ਬੇਅੰਤ ਸਿੰਘ ਸੰਧੂ / ਨਰਿੰਦਰ ਸਿੰਘ
ਪੱਟੀ/ ਭਿਖੀਵਿੰਡ, 20 ਜੂਨ
ਇਲਾਕੇ ਦੇ ਲੋਕਾਂ ਤੇ ਪੱਟੀ ਤੋਂ ‘ਆਪ’ ਆਗੂ ਲਾਲਜੀਤ ਸਿੰਘ ਭੁੱਲਰ ਵੱਲੋਂ ਪਿੰਡ ਕੋਟਬੁੱਢਾ ਨੇੜੇ ਦਰਿਆ ’ਤੇ ਬਣੇ ਪੁੱਲ ਦੇ ਨੇੜੇ ਕੀਤੀ ਜਾ ਰਹੀ ਰੇਤੇ ਦੀ ਨਾਜਾਇਜ਼ ਮਾਈਨਿੰਗ ਨੂੰ ਅੱਜ ਰੋਕ ਦਿੱਤਾ ਗਿਆ ਹੈ। ਐੱਸਡੀਐੱਮ ਪੱਟੀ ਵੱਲੋਂ ਪਿਛਲੇ ਦਿਨੀ ਇਸ ਮਾਈਨਿੰਗ ਨੂੰ ਨਾਜ਼ਾਇਜ ਕਰਾਰ ਦਿੱਤਾ ਗਿਆ ਸੀ। ਕਿਸਾਨਾਂ ਨੇ ਦੱਸਿਆ ਕਿ ਮਾਈਨਿੰਗ ਵਿਭਾਗ ਵੱਲੋਂ ਡੀਸਿਲਟ ਨੀਤੀ ਤਹਿਤ ਅਲਾਟ ਕੀਤੀ ਜ਼ਮੀਨ ਦੀ ਨਿਸ਼ਾਨਦੇਹੀ ਨਹੀਂ ਕੀਤੀ ਗਈ, ਸਗੋਂ ਪਿਛਲੇ 15-20 ਦਿਨਾਂ ਤੋਂ ਇੱਕ ਜ਼ਮੀਨ ਮਾਲਕ ਦੀ ਕਥਿਤ ਮਿਲੀਭੁਗਤ ਨਾਲ ਜ਼ਮੀਨ ਅੰਦਰੋਂ ਰੇਤੇ ਦੀ ਮਾਈਨਿੰਗ ਕੀਤੀ ਜਾ ਰਹੀ ਹੈ। ਕਿਸਾਨਾਂ ਨੇ ਕਿਹਾ ਕਿ ਜਿਸ ਜ਼ਮੀਨ ਵਿੱਚ ਮਾਈਨਿੰਗ ਕੀਤੀ ਜਾ ਰਹੀ ਹੈ ਉਹ ਦਰਿਆਈ ਪਾਣੀ ਦੇ ਵਹਾਅ ਵਿੱਚ ਅੜਿੱਕਾ ਨਹੀਂ ਬਣਦੀ, ਸਗੋਂ ਮਾਈਨਿੰਗ ਵਿਭਾਗ ਵੱਲੋਂ ਰੇਤ ਮਾਫ਼ੀਏ ਨੂੰ ਫ਼ਾਇਦਾ ਦੇਣ ਲਈ ਦਰਿਆ ਦੇ ਕਿਨਾਰਿਆ ਨੂੰ ਡੀਸਿਲਟ ਕੀਤਾ ਜਾ ਰਿਹਾ ਹੈ। ਉਪਰੋਕਤ ਜ਼ਮੀਨ ਦੇ ਮਾਲਕ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਜਦੋਂ ਉਹ ਆਪਣੀ ਜ਼ਮੀਨ ਅੰਦਰ ਰੇਤ ਮਾਫ਼ੀਏ ਨੂੰ ਰੋਕਦਾ ਹੈ ਤਾਂ ਉਸ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਹਨ। ‘ਆਪ’ ਆਗੂ ਲਾਲਜੀਤ ਭੁੱਲਰ ਨੇ ਕਿਹਾ ਕਿ ਕਾਂਗਰਸੀ ਵਿਧਾਇਕਾਂ ਵੱਲੋਂ ਦਰਿਆਂ ਕਿਨਾਰੇ ਰੇਤੇ ਦੀ ਨਾਜ਼ਾਇਜ ਮਾਈਨਿੰਗ ਕਰਕੇ ਸਰਕਾਰੀ ਖਜਾਨੇ ਤੇ ਲੋਕਾਂ ਦੀ ਲੁੱਟ ਕੀਤੀ ਜਾ ਰਹੀ ਹੈ, ਜਦੋਂਕਿ ਜ਼ਿਲ੍ਹਾ ਪੁਲੀਸ ਪ੍ਰਸ਼ਾਸਨ ਵੱਲੋਂ ਰੁਜ਼ਗਾਰ ਖਾਤਰ ਰੇਤੇ ਦੀ ਢੋਆ-ਢੁਆਈ ਕਰਨ ਵਾਲਿਆਂ ਖ਼ਿਲਾਫ਼ ਕੇਸ ਦਰਜ ਕੀਤਾ ਜਾ ਰਿਹਾ ਹੈ। ਮੌਕੇ ’ਤੇ ਪਹੁੰਚੇ ਥਾਣਾ ਸਦਰ ਪੱਟੀ ਦੇ ਅਧਿਕਾਰੀ ਜਸਵਿੰਦਰ ਸਿੰਘ ਨੇ ਕਿਹਾ ਕਿ ਨਾਜ਼ਾਇਜ ਮਾਈਨਿੰਗ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।