ਪੱਤਰ ਪ੍ਰੇਰਕ
ਜਲੰਧਰ, 1 ਮਾਰਚ
ਪਲਾਸਟਿਕ ਪ੍ਰਦੂਸ਼ਣ ਵਿਰੁੱਧ ਬਣੇ ਐਕਸ਼ਨ ਗਰੁੱਪ ਦੇ ਮੈਂਬਰਾਂ ਨੇ ਕੂੜੇ ਦੇ ਡੰਪ ’ਤੇ ਸੈਲਫੀ ਪੁਆਇੰਟ ਬਣਾ ਕੇ ਨਗਰ ਨਿਗਮ ਦੇ ਪ੍ਰਬੰਧਾਂ ਦਾ ਮਜ਼ਾਕ ਉਡਾਇਆ ਹੈ। ਪਲਾਸਟਿਕ ਕਾਰਨ ਵਾਤਾਵਰਨ ’ਚ ਹੋ ਰਹੇ ਵਿਗਾੜ ਵਿਰੁੱਧ ਕੰਮ ਕਰਨ ਵਾਲੇ ਇਨ੍ਹਾਂ ਨੌਜਵਾਨਾਂ ਨੇ ਨਗਰ ਨਿਗਮ ਦਫਤਰ ਦੇ ਬਾਹਰ ਨਾਅਰੇਬਾਜ਼ੀ ਕੀਤੀ। ਉਥੋਂ ਹੀ ਨਾਅਰੇਬਾਜ਼ੀ ਕਰਦੇ ਇਹ ਨੌਜਵਾਨ ਪਲਾਜ਼ਾ ਚੌਕ ਕੂੜਾ ਡੰਪ ਵੱਲ ਗਏ ਜਿਥੇ ਉਨ੍ਹਾਂ ਨੇ ਸੈਲਫੀ ਪੁਆਇੰਟ ਬਣਾ ਕੇ ਨਗਰ ਨਿਗਮ ਦਾ ਮਜ਼ਾਕ ਉਡਾਇਆ। ਮੈਂਬਰਾਂ ਦਾ ਕਹਿਣਾ ਸੀ ਕਿ ਉਹ ਸ਼ਹਿਰ ਵਿੱਚ ਜਿਥੇ ਵੀ ਨਗਰ ਨਿਗਮ ਨੇ ਕੂੜੇ ਦਾ ਡੰਪ ਬਣਾਇਆ ਹੈ ਉਥੇ ਜਾ ਕੇ ਸੈਲਫੀ ਪੁਆਇੰਟ ਬਣਾ ਕੇ ਲੋਕਾਂ ਦਾ ਧਿਆਨ ਖਿੱਚਦੇ ਹਨ ਤੇ ਸ਼ਹਿਰ ਦੇ ਲੋਕਾਂ ਨੂੰ ਸੁਨੇਹਾ ਦਿੰਦੇ ਹਨ ਕਿ ਦੇਖੋ ਨਗਰ ਨਿਗਮ ਨੇ ਇਥੇ ਕੂੜਾ ਸੁੱਟ ਕੇ ਕਿੰਨਾ ਖੂਬਸੂਰਤ ਦ੍ਰਿਸ਼ ਬਣਾਇਆ ਹੈ, ਜਿਸ ਦੀਆਂ ਯਾਦਗਾਰੀ ਤਸਵੀਰਾਂ ਖਿੱਚ ਕੇ ਸ਼ਹਿਰ ਦੀ ‘ਸੋਭਾ’ ਵਧਾਉਣ ਦੀ ਅਪੀਲ ਕੀਤੀ ਜਾਂਦੀ ਹੈ। ਪਲਾਸਟਿਕ ਪ੍ਰਦੂਸ਼ਣ ਵਿਰੁੱਧ ਬਣੇ ਇਸ ਐਕਸ਼ਨ ਗਰੁੱਪ ਦੇ ਮੈਂਬਰਾਂ ’ਚੋਂ ਗੁਨਵੰਤ ਸਿੰਘ ਅਟਵਾਲ ਨੇ ਦੱਸਿਆ ਕਿ ਪਲਾਸਟਿਕ ਵਿਰੁੱਧ ਉਨ੍ਹਾਂ ਦੀ ਸੰਸਥਾ ਹਰ ਹਫਤੇ ਵੱਖ-ਵੱਖ ਥਾਵਾਂ ’ਤੇ ਰੋਸ ਪ੍ਰਦਰਸ਼ਨ ਕਰਦੀ ਹੈ। ਇਸ ਪ੍ਰਦਰਸ਼ਨ ਵਿਚ ਡਾਕਟਰ ਨਵਨੀਤ ਭੁੱਲਰ, ਡਾ. ਆਸ਼ਿਮਾ ਗੁਪਤਾ, ਪੱਲਵੀ ਖੰਨਾ ਤੇ ਹੋਰ ਕਾਰਕੁਨ ਸ਼ਾਮਲ ਸਨ। ਉਨ੍ਹਾਂ ਨੂੰ ਦੋ ਸਮਾਜ ਸੇਵੀ ਜਥੇਬੰਦੀਆਂ ਸਮਰਪਣ-ਟੂ-ਦਿ ਨੇਸ਼ਨ ਤੋਂ ਅਮਿਤ ਸ਼ਰਮਾ ਤੇ ਫਿਕਰ-ਏ-ਹੋਂਦ ਤੋਂ ਸੁਖਵਿੰਦਰ ਸਿੰਘ ਲਾਲੀ ਵੱਲੋਂ ਵੀ ਸਮਰਥਨ ਦਿੱਤਾ ਗਿਆ।