ਸੁਖਦੇਵ ਸਿੰਘ ‘ਭੁੂਰਾ ਕੋਹਨਾ’
ਬਾਬਾ ਬੀਰ ਸਿੰਘ ਦਾ ਜਨਮ ਤਿੰਨ ਸਾਵਣ 1825 ਬਿਕਰਮੀ ਮੁਤਾਬਕ ਜੁਲਾਈ 1768 ਨੂੰ ਭਾਈ ਸੇਵਾ ਸਿੰਘ ਅਤੇ ਮਾਤਾ ਧਰਮ ਕੌਰ ਦੇ ਘਰ ਪਿੰਡ ਗੱਗੋਬੂਆ (ਤਰਨ ਤਾਰਨ) ਵਿੱਚ ਹੋਇਆ। ਬਾਬਾ ਬੀਰ ਸਿੰਘ ਦੇ ਪਿਤਾ ਨਿਹਾਲ ਸਿੰਘ ਅਟਾਰੀਵਾਲਾ ਦੀ ਫੌਜ ਵਿੱਚ ਭਰਤੀ ਸਨ ਅਤੇ ਉਨ੍ਹਾਂ ਮੁਲਤਾਨ ਦੀ ਜੰਗ ਵਿੱਚ ਸ਼ਹੀਦੀ ਪ੍ਰਾਪਤ ਕੀਤੀ।
ਬਾਬਾ ਬੀਰ ਸਿੰਘ ਨੂੰ ਸਿੱਖੀ ਦੀ ਗੁੜ੍ਹਤੀ ਘਰ ’ਚੋਂ ਹੀ ਮਿਲੀ। ਪਿਤਾ ਦੀ ਸ਼ਹੀਦੀ ਮਗਰੋਂ ਬਾਬਾ ਬੀਰ ਸਿੰਘ ਵੀ ਸਿੱਖ ਫ਼ੌਜ ਵਿੱਚ ਭਰਤੀ ਹੋ ਗਏ। ਉਨ੍ਹਾਂ ਕਸ਼ਮੀਰ, ਮੁਲਤਾਨ, ਪੇਸ਼ਾਵਰ ਦੀਆਂ ਜੰਗਾਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲਿਆ। ਬਾਬਾ ਚੰਦਾ ਸਿੰਘ ਪੱਟੀ ਵਾਲੇ, ਜੋ ਗਜਨੀ ਵਿੱਚ ਗੁਰਦੁਆਰੇ ਦੀ ਸੇਵਾ ਕਰਦੇ ਸਨ, ਦੀ ਪ੍ਰੇਰਨਾ ਸਦਕਾ ਉਹ ਬਾਬਾ ਭਾਗ ਸਿੰਘ ਕੁਰੀਆਂ ਅਤੇ ਬਾਬਾ ਸਾਹਿਬ ਬੇਦੀ ਉੂਨਾ ਵਾਲਿਆਂ ਨਾਲ ਮਿਲੇ। ਕੁੱਝ ਸਮੇਂ ਬਾਅਦ ਉਨ੍ਹਾਂ ਨੇ ਫ਼ੌਜ ਦੀ ਨੌਕਰੀ ਤੋਂ ਅਸਤੀਫਾ ਦੇ ਦਿੱਤਾ ਅਤੇ ਰਾਵਲਪਿੰਡੀ ਤੋਂ ਵਾਪਸ ਗੱਗੋਬੂਆ ਆਉਂਦਿਆਂ ਸੰਤ ਭਾਗ ਸਿੰਘ ਨੂੰ ਮਿਲੇ। ਸਮਾਂ ਪਾ ਕੇ ਚੰਦਾ ਸਿੰਘ ਦੀ ਪ੍ਰੇਰਨਾ ਨਾਲ ਉਹ ਤਰਨ ਤਾਰਨ ਤੋਂ ਗੋਇੰਦਵਾਲ ਰੋਡ ’ਤੇ ਪਿੰਡ ਨੌਰੰਗਾਬਾਦ ਵਿੱਚ ਡੇਰਾ ਬਣਾ ਕੇ ਸੰਗਤ ਦੀ ਸੇਵਾ ਕਰਨ ਲੱਗ ਪਏ, ਜਿਸ ਕਰਕੇ ਉਨ੍ਹਾਂ ਦੇ ਨਾਂ ਨਾਲ ‘ਨੌਰੰਗਾਬਾਦੀ’ ਸ਼ਬਦ ਜੁੜ ਗਿਆ। ਇਤਿਹਾਸ ਮੁਤਾਬਕ ਕਿਲ੍ਹੇ ਦੀ ਸ਼ਕਲ ਵਿੱਚ ਬਣੇ ਬਾਬਾ ਜੀ ਦੇ ਡੇਰੇ ਵਿੱਚ ਵੱਡੀ ਗਿਣਤੀ ਸੰਗਤ ਪ੍ਰਸ਼ਾਦਾ ਛਕਦੀ। ਇੱਥੇ ਬਾਬਾ ਮਹਾਰਾਜ ਸਿੰਘ ਵਰਗੇ ਮਹਾਨ ਤਪੱਸਵੀ ਵੀ ਆਉਂਦੇ ਰਹਿੰਦੇ। ਬਾਬਾ ਬੀਰ ਸਿੰਘ ਦੀ ਯਾਦ ਵਿੱਚ ਪੂਰੇ ਦੇਸ਼ ’ਚ 360 ਗੁਰਦੁਆਰੇ ਬਣੇ ਹੋਏ ਹਨ। ਬਾਬਾ ਜੀ ਕੋਲ ਹਰ ਵੇਲੇ 1200 ਪੈਦਲ, 300 ਘੋੜ ਸਵਾਰ ਅਤੇ 2 ਤੋਪਾਂ ਹੁੰਦੀਆਂ ਸਨ। ਬਾਬਾ ਜੀ ਦਲ ਪੰਥ ਦੇ ਨਾਲ ਵੱਖ-ਵੱਖ ਥਾਵਾਂ ’ਤੇ ਵਿਚਰ ਕੇ ਸਿੱਖੀ ਦਾ ਪ੍ਰਚਾਰ ਕਰਦੇ।
1839 ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ ਅਤੇ ਨਵੰਬਰ 1840 ਵਿੱਚ ਮਹਾਰਾਜਾ ਖੜਕ ਸਿੰਘ ਤੇ ਕੰਵਰ ਨੌਨਿਹਾਲ ਸਿੰਘ ਦੀ ਮੌਤ ਤੋਂ ਬਾਅਦ ਸਿੱਖ ਰਾਜ ਨੂੰ ਕਿਸੇ ਦੀ ਬੁਰੀ ਨਜ਼ਰ ਲੱਗ ਗਈ। ਇਸ ਦੌਰਾਨ ਡੋਗਰਿਆਂ ਦੀਆਂ ਕੂਟਨੀਤੀਆਂ ਸਦਕਾ ਸਿੱਖ ਜਰਨੈਲਾਂ ਅਤੇ ਸਿੱਖ ਫ਼ੌਜਾਂ ਵਿਚਾਲੇ ਮਾਰੋ-ਮਾਰ ਪੈ ਗਈ। ਇਸ ਬਾਰੇ ਸ਼ਾਹ ਮੁਹੰਮਦ ਲਿੱਖਦੇ ਹਨ:
ਸਿਰ ਤੇ ਫ਼ੌਜ ਦੇ ਰਿਹਾ ਨਾ ਕੋਈ ਕੁੰਡਾ,
ਹੋਇਆ ਸ਼ੁਤਰ ਜਿਉਂ ਬਾਝ ਮੁਹਾਰ ਮੀਆਂ।
ਸ਼ਾਹ ਮੁਹੰਮਦਾ ਫਿਰਨ ਸਰਦਾਰ ਲੁਕਦੇ,
ਭੂਤ ਮੰਡਲੀ ਹੋਈ ਤਿਆਰ ਮੀਆਂ।
ਮਹਾਰਾਜਾ ਸ਼ੇਰ ਸਿੰਘ ਅਤੇ ਧਿਆਨ ਸਿੰਘ ਡੋਗਰੇ ਦੇ ਸੰਧਾਵਾਲੀਆ ਹੱਥੋਂ ਹੋਏ ਕਤਲ ਮਗਰੋਂ ਸਿੱਖ ਫ਼ੌਜਾਂ ਦੀ ਅਗਵਾਈ ਸਿੱਧੇ ਰੂਪ ਵਿੱਚ ਹੀਰਾ ਸਿੰਘ ਡੋਗਰੇ ਦੇ ਹੱਥ ਆ ਗਈ। ਸਿੱਖ ਜਰਨੈਲ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਬਗਾਵਤਾਂ ਕਰਨ ਲੱਗੇ। ਹਰੀ ਸਿੰਘ ਨਲੂਆ ਦਾ ਪੁੱਤਰ ਜਵਾਹਰ ਸਿੰਘ ਨਲੂਆ ਅਤੇ ਅਤਰ ਸਿੰਘ ਸੰਧਾਂਵਾਲੀਆ ਵਰਗੇ ਜਰਨੈਲ ਬਾਬਾ ਬੀਰ ਸਿੰਘ ਦੀ ਸ਼ਰਨ ਵਿੱਚ ਆ ਗਏ। ਉਧਰ ਕੰਵਰ ਕਸ਼ਮੀਰਾ ਸਿੰਘ ਫ਼ੌਜਾਂ ਸਮੇਤ ਬਗਾਵਤ ਕਰ ਕੇ ਬਾਬਾ ਬੀਰ ਸਿੰਘ ਕੋਲ ਆ ਰਹੇ ਸਨ। ਰਸਤੇ ਵਿੱਚ ਫ਼ੌਜਾਂ ਨਾਲ ਲੜਾਈ ਹੋਣ ਕਰ ਕੇ ਕੰਵਰ ਕਸ਼ਮੀਰਾ ਸਿੰਘ ਦੀ ਫ਼ੌਜ ਮਾਰੀ ਗਈ। ਕੰਵਰ ਕਸ਼ਮੀਰਾ ਸਿੰਘ ਆਪਣੀ ਪਤਨੀ ਨਾਲ ਦੁਸ਼ਮਣ ਫ਼ੌਜਾਂ ਤੋਂ ਬੱਚਦੇ ਹੋਏ ਅੱਗੇ ਨਿਕਲ ਗਏ। ਰਸਤੇ ਵਿੱਚ ਕੰਵਰ ਰਾਣੀ ਦੇ ਕੁੱਖੋਂ ਮਲਾਹ ਦੀ ਝੁੱਗੀ ਵਿੱਚ ਬੱਚਾ ਪੈਦਾ ਹੋਇਆ, ਜੋ ਕੁੱਝ ਸਮੇਂ ਬਾਅਦ ਹੀ ਚੜ੍ਹਾਈ ਕਰ ਗਿਆ। ਬੱਚੇ ਦੀ ਲਾਸ਼ ਨੂੰ ਰਾਵੀ ਵਿੱਚ ਰੋੜ ਕੇ ਕੰਵਰ ਕਸ਼ਮੀਰਾ ਸਿੰਘ ਆਪਣੀ ਪਤਨੀ ਨਾਲ ਨੌਰੰਗਾਬਾਦ ਵੱਲ ਚੱਲ ਪਏ। ਨੌਰੰਗਾਬਾਦ ਪਹੁੰਚਣ ’ਤੇ ਪਤਾ ਲੱਗਾ ਕੇ ਬਾਬਾ ਜੀ ਫ਼ੌਜ ਸਮੇਤ ਸਤਲੁਜ ਦਰਿਆ ਦੇ ਕੰਢੇ ਸਭਰਾਅ ਪਿੰਡ ਕੋਲ ਡੇਰਾ ਲਗਾਈ ਬੈਠੇ ਹਨ। ਉਥੇ ਪਹੁੰਚ ਕੇ ਸਾਰਾ ਹਾਲ ਦੱਸਿਆ। ਬਾਬਾ ਜੀ ਨੇ ਕਿਹਾ, ‘‘ਹੁਣ ਤੁਹਾਡੀ ਰੱਖਿਆ ਅਸੀਂ ਕਰਾਂਗੇ।’’ ਜਦੋਂ ਇਸ ਦੀ ਖ਼ਬਰ ਹੀਰਾ ਸਿੰਘ ਡੋਗਰੇ ਕੋਲ ਪਹੁੰਚੀ ਤਾਂ ਉਸ ਨੇ ਸੋਚਿਆ ਕਿ ਖਾਲਸਾ ਰਾਜ ਦੇ ਸਾਰੇ ਬਾਗੀ ਬਾਬਾ ਜੀ ਕੋਲ ਇਕੱਠੇ ਹੋ ਰਹੇ ਹਨ। ਕਿਤੇ ਉਹ ਉਸ ਦਾ ਰਾਜ ਪਲਟਾ ਹੀ ਨਾ ਕਰ ਦੇਣ। ਇਸ ਕਰਕੇ ਉਨ੍ਹਾਂ ਨੂੰ ਫੜਨ ਬਹਾਨੇ ਡੇਰੇ ’ਤੇ ਹਮਲਾ ਕਰਨ ਦੀ ਸਕੀਮ ਘੜੀ ਗਈ। ਮੁਸਲਮਾਨ ਫ਼ੌਜਾਂ ਨੇ ਬਾਬਾ ਜੀ ਦੇ ਡੇਰੇ ’ਤੇ ਹਮਲਾ ਕਰਨ ਤੋਂ ਇਨਕਾਰ ਕਰ ਦਿੱਤਾ ਪਰ ਹੀਰਾ ਸਿੰਘ ਨੇ ਸਿੱਖ ਫ਼ੌਜ ਨੂੰ ਵਰਗਲਾ ਕੇ ਹਮਲਾ ਕਰਨ ਲਈ ਤਿਆਰ ਕਰ ਲਿਆ। ਬਾਬਾ ਜੀ ਨੂੰ ਫ਼ੌਜ ਦੀ ਤਿਆਰੀ ਦਾ ਪਤਾ ਲੱਗ ਚੁੱਕਾ ਸੀ। ਕੁੱਝ ਸਿੱਖਾਂ ਨੇ ਕਿਹਾ ਕਿ ਸਤਲੁਜ ਤੋਂ ਪਾਰ ਚਲੇ ਜਾਈਏ ਪਰ ਬਾਬਾ ਜੀ ਨੇ ਕਿਹਾ, ‘‘ਅਸੀਂ ਡੇਰਾ ਨਹੀ ਛੱਡਣਾ। ਜਿਸ ਨੇ ਜਾਣਾ ਹੈ ਉਹ ਚਲਾ ਜਾਵੇ। ਨਾ ਹੀ ਅਸੀਂ ਅੱਗੇ ਹੱਥ ਚੁੱਕਣਾ ਹੈ। ਅਸੀਂ ਮਲ ਮੂਤਰ ਦਾ ਭਾਂਡਾ, ਪਾਪੀਆਂ ਦੇ ਸਿਰ ਭੰਨ੍ਹਣਾ ਹੈ।’’ ਇਸ ਪਿੱਛੋਂ ਮੀਆ ਲਾਭ ਸਿੰਘ ਤੇ ਗੁਲਾਬ ਸਿੰਘ ਕਲਕਤੀਆਂ ਦੀ ਅਗਵਾਈ ਵਿੱਚ 12 ਪਲਟਨਾਂ, 120 ਤੋਪਾਂ, 500 ਜਮੂਰੇ ਲੈ ਕੇ ਫ਼ੌਜਾਂ ਨੇ ਚੜ੍ਹਾਈ ਕਰ ਦਿੱਤੀ। ਉਸ ਸਮੇਂ ਬਾਬਾ ਜੀ ਕੋਲ ਸਿੱਖ ਸਰਦਾਰਾਂ ਸਮੇਤ 13 ਹਜ਼ਾਰ ਦੀ ਫੌਜ ਸੀ। ਇਹ ਘਟਨਾ 25 ਵਿਸਾਖ 1901 ਬ੍ਰਿਕਮੀ ਦੀ ਹੈ। ਫੌਜ ਵਿੱਚੋਂ ਬਾਘ ਸਿੰਘ ਤੇ ਗੁਲਾਬ ਸਿੰਘ ਬਾਬਾ ਜੀ ਕੋਲ ਗਏ ਅਤੇ ਕਿਹਾ, ‘‘ਸਿੱਖ ਰਾਜ ਦੇ ਬਾਗੀ ਸਾਨੂੰ ਫੜਾ ਦਿਉ ਨਹੀ ਤਾਂ ਫੌਜ ਹਮਲਾ ਕਰਨ ਨੂੰ ਤਿਆਰ ਹੈ।’’ ਬਾਬਾ ਜੀ ਨੇ ਕਿਹਾ, ‘‘ਸ਼ਰਮ ਕਰੋ। ਜਿਨ੍ਹਾਂ ਨੂੰ ਤੁਸੀਂ ਬਾਗੀ ਕਹਿੰਦੇ ਹੋ, ਅਸਲ ਵਿੱਚ ਉਹ ਸਿੱਖ ਰਾਜ ਦੇ ਮਾਲਕ ਹਨ। ਜੇ ਉਹ ਬਾਗੀ ਹਨ ਤਾਂ ਮਾਲਕ ਕੌਣ ਹੈ? ਅਸੀ ਉਨ੍ਹਾਂ ਨੂੰ ਜਿਊਂਦੇ ਜੀਅ ਨਹੀਂ ਫੜਾ ਸਕਦੇ। ਇਹ ਸਾਡੀ ਸ਼ਰਨ ਵਿੱਚ ਆਏ ਹਨ। ਅਸੀ ਇਨ੍ਹਾਂ ਦੀ ਰਾਖੀ ਕਰਾਂਗੇ।’’ ਬਾਘ ਸਿੰਘ ਨੇ ਬਾਬਾ ਜੀ ਨੂੰ ਸ਼ਖਤ ਸ਼ਬਦ ਬੋਲੇ। ਅਤਰ ਸਿੰਘ ਸੰਧਾਵਾਲੀਆ ਨੇ ਕਿਹਾ, ‘‘ਬਾਬਾ ਜੀ ਤੁਹਾਡੀ ਸ਼ਾਨ ਦੇ ਖ਼ਿਲਾਫ਼ ਬੋਲੇ ਸ਼ਬਦ ਅਸੀਂ ਸਹਿਣ ਨਹੀਂ ਕਰ ਸਕਦੇ।’’ ਬਾਬਾ ਜੀ ਨੇ ਕਿਹਾ, ‘‘ਤੁਹਾਨੂੰ ਖੁੱਲ੍ਹ ਹੈ, ਜੋ ਮਰਜ਼ੀ ਕਰੋ, ਸਾਡੀ ਫ਼ੌਜ ਨਹੀਂ ਲੜੇਗੀ।’’ ਅਤਰ ਸਿੰਘ ਸੰਧਾਵਾਲੀਆ ਨੇ ਤਲਵਾਰ ਧੁੂਹ ਕੇ ਹਮਲਾ ਕੀਤਾ ਤਾਂ ਬਾਜ ਸਿੰਘ ਤੇ ਗੁਲਾਬ ਸਿੰਘ ਭੱਜ ਗਏ। ਬਾਬਾ ਜੀ ਨੇ ਡੇਰੇ ਵਿਚਲੇ ਸਿੰਘਾਂ ਨੂੰ ਕਿਹਾ ਕਿ ਅੱਜ ਪ੍ਰਸ਼ਾਦਾ ਜ਼ਿਆਦਾ ਤਿਆਰ ਕਰੋ। ਘੁੰਗਣੀਆਂ ਬਣਾਉ, ਸਾਰੀ ਰਾਤ ਗੁਰਬਾਣੀ ਕੀਰਤਨ ਚੱਲਦਾ ਰੱਖੋ। ਤੁਸੀ ਹੱਥ ਨਹੀ ਚੁੱਕਣਾ। ਉਧਰ ਵੀ ਸਿੱਖ ਹਨ। ਅਸੀਂ ਜ਼ੁਲਮ ਦਾ ਟਾਕਰਾ ਸਬਰ ਨਾਲ ਕਰਾਂਗੇ।’’ ਡੋਗਰਿਆਂ ਦੇ ਵਰਗਾਲਏ ਸਿੱਖ ਫੌਜੀਆਂ ਨੇ 27 ਵਿਸਾਖ 1901 ਬਿਕ੍ਰਮੀ ਨੂੰ ਤੋਪਾਂ ਤੇ ਜਮੂਰਿਆਂ ਨਾਲ ਹਮਲਾ ਕੀਤਾ ਤਾਂ ਕੰਵਰ ਕਸ਼ਮੀਰਾ ਸਿੰਘ, ਅਤਰ ਸਿੰਘ ਸੰਧਾਵਾਲੀਆ ਅਤੇ ਜਵਾਹਰ ਸਿੰਘ ਨਲੂਆ ਨੇ ਇਸ ਦਾ ਬਾਖੂਬੀ ਟਾਕਰਾ ਕੀਤਾ। ਬਾਬਾ ਜੀ ਨੇ ਭਾਈ ਮਹਾਰਾਜ ਸਿੰਘ ਨੂੰ ਨੌਰੰਗਾਬਾਦ ਲੰਗਰ ਚਲਾਉਣ ਲਈ ਭੇਜ ਦਿੱਤਾ। ਵਰ੍ਹਦੀਆਂ ਗੋਲੀਆਂ ਵਿੱਚ ਬਾਬਾ ਜੀ ਪਲੰਘ ’ਤੇ ਬੈਠੇ ਸਿਮਰਨ ਕਰ ਰਹੇ ਸਨ। ਇਸ ਦੌਰਾਨ ਬਾਬਾ ਜੀ ਦੇ ਸਰੀਰ ਵਿੱਚ 18 ਗੋਲੀਆਂ ਅਤੇ ਇੱਕ ਤੋਪ ਦਾ ਗੋਲਾ ਪੱਟ ’ਤੇ ਜਾ ਵੱਜਾ, ਜਿਸ ਕਾਰਨ ਬਾਬਾ ਜੀ ਸ਼ਹੀਦੀ ਪਾ ਗਏ। ਸਿੰਘਾਂ ਨੇ ਬਾਬਾ ਜੀ ਦੇ ਕਹੇ ਅਨੁਸਾਰ ਉਨ੍ਹਾਂ ਸਰੀਰ ਸਤਲੁਜ ਦਰਿਆ ਵਿੱਚ ਰੋੜ ਦਿੱਤਾ। ਕੁੱਝ ਦਿਨਾਂ ਬਾਅਦ ਬਾਬਾ ਜੀ ਦਾ ਸਰੀਰ ਮੁਠਿਆਂਵਾਲਾ ਨੇੜੇ ਦਰਿਆ ਕੰਢੇ ਜਾ ਲੱਗਾ ਤਾਂ ਸਿੱਖਾਂ ਨੇ ਯੋਧੇ ਮਲਾਹ ਦੀ ਬੇੜੀ ਭੰਨ੍ਹ ਕੇ ਬਾਬਾ ਜੀ ਦੇ ਸਰੀਰ ਦਾ ਸਸਕਾਰ ਕਰ ਦਿੱਤਾ। ਸ਼ਾਹ ਮੁਹੰਮਦ ‘ਜੰਗਨਾਮਾ ਸਿੰਘਾਂ ਅਤੇ ਫਰੰਗੀਆਂ’ ਵਿੱਚ ਲਿੱਖਦੇ ਹਨ:
ਪੈਂਚਾਂ ਲਿਖਿਆ ਸਾਰੀਆਂ ਪੜਤਲਾਂ ਨੂੰ,
ਸਾਡੀ ਅੱਜ ਹੈ ਵੱਡੀ ਚੜ੍ਹੰਤ ਮੀਆਂ।
ਬੀਰ ਸਿੰਘ ਨੂੰ ਮਾਰਿਆ ਡਾਹ ਤੋਪਾਂ,
ਨਹੀਂ ਛੱਡਿਆ ਸਾਧ ਤੇ ਸੰਤ ਮੀਆਂ।
ਬਾਬਾ ਜੀ ਦੀ ਸ਼ਹੀਦੀ ਦੀ ਖਬਰ ਪੰਜਾਬ ਵਿੱਚ ਜੰਗਲ ਦੀ ਅੱਗ ਵਾਂਗ ਫੈਲ ਗਈ। ਬਾਬਾ ਜੀ ’ਤੇ ਹਮਲਾ ਕਰਨ ਵਾਲੀ ਫੌਜ ਦਾ ਨਾਂ ਗੁਰੂ ਮਾਰੀ ਫੌਜ ਪੈ ਗਿਆ। ਸਿੱਖ ਫੌਜਾਂ ਵਿੱਚ ਬਗਾਵਤ ਹੋ ਗਈ। ਫੌਜਾਂ ਨੇ ਜਨਰਲ ਕੋਰਟ ’ਤੇ ਹਮਲਾ ਕੀਤਾ ਤੇ ਉਹ ਭੱਜ ਗਿਆ। ਸਾਢੇ ਸੱਤ ਮਹੀਨਿਆਂ ਬਾਅਦ ਮੀਆਂ ਲਾਭ ਸਿੰਘ, ਪੰਡਿਤ ਜੱਲ੍ਹਾ ਤੇ ਹੀਰਾ ਸਿੰਘ ਡੋਗਰਾ ਵੀ ਭੱਜਣ ਲੱਗੇ ਪਰ ਫੌਜ ਨੇ ਘੇਰ ਕੇ ਮਾਰ ਦਿੱਤੇ। ਉਨ੍ਹਾਂ ਸਿਰ ਲਾਹੌਰ ਦੇ ਦਰਵਾਜਿਆਂ ’ਤੇ ਟੰਗ ਦਿੱਤੇ ਅਤੇ ਬਾਬਾ ਬੀਰ ਸਿੰਘ ਅਤੇ ਸਾਥੀ ਸਿੰਘਾਂ ਦੀ ਸ਼ਹੀਦੀ ਦਾ ਬਦਲਾ ਲੈ ਕੇ ਬਾਬਾ ਜੀ ਨੂੰ ਸ਼ਰਧਾਂਜਲੀ ਦਿੱਤੀ। ਇਸ ਮਹਾਨ ਸੂਰਬੀਰ ਯੋਧੇ ਨੂੰ ਕੌਮ ਸਦਾ ਸਿਜਦਾ ਕਰਦੀ ਰਹੇਗੀ।
ਸੰਪਰਕ: 98148-98268