ਪੱਤਰ ਪ੍ਰੇਰਕ
ਮੋਗਾ, 10 ਸਤੰਬਰ
ਕਲਾਕਾਰ ਮਨਜੀਤ ਸਿੰਘ ਗਿੱਲ ਘੱਲ ਕਲਾਂ ਵੱਲੋਂ ਪੰਜਾਬੀ ਦੇ ਪ੍ਰਸਿੱਧ ਗਾਇਕ ਮਰਹੂਮ ਸਿੱਧੂ ਮੂਸੇਵਾਲਾ ਦਾ ਸੱਤ ਫ਼ੁੱਟ ਉੱਚਾ ਬੁੱਤ ਪਿੰਡ ਘੱਲ ਕਲਾਂ ਵਿੱਚ ਸਥਾਪਤ ਕੀਤਾ ਗਿਆ। ਆਪਣੇ ਪੁੱਤਰ ਦਾ ਬੁੱਤ ਦੇਖਣ ਲਈ ਬਲਕੌਰ ਸਿੰਘ ਆਪਣੇ ਭਾਈਚਾਰੇ ਨਾਲ ਪੁੱਜਾ। ਦੇਸ਼ ਭਗਤ ਪਾਰਕ ਘੱਲ ਕਲਾਂ ਵਿੱਚ ਸਿੱਧੂ ਮੂਸੇਵਾਲਾ ਦਾ ਬੁੱਤ ਸਥਾਪਤ ਕਰਨ ਸਮੇਂ ਬਲਕੌਰ ਸਿੰਘ ਨੇ ਕਲਾਕਾਰ ਮਨਜੀਤ ਸਿੰਘ ਗਿੱਲ ਨੂੰ ਸ਼ਾਬਾਸ਼ ਦਿੱਤੀ। ਬਲਕੌਰ ਸਿੰਘ ਨੇ ਕਿਹਾ ਕਿ ਉਸਦਾ ਪੁੱਤ ਭੋਲਾ ਭਾਲਾ ਸੀ, ਉਹ ਗੰਧਲੀ ਤੇ ਭ੍ਰਿਸ਼ਟ ਰਾਜਨੀਤੀ ਵਿੱਚ ਸੁਧਾਰ ਕਰਨ ਲਈ ਆਇਆ ਸੀ ਪਰ ਅਫ਼ਸੋਸ ਕਿ ਚੰਦ ਛਿੱਲੜਾਂ ਲਈ ਜ਼ਮੀਰਾਂ ਵਿਕ ਜਾਂਦੀਆਂ ਹਨ, ਜਿਨ੍ਹਾਂ ਨੇ ਮੇਰੇ ਪੁੱਤਰ ਨੂੰ ਸਾਥੋਂ ਸਦਾ ਲਈ ਖੋਹ ਲਿਆ। ਉਨ੍ਹਾਂ ਸਰਕਾਰ ਤੋਂ ਕਾਤਲਾਂ ਨੂੰ ਫ਼ੜ ਕੇ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਕਰਦਿਆਂ ਕਿਹਾ ਕਿ ਉਸ ਨੂੰ ਧਮਕੀਆਂ ਵੀ ਮਿਲ ਰਹੀਆਂ ਹਨ ਪਰ ਉਹ ਡਰਨ ਵਾਲਾ ਨਹੀਂ। ਉਹ ਮਰਦੇ ਦਮ ਤੱਕ ਇਨਸਾਫ਼ ਲਈ ਲੜਾਈ ਲੜਦੇ ਰਹਿਣਗੇ।