ਦਰਸ਼ਨ ਸਿੰਘ ਸੋਢੀ
ਐੱਸ.ਏ.ਐੱਸ. ਨਗਰ (ਮੁਹਾਲੀ), 8 ਅਕਤੂਬਰ
ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੈਟਿਕ) ਦੇ ਪ੍ਰਧਾਨ ਅਤੇ ਰਾਜ ਸਭਾ ਦੇ ਮੈਂਬਰ ਸੁਖਦੇਵ ਸਿੰਘ ਢੀਂਡਸਾ ਵੱਲੋਂ ਇੱਥੋਂ ਦੇ ਸੈਕਟਰ-82 ਸਥਿਤ ਸਨਅਤੀ ਪਲਾਟ ਨੰਬਰ-92 ਵਿੱਚ ਖੋਲ੍ਹੇ ਪਾਰਟੀ ਦੇ ਮੁੱਖ ਦਫ਼ਤਰ ਦੇ ਉਦਘਾਟਨ ਸਮਾਗਮ ਦੌਰਾਨ ਦਰਜਨ ਆਗੂਆਂ ਅਤੇ ਵਰਕਰਾਂ ਦੇ ਪਰਸ ਅਤੇ ਮੋਬਾਈਲ ਫੋਨ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਅੱਜ ਇਸ ਸਬੰਧੀ ਪਾਰਟੀ ਦੇ ਸੀਨੀਅਰ ਆਗੂ ਜਥੇਦਾਰ ਗੁਰਸੇਵ ਸਿੰਘ ਹਰਪਾਲਪੁਰ ਅਤੇ ਅਮਰੀਕ ਸਿੰਘ ਬਿੱਲਾ (ਥੂਹਾ) ਨੇ ਸੋਹਾਣਾ ਥਾਣੇ ’ਚ ਲਿਖਤੀ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਹੈ।
ਅਮਰੀਕ ਸਿੰਘ ਬਿੱਲਾ ਨੇ ਦੱਸਿਆ ਕਿ ਬੀਤੇ ਦਿਨੀਂ ਉਹ ਪਾਰਟੀ ਦਫ਼ਤਰ ਦੇ ਉਦਘਾਟਨ ਮੌਕੇ ਸਮਾਗਮ ’ਚ ਸ਼ਾਮਲ ਹੋਣ ਆਇਆ ਸੀ ਅਤੇ ਪੰਡਾਲ ਵਿੱਚ ਉਸ ਦਾ ਪਰਸ ਚੋਰੀ ਹੋ ਗਿਆ, ਜਿਸ ਵਿੱਚ 50 ਹਜ਼ਾਰ ਰੁਪਏ ਤੋਂ ਵੱਧ ਨਗਦੀ ਸਮੇਤ ਡਰਾਈਵਰ ਲਾਇਸੈਂਸ ਅਤੇ ਹੋਰ ਜ਼ਰੂਰੀ ਦਸਤਾਵੇਜ਼ ਸਨ। ਇਸ ਤੋਂ ਇਲਾਵਾ ਦਰਜਨ ਹੋਰਾਂ ਵਿਅਕਤੀਆਂ ਦੇ ਪਰਸ ਅਤੇ ਮੋਬਾਈਲ ਫੋਨ ਚੋਰੀ ਹੋ ਗਏ ਹਨ।
ਮੰਚ ਸੰਚਾਲਕ ਜਥੇਦਾਰ ਗੁਰਸੇਵ ਸਿੰਘ ਹਰਪਾਲਪੁਰ ਨੇ ਦੱਸਿਆ ਕਿ ਬੀਤੇ ਦਿਨੀਂ ਉਦਘਾਟਨ ਸਮਾਗਮ ਦੌਰਾਨ ਲਗਭਗ ਦਰਜਨ ਤੋਂ ਵੱਧ ਆਗੂਆਂ ਅਤੇ ਵਰਕਰਾਂ ਦੇ ਪਰਸ ਅਤੇ ਮੋਬਾਈਲ ਫੋਨ ਚੋਰੀ ਹੋਣ ਦੀ ਸੂਚਨਾ ਮਿਲੀ ਹੈ। ਉਨ੍ਹਾਂ ਦੱਸਿਆ ਕਿ ਤਿੰਨ ਖਾਲੀ ਪਰਸ ਅਤੇ ਇਕ ਮੋਬਾਈਲ ਫੋਨ ਮਿਲ ਵੀ ਗਿਆ ਸੀ। ਉਨ੍ਹਾਂ ਦੱਸਿਆ ਕਿ ਜਰਨੈਲ ਸਿੰਘ ਨਾਂ ਦੇ ਵਿਅਕਤੀ ਦਾ ਪੰਡਾਲ ਨੇੜਿਓਂ ਖਾਲੀ ਪਰਸ ਮਿਲਿਆ ਹੈ। ਸ਼ਰਾਰਤੀ ਅਨਸਰਾਂ ਨੇ ਪਰਸ ’ਚੋਂ ਪੈਸੇ ਕੱਢ ਕੇ ਝਾੜੀਆਂ ਵਿੱਚ ਸੁੱਟ ਦਿੱਤਾ ਸੀ। ਇੰਜ ਹੀ ਪ੍ਰੇਮ ਕੁਮਾਰ ਨੂੰ ਉਸ ਦਾ ਚੋਰੀ ਪਰਸ ਖਾਲੀ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਅੱਜ ਸੋਹਾਣਾ ਥਾਣੇ ਵਿੱਚ ਅਮਰੀਕ ਸਿੰਘ ਬਿੱਲਾ ਨੇ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ।