ਨਵੀਂ ਦਿੱਲੀ: ਸੀਪੀਐੱਮ ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਦੇ ਵੱਡੇ ਪੁੱਤਰ ਆਸ਼ੀਸ਼ ਦੀ ਅੱਜ ਸਵੇਰੇ ਗੁੜਗਾਉਂ ਦੇ ਮੇਦਾਂਤਾ ਹਸਪਤਾਲ ’ਚ ਕਰੋਨਾਵਾਇਰਸ ਕਾਰਨ ਮੌਤ ਹੋ ਗਈ। ਪੱਤਰਕਾਰ ਆਸ਼ੀਸ਼ ਨੇ 9 ਜੂਨ ਨੂੰ 35 ਵਰ੍ਹਿਆਂ ਦਾ ਹੋਣਾ ਸੀ। ਪਰਿਵਾਰ ਨੇੜਲੇ ਵਿਅਕਤੀਆਂ ਨੇ ਕਿਹਾ ਕਿ ਉਸ ਦੀ ਸਿਹਤ ’ਚ ਸੁਧਾਰ ਹੋ ਰਿਹਾ ਸੀ ਪਰ ਅਚਾਨਕ ਸਵੇਰੇ ਸਾਢੇ 5 ਵਜੇ ਮੌਤ ਦੀ ਖ਼ਬਰ ਸੁਣ ਕੇ ਉਨ੍ਹਾਂ ਨੂੰ ਸਦਮਾ ਲੱਗਾ। ਉਹ ਕਰੀਬ ਦੋ ਹਫ਼ਤਿਆਂ ਤੋਂ ਕਰੋਨਾ ਨਾਲ ਜੂਝ ਰਿਹਾ ਸੀ। ਸ੍ਰੀ ਯੇਚੁਰੀ ਨੇ ਟਵਿੱਟਰ ’ਤੇ ਅਫ਼ਸੋਸਨਾਕ ਖ਼ਬਰ ਸਾਂਝੀ ਕਰਦਿਆਂ ਡਾਕਟਰਾਂ, ਨਰਸਾਂ, ਮਹਰਲੀ ਕਤਾਰ ਦੇ ਸਿਹਤ ਕਾਮਿਆਂ, ਸੈਨੀਟੇਸ਼ਨ ਵਰਕਰਾਂ ਅਤੇ ਹੋਰਾਂ ਦਾ ਉਨ੍ਹਾਂ ਨਾਲ ਖੜ੍ਹੇ ਰਹਿਣ ਲਈ ਧੰਨਵਾਦ ਕੀਤਾ ਹੈ। ਏਸ਼ੀਅਨ ਕਾਲਜ ਆਫ਼ ਜਰਨਲਿਜ਼ਮ, ਚੇਨੱਈ ਤੋਂ ਪੜ੍ਹਾਈ ਕਰਨ ਵਾਲੇ ਆਸ਼ੀਸ਼ ਨੇ ਦਿੱਲੀ ’ਚ ਟਾਈਮਜ਼ ਆਫ਼ ਇੰਡੀਆ ਸਮੇਤ ਕਈ ਹੋਰ ਪ੍ਰਕਾਸ਼ਨਾਂ ’ਚ ਕੰਮ ਕੀਤਾ ਅਤੇ ਇਸ ਸਮੇਂ ਉਹ ਪੁਣੇ ’ਚ ਕੰਮ ਕਰ ਰਿਹਾ ਸੀ। ਉਸ ਨੇ ਨਿਊਜ਼ਲੌਂਡਰੀ, ਆਈਬੀਐੱਨਲਾਈਵ ਅਤੇ ਪੁਣੇ ਮਿਰਰ ’ਚ ਵੀ ਕੰਮ ਕੀਤਾ ਸੀ। ਸੀਪੀਐੱਮ ਪੋਲਿਟ ਬਿਊਰੋ ਨੇ ਬਿਆਨ ’ਚ ਸੀਤਾਰਾਮ ਯੇਚੁਰੀ ਅਤੇ ਇੰਦਰਾਣੀ ਮਜ਼ੂਮਦਾਰ ਦੇ ਪੁੱਤਰ ਆਸ਼ੀਸ਼ ਯੇਚੁਰੀ ਦੇ ਦੇਹਾਂਤ ’ਤੇ ਅਫ਼ਸੋਸ ਪ੍ਰਗਟ ਕੀਤਾ ਹੈ। ਰਾਸ਼ਟਰਪਤੀ ਰਾਮਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਰਾਹੁਲ ਗਾਂਧੀ, ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ, ਡੀਐੱਮਕੇ ਆਗੂ ਐੱਮ ਕੇ ਸਟਾਲਿਨ, ਤਾਮਿਲ ਨਾਡੂ ਦੇ ਮੁੱਖ ਮੰਤਰੀ ਕੇ ਪਲਾਨੀਸਵਾਮੀ ਅਤੇ ਐੱਮਡੀਐੱਮਕੇ ਆਗੂ ਵਾਈਕੋ ਸਮੇਤ ਹੋਰ ਕਈ ਆਗੂਆਂ ਨੇ ਸ੍ਰੀ ਯੇਚੁਰੀ ਦੇ ਪੁੱਤਰ ਦੇ ਅਕਾਲ ਚਲਾਣੇ ’ਤੇ ਦੁੱਖ ਪ੍ਰਗਟਾਇਆ ਹੈ। -ਪੀਟੀਆਈ