲਿੰਕ ਰੋਡ ’ਤੇ ਪਿੰਡ ਹਸਨਪੁਰ ਨੇੜੇ ਗੁਪਤ ਸੂਚਨਾ ਦੇ ਆਧਾਰ ’ਤੇ ਸੁਖਦੀਪ ਸਿੰਘ ਉਰਫ ਸੰਦੀਪ ਜਸਤ ਕਲੋਨੀ, ਲੈਹਲਰੀ ਰੋਡ, ਖੰਨਾ ਤੇ ਹਰਦੇਵ ਸਿੰਘ ਵਾਸੀ ਸਮਾਧ ਰੋਡ, ਖੰਨਾ ਜੋ ਆਪਣੀ ਕਾਰ ਨੰਬਰ ਪੀ.ਬੀ.11.ਸੀ.ਐਸ.4352 ਰਾਂਹੀ ਹਰਿਆਣਾ ਰਾਜ ਤੋਂ ਸਸਤੇ ਭਾਅ ਸਰਾਬ ਲਿਆ ਕੇ ਪੰਜਾਬ ’ਚ ਮਹਿੰਗੇ ਭਾਅ ਵੇਚਣ ਦਾ ਧੰਦਾ ਕਰਦੇ ਸਨ, ਨੂੰ ਪੁਲੀਸ ਨੇ ਕਾਬੂ ਕੀਤਾ ਹੈ। ਜਿਨ੍ਹਾਂ ਦੀ ਕਾਰ ਦੀ ਤਲਾਸ਼ੀ ਲੈਣ ’ਤੇ 18 ਪੇਟੀਆਂ ਸ਼ਰਾਬ ਮਾਰਕਾ ਫਸਟ ਚੁਆਇਸ ਮਸਾਲੇਦਾਰ ਦੇਸੀ, 15 ਪੇਟੀਆਂ ਸ਼ਰਾਬ ਮਾਰਕਾ ਫੌਜੀ ਨੰਬਰ 1 ਦੇਸੀ, 12 ਪੇਟੀਆਂ ਸ਼ਰਾਬ ਮਾਰਕਾ ਸੰਤਰਾ ਰੰਗੀਲਾ ਦੇਸੀ ਜੋ ਕੁੱਲ 45 ਪੇਟੀਆਂ ਬਣਦੀਆਂ ਹਨ, ਜਿਨ੍ਹਾਂ ’ਤੇ ਫਾਰ ਸੇਲ ਹਰਿਆਣਾ ਲਿਖਿਆ ਹੈ, ਬਰਾਮਦ ਕੀਤੀਆ ਹਨ।