ਪੱਤਰ ਪ੍ਰੇਰਕ
ਦਿੜ੍ਹਬਾ ਮੰਡੀ, 18 ਜੁਲਾਈ
ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਪਿੰਡ ਲਾਡਬੰਜਾਰਾ ਕਲਾਂ ਵਿੱਚ 30 ਲੱਖ ਦੀ ਲਾਗਤ ਨਾਲ ਤਿਆਰ ਕੀਤੇ ਜਾ ਰਹੇ ਮਿਨੀ ਪੰਚਾਇਤੀ ਪੈਲੇਸ ਦਾ ਉਦਘਾਟਨ ਕੀਤਾ। ਇਸ ਮੌਕੇ ਪਿੰਡ ਦੇ ਸਰਪੰਚ ਕਸ਼ਮੀਰ ਸਿੰਘ ਧਾਲੀਵਾਲ, ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਦਰਸ਼ਨ ਸਿੰਘ ਘੁਮਾਣ, ਗੁਰਮੀਤ ਕੌਰ, ਜਗਤਾਰ ਸਿੰਘ ਧਾਲੀਵਾਲ, ਡਾ. ਅੰਬੂ ਸਿੰਘ, ਮਹਿੰਦਰ ਸਿੰਘ, ਗੁਰਮੀਤ ਕੌਰ ਧਾਲੀਵਾਲ, ਕਰਮ ਸਿੰਘ ਅਤੇ ਪਿੰਡ ਦੇ ਪਤਵੰਤੇ ਹਾਜ਼ਰ ਸਨ।
ਹਰਪਾਲ ਚੀਮਾ ਨੇ ਕਿਹਾ ਕਿ ਇਲਾਕੇ ਦੇ ਪਿੰਡਾਂ ਦੇ ਲੋਕਾਂ ਦੀ ਮੰਗ ਦੇ ਮੱਦੇਨਜ਼ਰ ਪਿੰਡ ਲਾਡਬੰਜਾਰਾ ਕਲਾਂ ਵਿੱਚ ਪੰਚਾਇਤੀ ਮਿਨੀ ਪੈਲੇਸ ਬਣਾਇਆ ਗਿਆ ਹੈ, ਜਿਸ ਦੇ ਬਣਨ ਨਾਲ ਪਿੰਡਾਂ ਦੇ ਲੋਕਾਂ ਨੂੰ ਵਿਆਹ ਸ਼ਾਦੀਆਂ ਅਤੇ ਦੁੱਖ-ਸੁੱਖ ਦੇ ਪ੍ਰੋਗਰਾਮ ਕਰਨ ਸਮੇਂ ਸਹੂਲਤ ਮਿਲੇਗੀ। ਉਨ੍ਹਾਂ ਕਿਹਾ ਕਿ ਪਿੰਡ ਦੀ ਪੰਚਾਇਤ ਵੱਲੋਂ ਹੋਰ ਜਿਹੜੀਆਂ ਵੀ ਮੰਗਾਂ ਰੱਖੀਆਂ ਗਈਆਂ ਹਨ, ਉਨ੍ਹਾਂ ਨੂੰ ਵੀ ਜਲਦੀ ਪੂਰਾ ਕੀਤਾ ਜਾਵੇਗਾ। ਪਿੰਡ ਦੇ ਸਰਪੰਚ ਕਸ਼ਮੀਰ ਸਿੰਘ ਧਾਲੀਵਾਲ ਨੇ ਕਿਹਾ ਕਿ ਇਸ ਮਿਨੀ ਪੈਲੇਸ ਵਿੱਚ ਸ਼ਹਿਰੀ ਪੈਲੇਸਾਂ ਵਾਲੀਆਂ ਸਾਰੀਆਂ ਸਹੂਲਤਾਂ ਮੁਹੱਈਆ ਕੀਤੀਆਂ ਜਾਣਗੀਆਂ। ਪਿੰਡਾਂ ਵਿੱਚ ਘੱਟ ਬਜਟ ਵਿੱਚ ਵਿਆਹ ਕਰਨ ਵਾਲੇ ਲੋਕਾਂ ਨੂੰ ਵੱਡਾ ਲਾਭ ਮਿਲੇਗਾ। ਉਨ੍ਹਾਂ ਮੰਤਰੀ ਤੋਂ ਪਿੰਡ ਦੀਆਂ ਹੋਰ ਮੰਗਾਂ ਤੋਂ ਇਲਾਵਾ ਸੜਕਾਂ ਪੱਕੀਆਂ ਕਰਨ ਦੀ ਵੀ ਮੰਗ ਰੱਖੀ। ਅੰਤ ਵਿੱਚ ਜਗਤਾਰ ਸਿੰਘ ਧਾਲੀਵਾਲ ਨੇ ਵਿੱਤ ਮੰਤਰੀ ਦਾ ਪਿੰਡ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਲਈ ਸਹਿਯੋਗ ਦੇਣ ’ਤੇ ਧੰਨਵਾਦ ਕੀਤਾ।