ਪੱਤਰ ਪ੍ਰੇਰਕ
ਪਟਿਆਲਾ, 10 ਸਤੰਬਰ
ਜ਼ਿਲ੍ਹਾ ਭਾਸ਼ਾ ਦਫ਼ਤਰ, ਪਟਿਆਲਾ ਵੱਲੋਂ ਜ਼ਿਲ੍ਹਾ ਭਾਸ਼ਾ ਅਫ਼ਸਰ ਚੰਦਨਦੀਪ ਕੌਰ ਦੀ ਦੇਖਰੇਖ ਹੇਠ ਪੰਜਾਬੀ ਸਾਹਿਤ ਸਿਰਜਣ (ਲੇਖ ਰਚਨਾ, ਕਹਾਣੀ ਰਚਨਾ ਤੇ ਕਵਿਤਾ ਰਚਨਾ) ਅਤੇ ਕਵਿਤਾ ਗਾਇਨ ਮੁਕਾਬਲੇ ਕਰਵਾਏ ਗਏ। ਸਮਾਗਮ ਦਾ ਆਗਾਜ਼ ਭਾਸ਼ਾ ਵਿਭਾਗ ਪੰਜਾਬ ਦੀ ਸੰਯੁਕਤ ਡਾਇਰੈਕਟਰ ਡਾ. ਵੀਰਪਾਲ ਕੌਰ ਨੇ ਕੀਤਾ। ਇਨ੍ਹਾਂ ਮੁਕਾਬਲਿਆਂ ਵਿੱਚ ਵੱਡੀ ਗਿਣਤੀ ਸਕੂਲੀ ਵਿਦਿਆਰਥੀਆਂ ਨੇ ਹਿੱਸਾ ਲਿਆ। ਡਾ. ਵੀਰਪਾਲ ਕੌਰ ਨੇ ਪ੍ਰਤੀਯੋਗੀਆਂ ਦੀ ਹੌਸਲਾਅਫ਼ਜ਼ਾਈ ਕਰਦੇ ਹੋਏ ਜ਼ਿਲ੍ਹਾ ਭਾਸ਼ਾ ਦਫ਼ਤਰ, ਪਟਿਆਲਾ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ।
ਉਨ੍ਹਾਂ ਕਿਹਾ ਕਿ ਵਿਭਾਗ ਜਿੱਥੇ ਸਥਾਪਤ ਸਾਹਿਤਕਾਰਾਂ ਨੂੰ ਸਨਮਾਨ ਦਿੰਦਾ ਹੈ ਉੱਥੇ ਹੀ ਨਵੀਂ ਪੀੜ੍ਹੀ ਨੂੰ ਸਾਹਿਤ ਨਾਲ ਜੋੜਨ ਲਈ ਹੱਲਾਸ਼ੇਰੀ ਵੀ ਦਿੰਦਾ ਹੈ। ਇਸ ਦੌਰਾਨ ਅਮਰਜੀਤ ਸਿੰਘ ਵੜੈਚ, ਗੁਰਚਰਨ ਸਿੰਘ ਪੱਬਾਰਾਲੀ ਅਤੇ ਅਸ਼ਵਨੀ ਬਾਗੜੀਆਂ ਨੇ ਜੱਜਾਂ ਦੀ ਭੂਮਿਕਾ ਨਿਭਾਈ।
ਸਾਹਿਤ ਸਿਰਜਣ ਮੁਕਾਬਲਿਆਂ ਤਹਿਤ ਹੋਏ ਲੇਖ ਰਚਨਾ ਮੁਕਾਬਲੇ ਵਿੱਚ ਅਰਸ਼ਪ੍ਰੀਤ ਕੌਰ ਚੁਨਾਗਰਾ ਪਹਿਲੇ, ਮਨਜੋਤ ਕੌਰ ਮਾਡਲ ਟਾਊਨ ਪਟਿਆਲਾ ਦੂਸਰੇ ਅਤੇ ਰੂਪੀ ਪੁਰਾਣੀ ਪੁਲੀਸ ਲਾਈਨ ਪਟਿਆਲਾ ਤੀਸਰੇ ਸਥਾਨ ’ਤੇ ਰਹੀ। ਕਹਾਣੀ ਰਚਨਾ ਵਿੱਚ ਸਿਮਰਨਪ੍ਰੀਤ ਕੌਰ ਦੰਦਰਾਲਾ ਢੀਂਡਸਾ ਪਹਿਲੇ, ਅੰਮ੍ਰਿਤਵੀਰ ਸ਼ਕੁੰਤਲਾ ਸਕੂਲ ਪਟਿਆਲਾ ਦੂਸਰੇ ਅਤੇ ਮੋਹਿਨੀ ਰੱਖੜਾ ਤੀਸਰੇ ਸਥਾਨ ’ਤੇ ਰਹੀ। ਕਵਿਤਾ ਲਿਖਣ ਵਿੱਚ ਨਿਸ਼ੂ ਕੁਮਾਰ ਸਭਾ ਸਕੂਲ ਪਟਿਆਲਾ ਨੇ ਪਹਿਲਾ, ਅਸ਼ਿਵੰਦਰਪਾਲ ਸਿੰਘ ਪ੍ਰੀਮੀਅਰ ਪਬਲਿਕ ਸਕੂਲ ਸਮਾਣਾ ਨੇ ਦੂਸਰਾ ਅਤੇ ਗੁਰਭੇਜ ਸਿੰਘ, ਢੁਡਿਆਲ ਪਟਿਆਲਾ ਨੇ ਤੀਸਰਾ ਸਥਾਨ ਹਾਸਲ ਕੀਤਾ। ਕਵਿਤਾ ਗਾਇਨ ਵਿੱਚ ਕਮਲਜੋਤ ਕੌਰ ਦੌਣ ਕਲਾਂ ਨੇ ਪਹਿਲਾ, ਬੇਅੰਤ ਕੌਰ ਦੰਦਰਾਲਾ ਢੀਂਡਸਾ ਨੇ ਦੂਸਰਾ ਅਤੇ ਮੋਨਿਕਾ ਘਨੌਰ ਨੇ ਤੀਸਰਾ ਸਥਾਨ ਹਾਸਲ ਕੀਤਾ। ਜੇਤੂਆਂ ਨੂੰ ਇਨਾਮ ਵੀ ਵੰਡੇ ਗਏ।