ਹਕੀਕਤ ਕੁਝ ਹੋਰ
19 ਜੂਨ ਨੂੰ ਆਪਣੇ ਲੇਖ ‘ਟਿਕਾਊ ਵਿਕਾਸ ਪੱਖੋਂ ਪਛੜਦਾ ਭਾਰਤ’ ਵਿਚ ਡਾ. ਗੁਰਿੰਦਰ ਕੌਰ ਨੇ ਭਾਰਤ ਦੇ ਵਿਕਾਸ ਦੀ ਸਹੀ ਤਸਵੀਰ ਪੇਸ਼ ਕੀਤੀ ਹੈ। ਇਹ ਖ਼ੁਲਾਸੇ ਪੜ੍ਹ ਕੇ ਮਨ ਮਾਯੂਸ ਹੋ ਗਿਆ। ਮੁਲਕ ਦੇ ਜ਼ਿਆਦਾਤਰ ਟੈਲੀਵਿਜ਼ਨ ਚੈਨਲਾਂ ਅਤੇ ਹੋਰ ਪ੍ਰਸਾਰ ਸਾਧਨਾਂ ਉੱਤੇ ਮੁਲਕ ਦੀ ਤਰੱਕੀ ਦੇ ਸੋਹਲੇ ਗਾਏ ਜਾ ਰਹੇ ਹਨ ਪਰ ਅਸਲੀਅਤ ਕੁਝ ਹੋਰ ਹੈ।
ਜਗਦੇਵ ਸਿੰਘ ਝੱਲੀ, ਪਿੰਡ ਚੌਕੀਮਾਨ (ਲੁਧਿਆਣਾ)
(2)
ਡਾ. ਗੁਰਿੰਦਰ ਕੌਰ ਦਾ ਲੇਖ ਸੱਚ ਬਿਆਨ ਕਰਦਾ ਹੈ। ਕਈ ਮਾਮਲਿਆਂ ਵਿਚ ਆਪਣਾ ਮੁਲਕ ਗੁਆਂਢੀ ਮੁਲਕਾਂ ਤੋਂ ਵੀ ਬਹੁਤ ਪਿੱਛੇ ਹੈ। ਅਸਲ ਵਿਚ ਸਾਡੇ ਸਿਆਸਤਦਾਨ ਫ਼ੋਕੀਆਂ ਫੜ੍ਹਾਂ ਮਾਰਦੇ ਹਨ।
ਬਲਦੇਵ ਸਿੰਘ ਚੀਮਾ, ਲਹਿਰਾਗਾਗਾ (ਸੰਗਰੂਰ)
(3)
ਡਾ. ਗੁਰਿੰਦਰ ਕੌਰ ਦੇ ਲੇਖ ‘ਟਿਕਾਊ ਵਿਕਾਸ ਵਿਚ ਪਛੜਦਾ ਭਾਰਤ’ ਵਿਚ ਦੇਸ਼ ਦੀ ਨਿੱਘਰ ਰਹੀ ਹਾਲਤ ਦਾ ਵਰਨਣ ਕਰਦਿਆਂ ਦੱਸਿਆ ਗਿਆ ਹੈ ਕਿ ਭਾਰਤ ਹਰ ਖੇਤਰ ਵਿਚ ਥੱਲੇ ਜਾ ਰਿਹਾ ਹੈ। ਮਰਦ ਔਰਤ ਦਾ ਅਨੁਪਾਤ, ਵਧ ਰਿਹਾ ਪ੍ਰਦੂਸ਼ਣ, ਕਾਨੂੰਨ ਵਿਵਸਥਾ ਦੀ ਮਾੜੀ ਹਾਲਤ, ਦਿਨੋ-ਦਿਨ ਵਧ ਰਹੇ ਅਪਰਾਧ, ਭੁੱਖਮਰੀ, ਭ੍ਰਿਸ਼ਟਾਚਾਰ, ਧਰਮ ਦੀ ਰਾਜਨੀਤੀ ਤੇ ਹੋਰ ਕਈ ਤਰ੍ਹਾਂ ਦੇ ਜੁਰਮ ਬੜੀ ਤੇਜ਼ੀ ਨਾਲ ਸਮਾਜ ਨੂੰ ਗੰਧਲਾ ਕਰ ਰਹੇ ਹਨ। ਇੰਟਰਨੈੱਟ ਅੰਕ ‘ਤਬਸਰਾ’ ਵਿਚ ਸਰਵਣ ਸਿੰਘ ਦੇ ਕਾਲਮ ‘ਪੰਜਾਬੀ ਖੇਡ ਸਾਹਿਤ’ ਵਿਚ ਨਵੇਂ ਪੁਰਾਣੇ ਖਿਡਾਰੀਆਂ ਤੇ ਲੇਖਕਾਂ ਦੇ ਰੇਖਾ ਚਿੱਤਰ ਪੇਂਡੂ ਬੋਲੀ ਵਿਚ ਸ਼ਿੰਗਾਰ ਕੇ ਪੇਸ਼ ਕੀਤੇ ਹੁੰਦੇ ਹਨ।
ਸੁਖਦੇਵ ਸਿੰਘ ਭੁੱਲੜ, ਸੁਰਜੀਤਪੁਰਾ (ਬਠਿੰਡਾ)
ਅਧਿਆਪਕਾਂ ਦਾ ਘੋਲ
18 ਜੂਨ ਦੇ ਨਜ਼ਰੀਆ ਪੰਨੇ ’ਤੇ ਗੁਰੀ ਕੁਸਲਾ ਨੇ ਆਪਣੇ ਲੇਖ ‘ਪੇਰੂ ਦਾ ਪੇਦਰੋ ਕਾਸਤੀਲੋ ਅਤੇ ਅਧਿਆਪਕਾਂ ਦਾ ਘੋਲ’ ਵਿਚ ਪੰਜਾਬ ਨੂੰ ਪੇਰੂ ਬਣਨ ਦੀ ਗੱਲ ਕਹੀ ਹੈ। ਅਸਲ ਵਿਚ ਪੇਰੂ ਬਣਨ ਨੂੰ ਓਨਾ ਹੀ ਸਮਾਂ ਲੱਗਣਾ ਹੈ, ਜਿੰਨਾ ਲੋਕਤੰਤਰੀ ਦੇਸ਼ ਦੀ ਸਰਕਾਰ ਨੂੰ ਤਾਨਾਸ਼ਾਹੀ ਛੱਡਣ ਨੂੰ। ਇਸੇ ਪੰਨੇ ’ਤੇ ਸੰਪਾਦਕੀ ‘ਨਿਆਂ ਪ੍ਰਣਾਲੀ ’ਤੇ ਸਵਾਲ’ ਗੁਰੀ ਕੁਸਲਾ ਦੇ ਸ਼ੰਕਿਆਂ ਦਾ ਨਿਵਾਰਨ ਹੈ। ਸੰਘਰਸ਼ੀ ਆਗੂਆਂ ਨੂੰ ਇਨਸਾਫ਼ ਦੀ ਥਾਂ ਜੇਲ੍ਹਾਂ ਮਿਲਦੀਆਂ ਹਨ, ਉਹ ਵੀ ਗੁਨਾਹ ਸਾਬਿਤ ਹੋਣ ਤੋਂ ਪਹਿਲਾਂ ਹੀ। ਉਂਜ ਵੀ ਸਾਰੇ ਅਧਿਆਪਕ ਪ੍ਰਸ਼ੰਸਾ ਵਾਲੇ ‘ਕਾਗਜ਼ ਦੇ ਟੁਕੜੇ’ ਤਕ ਹੀ ਸੀਮਤ ਨਹੀਂ ਹਨ।
ਮਨਦੀਪ ਕੌਰ, ਲੁਧਿਆਣਾ
(2)
ਗੁਰੀ ਕੁਸਲਾ ਦਾ ਮਿਡਲ ‘ਪੇਰੂ ਦਾ ਪੇਦਰੋ ਕਾਸਤੀਲੋ ਅਤੇ ਅਧਿਆਪਕਾਂ ਦਾ ਘੋਲ’ ਦੱਖਣੀ ਅਮਰੀਕਾ ਦੇ ਨਿੱਕੇ ਜਿਹੇ ਮੁਲਕ ਪੇਰੂ ਵਿਚ ਸੰਘਰਸਸ਼ੀਲ ਅਧਿਆਪਕ ਦੁਆਰਾ ਦੇਸ਼ ਦੀ ਸਿਆਸਤ ਵਿਚ ਭੁਚਾਲ ਲਿਆਉਣ ਵਾਲੀ ਵਧੀਆ ਜਾਣਕਾਰੀ ਦਿੰਦਾ ਹੈ। ਅੱਜ ਬਹੁਤ ਸਾਰੇ ਦੇਸ਼ਾਂ ਵਿਚ ਸਿੱਖਿਆ ਦਾ ਵਪਾਰੀਕਰਨ ਕਰ ਕੇ ਵਿੱਦਿਆ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਕੀਤੀ ਜਾ ਰਹੀ ਹੈ।
ਯੋਗਰਾਜ, ਭਾਗੀਬਾਂਦਰ (ਬਠਿੰਡਾ)
ਕੀਰਤਨ ਪਰੰਪਰਾ
16 ਜੂਨ ਦੇ ਵਿਰਾਸਤ ਪੰਨੇ ਉੱਤੇ ਤੀਰਥ ਸਿੰਘ ਢਿੱਲੋਂ ਦਾ ਲੇਖ ‘ਰੁੱਤਾਂ ਨਾਲ ਸਬੰਧਿਤ ਕੀਰਤਨ ਪਰੰਪਰਾ’ ਛਪਿਆ ਹੈ। ਗੁਰਬਾਣੀ ਵਿਚ ‘ਜੇਹੀ ਰੁਤਿ ਕਾਇਆ ਸੁਖੁ ਤੇਹਾ ਤੇਹੋ ਜੇਹੀ ਦੇਹੀ।।’ (ਪੰਨਾ 1254) ਦੁਆਰਾ ਮਨੁੱਖ ਉੱਤੇ ਰੁੱਤ ਪ੍ਰਭਾਵ ਦੇ ਮਨੋਵਿਗਿਆਨਕ ਸੱਚ ਨੂੰ ਪ੍ਰਵਾਨ ਕੀਤਾ ਗਿਆ ਹੈ। ਇਸ ਲਈ ਸਿੱਖੀ ਵਿਚ ‘ਰੁੱਤਾਂ ਨਾਲ ਸਬੰਧਿਤ ਕੀਰਤਨ ਪਰੰਪਰਾ’ ਹੋਣੀ ਸੁਭਾਵਿਕ ਹੈ ਪਰ ਗੁਰਬਾਣੀ ਅੰਦਰਲੇ ‘ਥਿਤੀ ਵਾਰ ਸੇਵਹਿ ਮੁਗਧ ਗਵਾਰ।।’ (ਪੰਨਾ 843) ਵਰਗੇ ਬੇਬਾਕੀਆ ਐਲਾਨ ਦੇ ਚਾਨਣ ਵਿਚ ਅਜਿਹਾ ਮੰਨਣਾ ਅਸੰਭਵ ਹੈ ਕਿ ਹਰ ਮਹੀਨੇ ਦੀ ਸੰਗਰਾਂਦ ਨੂੰ ਬਾਰਾਮਾਹ ਵਿਚੋਂ ਸਬੰਧਿਤ ਸ਼ਬਦ ਦੇ ਪਾਠ ਅਤੇ ਕੀਰਤਨ ਦੀ ਪਰੰਪਰਾ ਗੁਰੂ ਕਾਲ ਤੋਂ ਹੈ। ਗੁਰਬਾਣੀ ਮੁਤਾਬਿਕ ਚੇਤ ਤੇ ਵੈਸਾਖ ਬਸੰਤ ਰੁੱਤ ਅਤੇ ਮਾਘ ਤੇ ਫੱਗਣ ਬਰਫ਼ਾਨੀ (ਹਿਮਕਰ) ਰੁੱਤ ਦੇ ਮਹੀਨੇ ਮੰਨੇ ਗਏ ਹਨ। ‘ਹੋਲੀ ਕੀਨੀ ਸੰਤ ਸੇਵ।।’ (ਪੰਨਾ 1180) ਗੁਰਵਾਕ ਦੀ ਰੌਸ਼ਨੀ ਵਿਚ ‘ਸ੍ਰੀ ਕ੍ਰਿਸ਼ਨ ਤੇ ਗੋਪੀਆਂ’ ਵਾਲੀ ਹੋਲੀ ਦੇ ਚਿਤਰਨ ਦਾ ਗਾਇਨ ਵੀ ਗੁਰਮਤਿ ਪਰੰਪਰਾ ਨਹੀਂ ਜਾਪਦੀ। ਹੋ ਸਕਦਾ ਹੈ, ਇਹ ਸਭ ਮਹੰਤ ਕਾਲ ਵਿਚ ਸ਼ੁਰੂ ਹੋਇਆ ਹੋਵੇ। ਇਸ ਲਈ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਚ ਮਾਘ ਦੀ ਸੰਗਰਾਂਦ ਤੋਂ ਬਸੰਤ ਰਾਗ ਅਤੇ ਸ੍ਰੀ ਆਨੰਦਪੁਰ ਸਾਹਿਬ ਦੇ ਹੋਲੀ ਗਾਇਨ ਦੀਆਂ ਲੇਖ ਵਿਚਲੀਆਂ ਉਪਰੋਕਤ ਪਰੰਪਰਾਵਾਂ ਬਾਰੇ ਤੀਰਥ ਸਿੰਘ ਢਿੱਲੋਂ ਜੀ ਵਰਗੇ ਵਿਦਵਾਨਾਂ ਨੂੰ ਗੰਭੀਰਤਾ ਸਹਿਤ ਵਿਚਾਰਨ ਦੀ ਲੋੜ ਹੈ।
ਜਗਤਾਰ ਸਿੰਘ ਜਾਚਕ, ਨਿਊਯਾਰਕ (ਅਮਰੀਕਾ)
ਬਚਪਨ ਦਾ ਦੌਰ
11 ਜੂਨ ਦੇ ਅੰਕ ਵਿਚ ਪ੍ਰੋਫ਼ੈਸਰ ਮੋਹਣ ਸਿੰਘ ਦਾ ਮਿਡਲ ਲੇਖ ‘ਸੋਮਵਾਰੀ ਮੱਸਿਆ’ ਪੜ੍ਹਿਆ। ਉਨ੍ਹਾਂ ਬਚਪਨ ਦੇ ਉਸ ਦੌਰ ਨਾਲ ਰੂ-ਬ-ਰੂ ਕਰਵਾਇਆ ਹੈ ਜਿਸ ਰਾਹੀਂ ਉਸ ਵਕਤ ਦੇ ਸਮਾਜਿਕ, ਆਰਥਿਕ ਅਤੇ ਪਰਿਵਾਰਕ ਹਾਲਾਤ ਦੀ ਭਰਪੂਰ ਜਾਣਕਾਰੀ ਮਿਲਦੀ ਹੈ।
ਮਹਿੰਦਰਪਾਲ ਸਿੰਘ, ਅੰਮ੍ਰਿਤਸਰ
ਸਫ਼ਾਈ ਕਾਮਿਆਂ ਦੀ ਆਵਾਜ਼
ਨਜ਼ਰੀਆ ਪੰਨੇ ’ਤੇ ਕੰਵਲਜੀਤ ਖੰਨਾ ਦੇ ਲੇਖ ‘ਸਫ਼ਾਈ ਕਾਮਿਆਂ ਦੀ ਆਵਾਜ਼ ਕੌਣ ਸੁਣੇਗਾ?’ (8 ਜੂਨ) ਨੇ ਝੰਜੋੜ ਕੇ ਰੱਖ ਦਿੱਤਾ। ਲੇਖਕ ਨੇ ਸਫ਼ਾਈ ਕਾਮਿਆਂ ਦੀ ਦਾਸਤਾਨ ਬਾਰੇ ਦੱਸਿਆ ਹੈ ਕਿ ਕਿਵੇਂ ਸਰਕਾਰੀ ਤੰਤਰ ਅਤੇ ਧਨਾਢ ਲੋਕਾਂ ਦੁਆਰਾ ਇਨ੍ਹਾਂ ਕਾਮਿਆਂ ਦੀ ਲੁੱਟ ਕੀਤੀ ਜਾਂਦੀ ਹੈ।
ਮਨਮੋਹਨ ਸਿੰਘ, ਨਾਭਾ
ਪਿੰਡ ਦਾ ਮਾਣ
5 ਜੂਨ ਨੂੰ ਸਤਰੰਗ ਪੰਨੇ ’ਤੇ ਇਨਕਲਾਬੀ ਕਵੀਸ਼ਰੀ ਜੱਥਾ ਰਸੂਲਪੁਰ ਬਾਰੇ ਕੰਵਲਜੀਤ ਖੰਨਾ ਦਾ ਲੇਖ ਪੜ੍ਹ ਕੇ ਮਨ ਖੁਸ਼ ਹੋਇਆ ਕਿ ਸਾਡੇ ਪਿੰਡ ਦੇ ਇਸ ਜੱਥੇ ਨੇ ਪਿੰਡ ਦਾ ਨਾਮ ਰੌਸ਼ਨ ਕੀਤਾ ਹੈ। ਲਿਖਤ ਦੀ ਸੀਮਤਾਈ ਹੋਣ ਕਰ ਕੇ ਬਹੁਤ ਸਾਰੀਆਂ ਅਹਿਮ ਗੱਲਾਂ ਜੱਥੇ ਬਾਰੇ ਲਿਖਣੀਆਂ ਰਹਿ ਗਈਆਂ ਹਨ। ਇਹ ਜੱਥਾ ਮਜ਼ਦੂਰਾਂ ਦੇ ਵਿਹੜਿਆਂ ਵਿਚ ਬਿਨਾ ਮਾਇਕ ਤੋਂ ਵੀ ਗਾ ਲੈਂਦਾ ਹੈ। ਦਿੱਲੀ ਮੋਰਚੇ ਲਈ ਵੀ ਵੱਖ ਵੱਖ ਜੱਥੇਬੰਦੀਆਂ ਨਾਲ ਜਾ ਕੇ ਜੱਥੇ ਨੇ ਲੋਕਾਂ ਨੂੰ ਲਾਮਬੰਦ ਕੀਤਾ ਅਤੇ ਨਵੀਆਂ ਰਚਨਾਵਾਂ ਲਿਖੀਆਂ।
ਪਵਨਦੀਪ ਰਸੂਲਪੁਰ (ਲੁਧਿਆਣਾ)
ਇਤਿਹਾਸ ਦੀ ਰਾਖੀ
11 ਜੂਨ ਨੂੰ ਨਜ਼ਰੀਆ ਪੰਨੇ ’ਤੇ ਅਮਨਦੀਪ ਸਿੰਘ ਸੇਖੋਂ ਦਾ ਲੇਖ ‘ਇਤਿਹਾਸ ਦੀ ਰਾਖੀ ਲਈ ਲੜਾਈ’ ਸੋਚਣ ਲਈ ਮਜਬੂਰ ਕਰਦਾ ਹੈ। ਕੇਂਦਰ ਸਰਕਾਰ ਨੇ ਸੈਂਟਰਲ ਵਿਸਟਾ ਪ੍ਰਾਜੈਕਟ ਬਣਾਉਣ ਲਈ ਉਸ ਵਿਚ ਮੌਜੂਦ ਰਾਸ਼ਟਰੀ ਅਭਿਲੇਖਾਗਾਰ, ਜੋ ਇਤਿਹਾਸਕ ਇਮਾਰਤ ਹੈ, ਨੂੰ ਤੋੜਨ ਦੀ ਤਿਆਰੀ ਕਰ ਲਈ ਹੈ। ਲੇਖਕ ਦਾ ਵਾਜਬਿ ਖ਼ਦਸ਼ਾ ਹੈ ਕਿ ਇਸ ਭੰਨ-ਤੋੜ ਦੀ ਉਥਲ-ਪੁਥਲ ਵਿਚ ਮਹੱਤਵਪੂਰਨ ਇਤਿਹਾਸਕ ਦਸਤਾਵੇਜ਼ ਇਕ ਥਾਂ ਤੋਂ ਦੂਜੀ ਥਾਂ ’ਤੇ ਲਿਜਾਣ ਸਮੇਂ ਗੁੰਮ ਹੋ ਸਕਦੇ ਹਨ ਜਾਂ ਗੁੰਮ ਕੀਤੇ ਜਾਸਕਦੇ ਹਨ। ਸਰਕਾਰ ਦੀ ਪਿਛਲੇ ਸਮੇਂ ਦੀ ਕਾਰਗੁਜ਼ਾਰੀ ਤੋਂ ਪਤਾ ਲੱਗਦਾ ਹੈ ਕਿ ਇਹ ਇਤਿਹਾਸ ਨੂੰ ਤੋੜ-ਮਰੋੜ ਕੇ ਪੇਸ਼ ਕਰ ਰਹੀ ਹੈ।
ਹਰਨੰਦ ਸਿੰਘ, ਬੱਲਿਆਂਵਾਲਾ (ਤਰਨ ਤਾਰਨ)