ਜਗਮੋਹਨ ਸਿੰਘ
ਰੂਪਨਗਰ, 11 ਸਤੰਬਰ
ਮਹਿਜ਼ ਅੱਠ ਸਾਲ ਦੀ ਉਮਰ ਵਿੱਚ ਅਫਰੀਕਾ ਦੇ ਸ਼ਹਿਰ ਤਨਜ਼ਾਨੀਆ ਸਥਿਤ 5895 ਮੀਟਰ ਉੱਚੇ ਕਿਲੀਮੰਜਾਰੋ ਪਰਬਤ ਨੂੰ ਸਰ ਕਰਨ ਵਾਲੀ ਰੂਪਨਗਰ ਸ਼ਹਿਰ ਦੀ ਸਾਨਵੀ ਸੂਦ ਦਾ ਨਾਮ ਏਸ਼ੀਆ ਬੁੱਕ ਆਫ ਰਿਕਾਰਡਜ਼ ਵਿੱਚ ਦਰਜ ਹੋ ਗਿਆ ਹੈ। ਇਸ ਪ੍ਰਾਪਤੀ ਸਦਕਾ ਉਸ ਨੂੰ ਕਲਾਮ’ਜ਼ ਵਰਲਡ ਰਿਕਾਰਡਜ਼ ਸਣੇ ਕਈ ਹੋਰ ਸੰਸਥਾਵਾਂ ਵੱਲੋਂ ਸਰਟੀਫਿਕੇਟ ਦਿੱਤੇ ਗਏ ਹਨ।
ਇਸ ਸਬੰਧੀ ਸਾਨਵੀ ਦੇ ਪਿਤਾ ਦੀਪਕ ਸੂਦ ਨੇ ਦੱਸਿਆ ਕਿ 8 ਅਗਸਤ 2014 ਨੂੰ ਜਨਮੀ ਉਸ ਦੀ ਧੀ ਸਾਨਵੀ ਨੇ 23 ਜੁਲਾਈ 2022 ਨੂੰ ਰਾਤ 12.08 ਵਜੇ ਅਫਰੀਕਾ ਦੇ ਤਨਜ਼ਾਨੀਆ ਸਥਿਤ ਕਿਲੀਮੰਜ਼ਾਰੋ ਪਰਬਤ ਦੀ ਚੋਟੀ ’ਤੇ ਪਹੁੰਚ ਕੇ ਆਪਣਾ ਤੇ ਆਪਣੇ ਜ਼ਿਲ੍ਹੇ ਦਾ ਨਾਮ ਪੂਰੀ ਦੁਨੀਆ ਵਿੱਚ ਰੌਸ਼ਨ ਕਰ ਦਿੱਤਾ ਸੀ।
ਉਨ੍ਹਾਂ ਦੱਸਿਆ ਕਿ ਸਾਨਵੀ ਨੂੰ ਏਸ਼ੀਆ ਬੁੱਕ ਆਫ ਰਿਕਾਰਡਜ਼, ਕਲਾਮ’ਜ਼ ਵਰਲਡ ਰਿਕਾਰਡਜ਼, ਇੰਡੀਆ ਬੁੱਕ ਆਫ ਰਿਕਾਰਡਜ਼ ਤੇ ਰਾਈਜ਼ਿੰਗ ਯੂਥ ਸੁਪਰਸਟਾਰਜ਼ ਆਫ ਇੰਡੀਆ 2022 ਐਵਾਰਡ ਮਿਲ ਚੁੱਕੇ ਹਨ। ਸਾਨਵੀ ਇਹ ਪ੍ਰਾਪਤੀਆਂ ਹਾਸਲ ਕਰਨ ਵਾਲੀ ਦੁਨੀਆ ਦੀ ਸਭ ਤੋਂ ਛੋਟੀ ਉਮਰ ਦੀ ਪਹਿਲੀ ਬੱਚੀ ਹੈ।