ਗਗਨਦੀਪ ਅਰੋੜਾ
ਲੁਧਿਆਣਾ, 18 ਅਗਸਤ
ਸਨਅਤੀ ਸ਼ਹਿਰ ਵਿੱਚ ਦੁੱਗਰੀ ਇਲਾਕੇ ’ਚ ਦਿਨ ਦਿਹਾੜੇ ਤਿੰਨ ਵਿਅਕਤੀਆਂ ਨੇ ਇੱਕ ਘਰ ’ਚ ਦਾਖਲ ਹੋ ਕੇ ਤਿੰਨ ਮਹੀਨੇ ਦੇ ਬੱਚੇ ਨੂੰ ਅਗਵਾ ਕਰ ਲਿਆ। ਮੁਲਜ਼ਮਾਂ ਨੇ ਘਰ ’ਚ ਦਾਖਲ ਹੋ ਕੇ ਪਹਿਲਾਂ ਬੱਚੇ ਦੀ ਮਾਂ ਤੇ ਦਾਦੀ ਨਾਲ ਕੁੱਟਮਾਰ ਕੀਤੀ ਤੇ ਫਿਰ ਬੱਚਾ ਲੈ ਕੇ ਫ਼ਰਾਰ ਹੋ ਗਏ। ਜਦੋਂ ਤੱਕ ਤਿੰਨ ਮਹੀਨੇ ਦੇ ਬੱਚੇ ਨਿਹਾਲ ਦੀ ਮਾਂ ਰੌਲਾ ਪਾਉਂਦੀ, ਮੁਲਜ਼ਮ ਫ਼ਰਾਰ ਹੋ ਚੁੱਕੇ ਸਨ। ਉਸ ਨੇ ਤੁਰੰਤ ਇਸਦੀ ਜਾਣਕਾਰੀ ਨਿਹਾਲ ਦੇ ਪਿਤਾ ਸਾਜਨ ਨੂੰ ਦਿੱਤੀ, ਜਿਸ ਤੋਂ ਬਾਅਦ ਪੁਲੀਸ ਨੂੰ ਸ਼ਿਕਾਇਤ ਕੀਤੀ ਗਈ। ਸੂਚਨਾ ਮਿਲਣ ਤੋ ਬਾਅਦ ਜੁਆਇੰਟ ਪੁਲੀਸ ਕਮਿਸ਼ਨਰ ਸਿਟੀ ਡਾ. ਨਰਿੰਦਰ ਭਾਗਰਵ, ਡੀਸੀਪੀ ਕ੍ਰਾਈਮ ਵਰਿੰਦਰ ਸਿੰਘ ਬਰਾੜ ਦੇ ਨਾਲ ਨਾਲ ਪੁਲੀਸ ਫੋਰਸ ਸਣੇ ਮੌਕੇ ’ਤੇ ਪੁੱਜੇ। ਪੁਲੀਸ ਨੇ ਪਰਿਵਾਰ ਵਾਲਿਆਂ ਨਾਲ ਗੱਲ ਕੀਤੀ ਤੇ ਬੱਚੇ ਬਾਰੇ ਜਾਣਕਾਰੀ ਲਈ। ਹਾਲੇ ਤੱਕ ਦੀ ਜਾਂਚ ’ਚ ਇਹ ਪਤਾ ਲੱਗਿਆ ਹੈ ਕਿ ਬੱਚੇ ਦੇ ਪਿਤਾ ਜਾਂ ਫਿਰ ਹੋਰ ਪਰਿਵਾਰ ਵਾਲਿਆਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ। ਪੁਲੀਸ ਨੇ ਆਸ-ਪਾਸ ਦੇ ਸੀਸੀਟੀਵੀ ਕੈਮਰੇ ਚੈੱਕ ਕਰਨੇ ਸ਼ੁਰੂ ਕਰ ਦਿੱਤੇ ਹਨ। ਥਾਣਾ ਦੁੱਗਰੀ ਦੀ ਪੁਲੀਸ ਨੇ ਇਸ ਮਾਮਲੇ ’ਚ ਅਣਪਛਾਤੇ ਮੁਲਜ਼ਮਾਂ ਦੇ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲੀਸ ਮੁਲਜ਼ਮਾਂ ਦਾ ਪਤਾ ਲਾਉਣ ’ਚ ਲੱਗੀ ਹੈ।
ਨੇਹਾ ਨੇ ਦੱਸਿਆ ਕਿ ਡੇਢ ਸਾਲ ਪਹਿਲਾਂ ਉਸ ਦਾ ਵਿਆਹ ਸਾਜਨ ਨਾਲ ਹੋਇਆ ਸੀ। ਸਾਜਨ ਦਾ ਪਰਿਵਾਰ ਪਿਛਲੇ ਕਰੀਬ 12 ਸਾਲ ਤੋਂ ਸ਼ਹੀਦ ਭਗਤ ਸਿੰਘ ਨਗਰ ਇਲਾਕੇ ’ਚ ਰਹਿ ਰਿਹਾ ਹੈ। ਨੇਹਾ ਅਨੁਸਾਰ ਉਸਦਾ ਪਤੀ ਸਾਜਨ ਮੰਜੇ ਬਣਾਉਣ ਦਾ ਕੰਮ ਕਰਦਾ ਹੈ। ਉਨ੍ਹਾਂ ਦਾ ਤਿੰਨ ਮਹੀਨੇ ਦਾ ਲੜਕਾ ਨਿਹਾਲ ਹੈ। ਪਤੀ ਸਵੇਰੇ ਕਰੀਬ 7 ਵਜੇ ਕੰਮ ’ਤੇ ਨਿਕਲ ਜਾਂਦਾ ਹੈ। ਪਿੱਛੇ ਤੋਂ ਉਹ ਆਪਣੀ ਸੱਸ ਦੇ ਨਾਲ ਘਰ ’ਤੇ ਮੌਜੂਦ ਸੀ। ਇਸੇ ਦੌਰਾਨ ਕਰੀਬ 10 ਵਜੇ ਤਿੰਨ ਨੌਜਵਾਨ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ। ਆਉਂਦੇ ਹੀ ਉਨ੍ਹਾਂ ਨੇ ਨੇਹਾ ਤੇ ਉਸ ਦੀ ਸੱਸ ਨੂੰ ਕੁੱਟਿਆ ਤੇ ਤਿੰਨ ਮਹੀਨੇ ਦਾ ਬੱਚਾ ਖੋਹ ਕੇ ਆਪਣੇ ਹੱਥ ’ਚ ਲੈ ਲਿਆ ਤੇ ਫ਼ਰਾਰ ਹੋ ਗਏ। ਨੇਹਾ ਨੇ ਮੁਲਜ਼ਮਾਂ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ, ਪਰ ਉਹ ਤਿੰਨੇ ਮੁਲਜ਼ਮ ਸਿਰਫ਼ ਬੱਚਾ ਖੋਹ ਕੇ ਫ਼ਰਾਰ ਹੋ ਗਏ। ਇਸ ਤੋਂ ਬਾਅਦ ਉਸ ਨੇ ਤੁਰੰਤ ਪਤੀ ਨੂੰ ਫੋਨ ਕੀਤਾ ਤੇ ਰੌਲਾ ਪਾਇਆ। ਨੇਹਾ ਦਾ ਰੌਲਾ ਸੁਣ ਕੇ ਆਸ-ਪਾਸ ਦੇ ਲੋਕ ਘਰਾਂ ’ਚੋਂ ਬਾਹਰ ਨਿਕਲੇ, ਪਰ ਮੁਲਜ਼ਮ ਫ਼ਰਾਰ ਹੋ ਚੁੱਕੇ ਸਨ। ਦਿਨ ਦਿਹਾੜੇ ਅਜਿਹੀ ਵਾਰਦਾਤ ਨਾਲ ਇਲਾਕੇ ’ਚ ਕਾਫ਼ੀ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਉਸ ਇਲਾਕੇ ’ਚ ਪਰਵਾਸੀ ਮਜ਼ਦੂਰ ਕਾਫ਼ੀ ਰਹਿੰਦੇ ਹਨ। ਹਰ ਪਰਵਾਸੀ ਮਜ਼ਦੂਰ ਆਪਣੀ ਸੁਰੱਖਿਆ ਨੂੰ ਲੈ ਕੇ ਡਰਿਆ ਹੋਇਆ ਹੈ। ਦਿਨ ਦਿਹਾੜੇ ਬੱਚੇ ਨੂੰ ਅਗਵਾ ਕਰਨ ਦੀ ਸੂਚਨਾ ਮਿਲਣ ’ਤੇ ਪੁਲੀਸ ਉਥੇ ਪੁੱਜੀ। ਪੁਲੀਸ ਨੇ ਇਲਾਕੇ ’ਚ ਸਰਚ ਕੀਤੀ, ਪਰ ਕੁਝ ਪਤਾ ਨਹੀਂ ਲੱਗਿਆ। ਇਸ ਤੋਂ ਬਾਅਦ ਪੁਲੀਸ ਨੇ ਪਰਿਵਾਰ ਵਾਲਿਆਂ ਤੋਂ ਜਾਣਕਾਰੀ ਹਾਸਲ ਕੀਤੀ ਤੇ ਬੱਚੇ ਦੀ ਫੋਟੋ ਸ਼ੋਸ਼ਲ਼ ਮੀਡੀਆ ’ਤੇ ਵਾਇਰਲ ਕੀਤੀ। ਇਸ ਤੋਂ ਬਾਅਦ ਸੀਸੀਟੀਵੀ ਕੈਮਰੇ ਵੀ ਚੈੱਕ ਕੀਤੇ ਗਏ ਹਨ। ਇਸ ’ਚ ਕੁਝ ਸਬੂਤ ਵੀ ਪੁਲੀਸ ਹੱਥ ਲੱਗੇ ਹਨ।
ਡੀਸੀਪੀ ਕ੍ਰਾਈਮ ਵਰਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਇਲਾਕੇ ’ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਪੁਲ਼ੀਸ ਦੇ ਵੱਲੋਂ ਸੇਫ਼ ਸਿਟੀ ਪ੍ਰਾਜੈਕਟ ਦੇ ਤਹਿਤ ਲੱਗੇ ਸੀਸੀਟੀਵੀ ਕੈਮਰੇ ਵੀ ਚੈੱਕ ਕੀਤੇ ਜਾ ਰਹੇ ਹਨ। ਮੁਲਜ਼ਮਾਂ ਦੀ ਲੋਕੇਸ਼ਨ ਟਰੇਸ ਹੁੰਦੇ ਹੀ ਉਨ੍ਹਾਂ ਨੂੰ ਤੁਰੰਤ ਦਬੋਚ ਲਿਆ ਜਾਵੇਗਾ। ਪੁਲੀਸ ਦੀ ਪੂਰੀ ਕੋਸ਼ਿਸ਼ ਹੈ ਕਿ ਮਾਸੂਮ ਨਿਹਾਲ ਨੂੰ ਸੁਰੱਖਿਆ ਉਸ ਦੇ ਪਰਿਵਾਰ ਤੱਕ ਪੁੱਜਦਾ ਕੀਤਾ ਜਾਵੇਗਾ।