ਅਹਿਮਦਾਬਾਦ, 10 ਸਤੰਬਰ
ਗੁਜਰਾਤ ਵਿੱਚ ਮਹਿੰਗਾਈ ਅਤੇ ਬੇਰੁਜ਼ਗਾਰੀ ਦੇ ਮੁੱਦੇ ’ਤੇ ਸ਼ਨਿਚਰਵਾਰ ਨੂੰ ਕਾਂਗਰਸ ਵੱਲੋਂ ਦਿੱਤੇ ਗਏ ਬੰਦ ਦੇ ਸੰਕੇਤਕ ਸੱਦੇ ਨੂੰ ਰਲਵਾਂ-ਮਿਲਵਾਂ ਹੁੰਗਾਰਾ ਮਿਲਿਆ। ਇਸ ਦੌਰਾਨ ਪੁਲੀਸ ਨੇ ਕਈ ਸ਼ਹਿਰਾਂ ਵਿੱਚ ਪ੍ਰਦਰਸ਼ਨ ਕਰ ਰਹੇ ਕਾਂਗਰਸੀ ਆਗੂਆਂ ਨੂੰ ਹਿਰਾਸਤ ਵਿੱਚ ਵੀ ਲਿਆ। ਪੁਲੀਸ ਨੇ ਕਿਹਾ ਕਿ ਪਾਰਟੀ ਵਰਕਰ ਅਤੇ ਆਗੂੁ ਰੋਸ ਰੈਲੀ ਦੌਰਾਨ ਸਵੇਰੇ 8 ਤੋਂ 12 ਵਜੇ ਤੱਕ ਬੰਦੇ ਦੇ ਸੱਦੇ ਤਹਿਤ ਦੁਕਾਨਦਾਰਾਂ ਨੂੰ ਜਬਰੀ ਦੁਕਾਨਾਂ ਬੰਦ ਕਰਨ ਲਈ ਕਹਿ ਰਹੇ ਸਨ। ਇਸ ਦੌਰਾਨ ਪੁਲੀਸ ਨੇ ਕਈ ਕਾਂਗਰਸੀ ਵਰਕਰਾਂ ਨੂੰ ਹਿਰਾਸਤ ਵਿੱਚ ਲਿਆ। ਅਹਿਮਦਾਬਾਦ ਵਿੱਚ ਕਾਂਗਰਸ ਦੇ ਸੂਬਾ ਪ੍ਰਧਾਨ ਜਗਦੀਸ਼ ਠਾਕੁਰ ਤੋਂ ਇਲਾਵਾ ਹੋਰ ਸ਼ਹਿਰਾਂ ਵਿੱਚ ਵਿਧਾਇਕ ਵੀਰਜੀ ਥੁਮਾਰ, ਪਰੇਸ਼ ਧਨਾਨੀ, ਵਿਕਰਮ ਮਦਾਮ ਅਤੇ ਹੋਰਾਂ ਨੂੰ ਹਿਰਾਸਤ ਵਿੱਚ ਲਿਆ ਗਿਆ। ਸੂਰਤ ਵਿੱਚ ਪਾਰਟੀ ਵਰਕਰ ਦੁਕਾਨਦਾਰਾਂ ਨੂੰ ਫੁੱਲ ਦੇ ਕੇ ਦੁਕਾਨਾਂ ਬੰਦ ਕਰਨ ਦੀ ਅਪੀਲ ਕਰ ਰਹੇ ਸਨ। ਸੂਰਤ ਤੋਂ ਕਾਂਗਰਸੀ ਆਗੂ ਅਸਲਮ ਸਾਈਕਲਵਾਲਾ ਨੇ ਕਿਹਾ ਕਿ ਉਨ੍ਹਾਂ ਗਾਂਧੀਵਾਦੀ ਵਿਚਾਰਧਾਰਾ ’ਤੇ ਚੱਲਦਿਆਂ ਬੰਦ ਦੇ ਸਮਰਥਨ ਵਿੱਚ ਦੁਕਾਨਦਾਰਾਂ ਨੂੰ ਫੁੱਲ ਸੌਂਪ ਕੇ ਦੁਕਾਨਾਂ ਬੰਦ ਕਰਨ ਦੀ ਅਪੀਲ ਕੀਤੀ।
ਪਾਰਟੀ ਦੇ ਵਿਦਿਆਰਥੀ ਵਿੰਗ ਨੈਸ਼ਨਲ ਸਟੂਡੈਂਟ ਯੂਨੀਅਨ ਆਫ ਇੰਡੀਆ ਨੇ ਅਹਿਮਦਾਬਾਦ, ਜਾਮਨਗਰ, ਰਾਏਕੋਟ ਅਤੇ ਹੋਰ ਸ਼ਹਿਰਾਂ ਵਿੱਚ ਕਲਾਸਾਂ ਦਾ ਬਾਈਕਾਟ ਕਰਕੇ ਬੰਦ ਦੇ ਸਮਰਥਨ ਵਿੱਚ ਆਉਣ ਦੀ ਅਪੀਲ ਕੀਤੀ, ਜਿਸ ’ਤੇ ਪੁਲੀਸ ਨੇ ਕਈ ਵਿਦਿਆਰਥੀ ਆਗੂਆਂ ਨੂੰ ਵੀ ਹਿਰਾਸਤ ਵਿੱਚ ਲਿਆ। ਪਾਰਟੀ ਵਰਕਰਾਂ ਨੇ ਟਾਇਰਾਂ ਨੂੰ ਅੱਗ ਲਗਾ ਕੇ ਇੱਕ ਕੌਮੀ ਮਾਰਗ ਵੀ ਜਾਮ ਕੀਤਾ। -ਪੀਟੀਆਈ