ਇਸਲਾਮਾਬਾਦ, 31 ਅਕਤੂਬਰ
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਉਨ੍ਹਾਂ ਦੇ ਵਾਹਨ ਹੇਠਾਂ ਆ ਕੇ ਜਾਨ ਗੁਆਉਣ ਵਾਲੀ ਮਹਿਲਾ ਪੱਤਰਕਾਰ ਦੇ ਘਰ ਜਾ ਕੇ ਦੁੱਖ ਵੰਡਾਇਆ ਹੈ। ਵੇਰਵਿਆਂ ਮੁਤਾਬਕ ਪੱਤਰਕਾਰ ਸਦਫ਼ ਨਈਮ ‘ਪੀਟੀਆਈ’ ਦੇ ਰੋਸ ਮਾਰਚ ਦੌਰਾਨ ਇਮਰਾਨ ਦੀ ਗੱਡੀ ਹੇਠਾਂ ਆ ਗਈ ਸੀ। ਨਈਮ ‘ਚੈਨਲ 5’ ਲਈ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦਾ ਲੌਂਗ ਮਾਰਚ ਕਵਰ ਕਰ ਰਹੀ ਸੀ। ਮਾਰਚ ਦੌਰਾਨ ਇਕ ਹਾਦਸਾ ਵਾਪਰਨ ਕਾਰਨ ਸਾਧੋਕੇ ਨੇੜੇ ਉਸ ਦੀ ਮੌਤ ਹੋ ਗਈ। ਚੈਨਲ ਮੁਤਾਬਕ ਰਿਪੋਰਟਰ ਦੀ ਮੌਤ ਖਾਨ ਦੇ ਕੰਟੇਨਰ ਹੇਠਾਂ ਆਉਣ ਕਾਰਨ ਹੋਈ ਹੈ। ਮੀਡੀਆ ਕੰਪਨੀ ਮੁਤਾਬਕ ਨਈਮ ਕੰਟੇਨਰ ਤੋਂ ਹੇਠਾਂ ਡਿੱਗ ਗਈ ਸੀ। ਜਦਕਿ ‘ਡਾਅਨ.ਕਾਮ’ ਮੁਤਾਬਕ ਉਹ ਕੰਟੇਨਰ ’ਤੇ ਚੜ੍ਹਨ ਲੱਗਿਆਂ ਤਿਲਕ ਗਈ। ਘਟਨਾ ਵਾਪਰਨ ’ਤੇ ਪੀਟੀਆਈ ਨੇ ਐਤਵਾਰ ਦੀਆਂ ਗਤੀਵਿਧੀਆਂ ਰੱਦ ਕਰ ਦਿੱਤੀਆਂ ਸਨ। ਇਮਰਾਨ ਨੇ ਆਪਣੇ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਕਿਹਾ, ‘ਮੇਰੇ ਕੋਲ ਆਪਣਾ ਦੁੱਖ ਜ਼ਾਹਿਰ ਕਰਨ ਲਈ ਕੋਈ ਸ਼ਬਦ ਨਹੀਂ ਹੈ। ਅਸੀਂ ਸਦਫ਼ ਦੇ ਪਰਿਵਾਰ ਲਈ ਸਬਰ ਤੇ ਤਾਕਤ ਮੰਗਦੇ ਹਾਂ ਤਾ ਂ ਕਿ ਉਹ ਇਸ ਤ੍ਰਾਸਦੀ ਨਾਲ ਨਜਿੱਠ ਸਕਣ।’ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਵੀ ਮੌਤ ਉਤੇ ਗਹਿਰਾ ਦੁੱਖ ਜ਼ਾਹਿਰ ਕੀਤਾ ਹੈ। ਉਨ੍ਹਾਂ ਮ੍ਰਿਤਕਾ ਦੇ ਪਰਿਵਾਰ ਲਈ 50 ਲੱਖ ਰੁਪਏ ਮਾਲੀ ਮਦਦ ਦਾ ਐਲਾਨ ਕੀਤਾ ਹੈ। -ਪੀਟੀਆਈ