ਖੇਤਰੀ ਪ੍ਰਤੀਨਿਧ
ਪਟਿਆਲਾ, 10 ਸਤੰਬਰ
ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਵੱਲੋਂ ਇੱਕ ਵੱਖਰਾ ਉਪਰਾਲਾ ਕਰਦਿਆਂ ਲੋੜਵੰਦ ਅਤੇ ਇੱਛੁਕ ਨੌਜਵਾਨਾਂ ਲਈ ਮੁਫ਼ਤ ਕੋਰਸ ਸ਼ੁਰੂ ਕੀਤਾ ਗਿਆ ਸੀ ਅਤੇ ਅੱਜ ਇਹ ਕੋਰਸ ਪੂਰਾ ਕਰਨ ਵਾਲੇ ਨੌਜਵਾਨਾਂ ਨੂੰ ਡਿਪਟੀ ਡਾਇਰੈਕਟਰ ਅਨੁਰਾਗ ਗੁਪਤਾ ਵੱਲੋਂ ਸਰਟੀਫਿਕੇਟ ਵੰਡੇ ਗਏ। ਉਨ੍ਹਾਂ ਦੱਸਿਆ ਕਿ ਇਸ ਕੋਰਸ ਦਾ ਮੁੱਖ ਮੰਤਵ ਨੌਜਵਾਨਾਂ ਨੂੰ ਸਾਫ਼ਟ ਸਕਿੱਲ ਦੀ ਸਿਖਲਾਈ ਦੇਣ ਦੇ ਨਾਲ ਭਵਿੱਖ ਵਿੱਚ ਆਉਣ ਵਾਲੀ ਬੀਪੀਓ ਸੈਕਟਰ ਦੀ ਭਰਤੀ ਦੇ ਕਾਬਿਲ ਬਣਾਉਣਾ ਵੀ ਹੈ। ਕੋਰਸ ਦੌਰਾਨ ਪ੍ਰਾਰਥੀਆਂ ਨੂੰ ਸ਼ਖ਼ਸੀਅਤ ਵਿਕਾਸ, ਇੰਟਰਵਿਊ ਸਕਿੱਲਜ਼, ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਅਤੇ ਹੁਨਰ ਨੂੰ ਨਿਖਾਰਨ ਲਈ ਲੋੜੀਂਦੀ ਸਿੱਖਿਆ ਦਿੱਤੀ ਗਈ ਅਤੇ ਸਿਖਲਾਈ ਉਪਰੰਤ ਉੱਘੀਆਂ ਕੰਪਨੀਆਂ ਜਿਵੇਂ ਕਿ ਟੈਲੀਪਰਫਾਰਮੈਂਸ, ਟੈੱਕ ਮਹਿੰਦਰਾ, ਡਾ. ਆਈ.ਟੀ. ਐੱਮ ਆਦਿ ਕੰਪਨੀਆਂ ਵਿੱਚ ਇੰਟਰਵਿਊ ਕਰਵਾਈ ਗਈ ਹੈ।
ਇਸ ਮੌਕੇ ਰੁਜ਼ਗਾਰ ਅਫ਼ਸਰ ਪਟਿਆਲਾ ਸਿੰਪੀ ਸਿੰਗਲਾ ਨੇ ਦੱਸਿਆ ਕਿ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਪਟਿਆਲਾ ਵੱਲੋਂ ਇਹ ਇੱਕ ਵੱਖਰਾ ਉਪਰਾਲਾ ਕੀਤਾ ਗਿਆ ਹੈ ਤਾਂ ਜੋ ਸਰਕਾਰ ਵੱਲੋਂ ਸਥਾਪਤ ਢਾਂਚੇ ਨੂੰ ਲੋੜਵੰਦਾਂ ਦੀ ਭਲਾਈ ਲਈ ਲਾਹੇਵੰਦ ਬਣਾਇਆ ਜਾ ਸਕੇ।