ਪੱਤਰ ਪ੍ਰੇਰਕ
ਨਵੀਂ ਦਿੱਲੀ, 11 ਸਤੰਬਰ
ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ (ਨਵੀਂ ਦਿੱਲੀ) ਸੁਸਾਇਟੀ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੀਆਂ ਸਮੂਹ ਬਰਾਂਚਾਂ ਦੇ ਸੀਬੀਐੱਸਈ ਬੋਰਡ 10ਵੀਂ-12ਵੀਂ ਦੇ ਇਮਤਿਹਾਨਾਂ ’ਚ ਅੱਵਲ ਰਹਿਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ ਮਾਤਾ ਸਾਹਿਬ ਕੌਰ ਆਡੀਟੋਰੀਅਮ ਮਾਤਾ ਸੁੰਦਰੀ ਕਾਲਜ ਵਿੱਚ ਅੱਜ ‘ਹਰ ਮੈਦਾਨ ਫਤਹਿ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਡੀਐਸਜੀਐਮਸੀ ਪ੍ਰਧਾਨ ਹਰਮੀਤ ਸਿੰਘ ਕਾਲਕਾ, ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਵੱਲੋਂ ਕੁੱਲ 198 ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਨ੍ਹਾਂ ਵਿੱਚ 10ਵੀਂ ਅਤੇ 12ਵੀਂ ਜਮਾਤ ’ਚ 95% ਅੰਕ ਪ੍ਰਾਪਤ ਕਰਨ ਵਾਲੇ 20 ਵਿਦਿਆਰਥੀ, 90% ਅੰਕ ਲੈਣ ਵਾਲੇ 116 ਵਿਦਿਆਰਥੀ, ਵੱਖ-ਵੱਖ ਬਰਾਂਚਾਂ ਦੇ 49 ਸਕੂਲ ਟਾਪਰ ਤੇ 100% ਅੰਕ ਲੈਣ ਵਾਲੇ 12ਵੀਂ ਦੇ 11 ਅਤੇ 10ਵੀਂ ਜਮਾਤ ਦੇ 2 ਵਿਦਿਆਰਥੀ ਸ਼ਾਮਲ ਹਨ ।
ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਕਿਹਾ, ‘‘ਕਰੋਨਾ ਕਾਲ ਦੌਰਾਨ ਦੋ ਸਾਲ ਦੀਆਂ ਗੰਭੀਰ ਚੁਣੌਤੀਆਂ ਦੇ ਸਫ਼ਰ ਤੋਂ ਬਾਅਦ ਸਾਲ 2021-22 ’ਚ ਸੀਬੀਐੱਸਈ ਦੇ ਸਾਲਾਨਾ ਨਤੀਜਿਆਂ ’ਚ ਸਾਡੇ ਸਕੂਲਾਂ ਦੇ ਇੰਨੇ ਜ਼ਿਆਦਾ ਵਿਦਿਆਰਥੀਆਂ ਦਾ ਟਾਪਰ ਬਣਨਾ ਸਾਡੇ ਲਈ ਅਹਿਮ ਜਿੱਤ ਵਾਂਗ ਹੈ। ਵਿਦਿਆਰਥੀਆਂ ਨੇ ਇਨ੍ਹਾਂ ਪ੍ਰੀਖਿਆਵਾਂ ’ਚ 90% ਤੇ ਉਸ ਤੋਂ ਵੱਧ ਅੰਕ ਪ੍ਰਾਪਤ ਕਰਕੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੀ ਸ਼ਾਨ ਨੂੰ ਬਰਕਰਾਰ ਰੱਖਿਆ ਅਤੇ ਇਨ੍ਹਾਂ ਸ਼ਾਨਦਾਰ ਨਤੀਜਿਆਂ ਦੀ ਪ੍ਰਾਪਤੀ ’ਚ ਸਕੂਲ ਦੇ ਅਧਿਆਪਕਾਂ ਦੀ ਅਣਥੱਕ ਮਿਹਨਤ ਦਾ ਵੀ ਅਹਿਮ ਰੋਲ ਰਿਹਾ ਹੈ।’’ ਵਿਕਰਮ ਸਿੰਘ ਰੋਹਿਣੀ ਨੇ ਕਿਹਾ, ‘‘ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦਾ 100% ਰਿਜ਼ਲਟ ਆਉਣਾ ਸਾਡੇ ਲਈ ਫ਼ਖ਼ਰ ਦੀ ਗੱਲ ਹੈ।’’ ਇਸ ਪਹਿਲਾਂ ਵਿਦਿਆਰਥੀਆਂ ‘ਦੇਹ ਸ਼ਿਵਾ ਬਰ ਮੋਹਿ ਇਹੈ ਸ਼ੁਭ ਕਰਮਨ ਤੇ ਕਬਹੂੰ ਨਾ ਟਰੋਂ’ ਗਾਇਨ ਕਰਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਅਤੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੀ ਕਾਰਗੁਜ਼ਾਰੀ ਆਧਾਰਿਤ ਗੀਤ ਦੀ ਪੇਸ਼ਕਾਰੀ ਕੀਤੀ। ਇਸ ਤੋਂ ਇਲਾਵਾ ਵਿਦਿਆਰਥੀਆਂ ਵੱਲੋਂ ‘ਗਤਕਾ ਪ੍ਰਦਰਸ਼ਨ’ ਤੇ ਗਿੱਧਾ-ਭੰਗੜਾ ਦਾ ਪ੍ਰਦਰਸ਼ਨ ਵੀ ਕੀਤਾ ਗਿਆ।