ਹਰਦੀਪ ਸਿੰਘ ਭੰਗੂ
ਭਾਦਸੋਂ,18 ਫਰਵਰੀ
‘ਨਗਰ ਕੋਂਸਲ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦਾ ਵੋਟ ਬੈਂਕ ਵਧਿਆ ਹੈ,ਜੋ ਕਿ 2022 ਲਈ ਸ਼ੁਭ ਸੰਕੇਤ ਹੈ।’ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਸਾਬਕਾ ਹਲਕਾ ਇੰਚਾਰਜ ਗੁਰਦੇਵ ਸਿੰਘ ਦੇਵ ਮਾਨ, ਜਸਵੀਰ ਸਿੰਘ ਜੱਸੀ ਸੋਹੀਆਂ ਅਤੇ ਸਾਬਕਾ ਜ਼ਿਲ੍ਹਾ ਪ੍ਰਧਾਨ ਬਰਿੰਦਰ ਕੁਮਾਰ ਬਿੱਟੂ ਨੇ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਨਾਭਾ ਵਾਸੀਆਂ ਨੇ ਆਪ ਪਾਰਟੀ ਨਾਲ ਵੱਡੀ ਗਿਣਤੀ ਵਿੱਚ ਜੁੜ ਕੇ ਪਾਰਟੀ ਨੂੰ ਮਜ਼ਬੂਤ ਸਥਿਤੀ ਵਿੱਚ ਲਿਆਂਦਾ ਹੈ। ਦੇਵ ਮਾਨ ਦਾ ਕਹਿਣਾ ਹੈ ਕਿ ਸ਼ਹਿਰ ਦੇ 21 ਵਾਰਡਾਂ ਵਿੱਚੋਂ 13 ਵਾਰਡਾਂ ਵਿੱਚ ਆਪ ਪਾਰਟੀ ਦੇ ਉਮੀਦਵਾਰ ਦੂਜੇ ਸਥਾਨ ’ਤੇ ਰਹੇ ਹਨ ਅਤੇ ਬਹੁਤ ਥੋੜ੍ਹੇ ਫਰਕ ਨਾਲ ਹਾਰੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਪਾਰਟੀ ਵਲੋਂ ਸ਼ਹਿਰ ਵਿੱਚ ਜਾਅਲੀ ਵੋਟਾਂ ਬਣਾਕੇ ਜਾਅਲਸਾਜੀ ਨਾਲ ਜਿੱਤ ਹਾਸਲ ਕੀਤੀ ਹੈ। ਉਹ ਇਸ ਮੁੱਦੇ ਉੱਤੇ ਕਾਨੂੰਨੀ ਕਾਰਵਾਈ ਕਰਨ ਬਾਰੇ ਵਿਚਾਰ ਕਰ ਰਹੇ ਹਨ।ਜੱਸੀ ਸੋਹੀਆਂ ਵਾਲਾ ਨੇ ਕਿਹਾ ਕਿ ਜੇ ਸੱਤਾਧਾਰੀ ਪਾਰਟੀ ਵੱਲੋਂ ਇੰਝ ਧੱਕੇਸ਼ਾਹੀ ਹੀ ਕੀਤੀ ਜਾਣੀ ਸੀ ਤਾਂ ਵੋਟਾਂ ਪਵਾਉਣ ਦੀ ਕੀ ਲੋੜ ਸੀ ਆਪਣੇ ਉਮੀਦਵਾਰਾਂ ਨੂੰ ਸਿੱਧੇ ਹੀ ਨਾਮਜ਼ਦ ਕਰ ਦਿੰਦੀ। ਸਾਬਕਾ ਜ਼ਿਲ੍ਹਾ ਪ੍ਰਧਾਨ ਬਰਿੰਦਰ ਕੁਮਾਰ ਬਿੱਟੂ ਨੇ ਕਿਹਾ ਕਿ ਪਿਛਲੇ ਸਮੇਂ ਦੇ ਮੁਕਾਬਲੇ ਆਪ ਪਾਰਟੀ ਦਾ ਵੋਟ ਬੈਂਕ ਵਧਿਆ ਹੈ।