ਢਾਕਾ, 18 ਮਈ
ਇੱਥੇ ਆਪਣੀ ਖੋਜੀ ਪੱਤਰਕਾਰੀ ਲਈ ਮਸ਼ਹੂਰ ਇੱਕ ਸੀਨੀਅਰ ਬੰਗਲਾਦੇਸ਼ੀ ਮਹਿਲਾ ਪੱਤਰਕਾਰ ਨੂੰ ਪੁਲੀਸ ਨੇ ਬਸਤੀਵਾਦੀ ਦੌਰ ਦੇ ਸਰਕਾਰੀ ਭੇਦ ਗੁਪਤ ਰੱਖਣ ਦੇ ਕਾਨੂੰਨ ਦੀ ਉਲੰਘਣਾ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰ ਲਿਆ ਜਿਸ ਖ਼ਿਲਾਫ਼ ਮਨੁੱਖੀ ਅਧਿਕਾਰ ਕਾਰਕੁਨਾਂ ਤੇ ਉਸ ਦੇ ਸਾਥੀਆਂ ਨੇ ਮੁਜ਼ਾਹਰੇ ਸ਼ੁਰੂ ਕਰ ਦਿੱਤੇ। ਬੰਗਲਾ ਦੇਸ਼ ਦੇ ਰੋਜ਼ਾਨਾ ਅਖ਼ਬਾਰ ‘ਪ੍ਰੋਥਮ ਆਲੋ’ ਦੀ ਸੀਨੀਅਰ ਰਿਪੋਰਟਰ ਰੋਜ਼ੀਨਾ ਇਸਲਾਮ ਨੂੰ ਸਿਹਤ ਮੰਤਰਾਲੇ ਦੇ ਅਧਿਕਾਰੀਆਂ ਨੇ ਲਗਪਗ ਪੰਜ ਘੰਟਿਆਂ ਤੱਕ ਹਿਰਾਸਤ ਵਿੱਚ ਰੱਖਿਆ। ਉਸ ’ਤੇ ਬਿਨਾਂ ਆਗਿਆਂ ਇੱਕ ਦਸਤਾਵੇਜ਼ ਦੀ ਫੋਟੋ ਖਿੱਚਣ ਦਾ ਦੋਸ਼ ਹੈ। ਬਾਅਦ ’ਚ ਪੁਲੀਸ ਵੱਲੋਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਮੰਤਰਾਲੇ ਨੇ ਉਸ ਖ਼ਿਲਾਫ਼ ਲਗਪਗ ਅੱਧੀ ਰਾਤ ਨੂੰ 1923 ਦੇ ਸਰਕਾਰੀ ਭੇਦ ਗੁਪਤ ਰੱਖਣ ਦੇ ਕਾਨੂੰਨ ਤਹਿਤ ਕੇਸ ਦਰਜ ਕੀਤਾ ਹੈ। -ਪੀਟੀਆਈ