ਗੁਰਿੰਦਰ ਸਿੰਘ
ਲੁਧਿਆਣਾ, 20 ਮਾਰਚ
ਇਥੇ ਵੱਖ-ਵੱਖ ਇਲਾਕਿਆਂ ਵਿੱਚ ਚੋਰਾਂ ਵੱਲੋਂ ਲੱਖਾਂ ਰੁਪਏ ਦੇ ਗਹਿਣੇ, ਮੋਬਾਈਲ ਫੋਨ, ਘਰੇਲੂ ਸਾਮਾਨ, ਮਸ਼ੀਨਾਂ ਅਤੇ ਨਕਦੀ ਚੋਰੀ ਕਰਨ ਦੀ ਸੂਚਨਾ ਮਿਲੀ ਹੈ। ਥਾਣਾ ਬਸਤੀ ਜੋਧੇਵਾਲ ਦੀ ਪੁਲੀਸ ਨੂੰ ਨਵੀਂ ਦਾਣਾ ਮੰਡੀ ਬਹਾਦੁਰਕੇ ਰੋਡ ਵਾਸੀ ਰਾਜੇਸ਼ ਗਰਗ ਨੇ ਦੱਸਿਆ ਕਿ ਉਸ ਦੀ ਆਜ਼ਾਦ ਨਗਰ ਬਹਾਦਰਕੇ ਰੋਡ ਵਿਚ ਅਨਮੋਲ ਮਾਰਕੀਟਿੰਗ ਨਾਮ ਦੀ ਦੁਕਾਨ ਹੈ। ਰਾਤ ਨੂੰ ਉਹ ਦੁਕਾਨ ਬੰਦ ਕਰਕੇ ਘਰ ਆਇਆ ਸੀ ਅਤੇ ਸਵੇਰੇ ਉਸ ਦੇ ਗੁਆਂਢੀ ਨੇ ਫੋਨ ਕਰਕੇ ਦੁਕਾਨ ਦਾ ਸ਼ਟਰ ਟੁੱਟਿਆ ਹੋਣ ਬਾਰੇ ਜਾਣਕਾਰੀ ਦਿੱਤੀ। ਜਦੋਂ ਉਹ ਦੁਕਾਨ ’ਤੇ ਗਿਆ ਤਾਂ ਅੰਦਰ ਸਾਰਾ ਸਾਮਾਨ ਖਿੱਲਰਿਆ ਪਿਆ ਸੀ। ਪੜਤਾਲ ਕਰਨ ’ਤੇ ਪਤਾ ਲੱਗਾ ਕਿ ਅਣਪਛਾਤੇ ਵਿਅਕਤੀ ਓਪੋ ਦੇ ਪੰਜ, ਵੀਵੋ ਦੇ ਤਿੰਨ, ਟੈਕਨੋ ਦੇ ਦੋ, ਇੰਟਲ ਦੇ ਦੋ ਅਤੇ ਬਲੈਕਜ਼ੋਨ ਦੇ ਵੀਹ ਮੋਬਾਈਲ ਫੋਨ ਚੋਰੀ ਕਰਕੇ ਲੈ ਗਏ ਹਨ। ਜਾਂਚ ਅਧਿਕਾਰੀ ਰੂਪ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਕ ਹੋਰ ਮਾਮਲੇ ਵਿਚ ਥਾਣਾ ਸਲੇਮ ਟਾਬਰੀ ਦੀ ਪੁਲੀਸ ਨੂੰ ਮਾਡਲ ਟਾਊਨ ਐਕਸਟੈਂਸ਼ਨ ਵਾਸੀ ਰਾਕੇਸ਼ ਆਦੀਆ ਨੇ ਦੱਸਿਆ ਕਿ ਉਸ ਦੀ ਗੁਰੂ ਹਰ ਰਾਏ ਨਗਰ ਸਲੇਮ ਟਾਬਰੀ ਵਿੱਚ ਅੰਬਿਕਾ ਓਵਰਸੀਜ਼ ਫੈਕਟਰੀ ਹੈ। ਰਾਤ ਨੂੰ ਨਾਮਲੂਮ ਵਿਅਕਤੀ ਰੌਸ਼ਨਦਾਨ ਦੀ ਜਾਲੀ ਪੁੱਟਕੇ ਫੈਕਟਰੀ ਅੰਦਰ ਦਾਖ਼ਲ ਹੋ ਗਏ ਅਤੇ ਉਹ ਮਸ਼ੀਨਾਂ ਦੇ ਪੁਰਜ਼ੇ, ਐਲਸੀਡੀ, ਵੀਸੀਆਰ, ਜਰਨੇਟਰ ਦਾ ਸਾਮਾਨ, ਜਰਮਨ ਦੀਆਂ ਮਸ਼ੀਨਾਂ ਦੇ ਨਵੇਂ ਪੁਰਜ਼ੇ, ਟਰਾਂਸਫਾਰਮਰ ਤਾਰ, ਕੇਬਲ ਤਾਰ ਅਤੇ 150 ਪੀਸ ਨਵੇਂ ਤਿਆਰ ਕੀਤੇ ਸਵੈਟਰਾਂ ਤੋਂ ਇਲਾਵਾ ਦਫਤਰ ਅੰਦਰ ਬਣੇ ਮੰਦਰ ਦੀ ਚਾਂਦੀ ਦੀ ਮੂਰਤੀ ਚੋਰੀ ਕਰਕੇ ਲੈ ਗਏ ਹਨ। ਜਾਂਚ ਅਧਿਕਾਰੀ ਜਨਕ ਰਾਜ ਨੇ ਦੱਸਿਆ ਕਿ ਪੁਲੀਸ ਵੱਲੋਂ ਕੇਸ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਪੱਖੋਵਾਲ ਰੋਡ ਸਥਿਤ ਇਕ ਮੈਰਿਜ ਪੈਲੇਸ ਵਿੱਚੋ ਵਿਆਹ ਦੀ ਪਾਰਟੀ ਦੌਰਾਨ ਅਣਪਛਾਤੇ ਵਿਅਕਤੀ ਲਾੜੇ ਦੇ ਪਿਤਾ ਦਾ ਬੈਗ ਚੋਰੀ ਕਰਕੇ ਲੈ ਗਏ ਹਨ। ਚੰਦਰ ਨਗਰ ਹੈਬੋਵਾਲ ਵਾਸੀ ਸਤਿਜੀਤ ਸਿੰਘ ਨੇ ਦੱਸਿਆ ਕਿ ਉਸ ਦੇ ਲੜਕੇ ਅੰਮ੍ਰਿਤ ਸਿੰਘ ਦੇ ਵਿਆਹ ਦੀ ਪਾਰਟੀ ਰਿਵੇਰਾ ਰਿਜ਼ੌਰਟ ਵਿੱਚ ਸੀ। ਉਸ ਕੋਲ ਇਕ ਬੈਗ ਸੀ ਜਿਸ ਵਿੱਚ ਸ਼ਗਨਾਂ ਦੇ 45 ਹਜ਼ਾਰ ਦੇ ਕਰੀਬ ਰੁਪਏ, ਸੋਨੇ ਦਾ ਹਾਰ, ਸੋਨੇ ਦੇ ਟੋਪਸ, ਦੋ ਮੋਫੇਨ ਅਤੇ ਦੋ ਮੋਬਾਈਲ ਫੋਨ ਰੱਖੇ ਹੋਏ ਸਨ ਜੋ ਬੈਗ ਸਮੇਤ ਚੋਰੀ ਹੋ ਗਏ ਹਨ। ਜਾਂਚ ਅਧਿਕਾਰੀ ਹਰਮੇਸ਼ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।