ਨਵੀਂ ਦਿੱਲੀ, 20 ਜੂਨ
ਅਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹਿਮਾਚਲ ਪ੍ਰਦੇਸ਼ ਦੇ ਭਾਜਪਾ ਆਗੂ ਸੂੁਬੇ ਵਿੱਚ ਭਾਜਪਾ ਦੀ ਕਾਰਗੁਜ਼ਾਰੀ ਸਬੰਧੀ ਸਿੱਧੇ ਤੌਰ ’ਤੇ ਲੋਕਾਂ ਤੋਂ ਸੁਝਾਅ ਲੈਣਗੇ। ਪਾਰਟੀ ਵੱਲੋਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਲੋਕਾਂ ਦੀਆਂ ਸਮੱਸਿਆਵਾਂ ਬਾਰੇ ਜਾਣਨ ਲਈ ਇਹ ਕਾਰਜ ਕਰਨ ਦੀ ਯੋਜਨਾ ਹੈ। ਯੋਜਨਾ ਅਨੁਸਾਰ ਪਾਰਟੀ ਨਾਲ ਸਬੰਧਤ ਮੰਤਰੀਆਂ ਨੂੰ ਜ਼ਿਲ੍ਹਿਆਂ ਦੀ ਵੰਡ ਕਰ ਕੇ ਲੋਕਾਂ ਦੀ ਰਾਇ ਇਕੱਠੀ ਕੀਤੀ ਜਾਵਗੀ ਤਾਂ ਜੋ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਰੂਪ-ਰੇਖਾ ਤਿਆਰ ਕੀਤੀ ਜਾ ਸਕੇ।
ਭਾਜਪਾ ਦੇ ਸੂਬਾਈ ਸਹਿ-ਇੰਚਾਰਜ ਸੰਜੈ ਟੰਡਨ ਨੇ ਦੱਸਿਆ ਕਿ ਹਰੇਕ ਮੰਤਰੀ ਨੂੰ ਜ਼ਿਲ੍ਹੇ ਦਾ ਇੰਚਾਰਜ ਥਾਪਿਆ ਜਾਵੇਗਾ ਤੇ ਉਹ ਲੋਕਾਂ ਤੱਕ ਪਹੁੰਚ ਕਰ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਪਤਾ ਲਾਉਣਗੇ। ਟੰਡਨ ਨੇ ਕਿਹਾ, ‘ਜ਼ਿਲ੍ਹਿਆਂ ਦੇ ਇੰਚਾਰਜ ਮੰਤਰੀ ਲੋਕਾਂ ਤੇ ਸਰਕਾਰ ਵਿਚਕਾਰ ਕੜੀ ਦਾ ਕੰਮ ਕਰਨਗੇ।’ ਉਨ੍ਹਾਂ ਤੋਂ ਇਲਾਵਾ ਸੀਨੀਅਰ ਭਾਜਪਾ ਆਗੂ ਵੀ ਪਾਰਟੀ ਦੀ ਸੂਬਾਈ ਸਰਕਾਰ ਬਾਰੇ ਲੋਕਾਂ ਦੀ ਆਮ ਰਾਇ ਜਾਣਨਗੇ। ਉਨ੍ਹਾਂ ਕਿਹਾ ਕਿ ਸਿੱਧੀ ਗੱਲਬਾਤ ਤੋਂ ਵਧੀਆ ਕੋਈ ਬਦਲ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਹਿਮਾਚਲ ਪ੍ਰਦੇਸ਼ ਸਰਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਸੂਬੇ ਦੇ ਲੋਕਾਂ ਦੀ ਭਲਾਈ ਤੇ ਸੂਬੇ ਦੇ ਵਿਕਾਸ ਲਈ ਕੰਮ ਕਰ ਰਹੀ ਹੈ।
ਦੱਸਣਯੋਗ ਹੈ ਕਿ ਭਾਜਪਾ ਦੀ ਹਿਮਾਚਲ ਭਾਜਪਾ ਇਕਾਈ ਨੇ ਹਾਲ ਵਿੱਚ ਹੀ ਅਗਾਮੀ ਚੋਣਾਂ ਦੀ ਤਿਆਰੀ ਲਈ ਤਿੰਨ ਦਿਨਾਂ ਸੈਸ਼ਨ ਕੀਤੇ। ਇਨ੍ਹਾਂ ਸੈਸ਼ਨਾਂ ਵਿੱਚ ਭਾਜਪਾ ਦੇ ਕੌਮੀ ਵਾਈਸ ਪ੍ਰਧਾਨ ਸੌਦਾਨ ਸਿੰਘ, ਸਟੇਟ ਇੰਚਾਰਜ ਅਵਿਨਾਸ਼ ਰਾਏ ਖੰਨਾ ਤੇ ਟੰਡਨ ਸ਼ਾਮਲ ਹੋਏ। -ਆਈਏਐੱਨਐੱਸ