ਪੱਤਰ ਪ੍ਰੇਰਕ
ਸਮਾਲਸਰ, 9 ਸਤੰਬਰ
ਅੱਜ ਇਥੇ ਕਰੀਬ ਪੌਣੇ ਦਸ ਵਜੇ ਬੱਸ ਅੱਡੇ ’ਤੇ ਪਹੁੰਚੀ ਪੰਜਾਬ ਰੋਡਵੇਜ਼ ਸ੍ਰੀ ਮੁਕਤਸਰ ਸਾਹਿਬ ਦੀ ਬੱਸ ਦੇ ਕੰਡਕਟਰ ’ਤੇ ਅਣਪਛਾਤੇ ਕਾਰ ਸਵਾਰਾਂ ਨੇ ਅਚਾਨਕ ਹਮਲਾ ਕਰਕੇ ਉਸਦੀ ਕੁੱਟਮਾਰ ਕਰਕੇ ਉਸ ਕੋਲੋਂ ਕੈਸ਼ ਦਾ ਬੈਗ ਖੋਹਣ ਦੀ ਕੋਸ਼ਿਸ਼ ਕੀਤੀ। ਲੋਕਾਂ ਨੇ ਕੰਡਕਟਰ ਨੂੰ ਹਮਲਾਵਰਾਂ ਤੋਂ ਛੁਡਵਾਇਆ। ਲੋਕਾਂ ਦੇ ਇਕੱਠ ਨੂੰ ਦੇਖਦਿਆਂ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਇਥੇ ਥਾਣੇ ਵਿੱਚ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਪੰਜਾਬ ਰੋਡਵੇਜ਼ ਸ਼੍ਰੀ ਮੁਕਤਸਰ ਸਾਹਿਬ ਦੇ ਕੰਡਕਟਰ ਜਗਵੀਰ ਸਿੰਘ ਨੇ ਦੱਸਿਆ ਕਿ ਉਹ ਅਤੇ ਬੱਸ ਡਰਾਈਵਰ ਰਣਜੀਤ ਸਿੰਘ ਸਵਾਰੀਆਂ ਨਾਲ ਭਰੀ ਬੱਸ ਨੰਬਰ ਪੀਬੀ. 04. ਏ. ਈ. 1759 ਲੈ ਕੇ ਡੱਬਵਾਲੀ ਤੋਂ ਲੁਧਿਆਣਾ ਜਾ ਰਹੇ ਸਨ। ਜਦੋਂ ਉਹ ਕਰੀਬ ਪੌਣੇ ਕੁ ਦਸ ਵਜੇ ਸਮਾਲਸਰ ਦੇ ਬੱਸ ਅੱਡੇ ’ਤੇ ਸਵਾਰੀਆਂ ਉਤਾਰਣ ਅਤੇ ਚੜ੍ਹਾਉਣ ਲਈ ਰੁਕੇ ਤਾਂ ਕਾਰ ਨੰਬਰ ਪੀ.ਬੀ. 04 ਏ. ਈ. 7070 ਵਿੱਚ ਸਵਾਰ ਅਣਪਛਾਤਿਆਂ ਨੇ ਅਚਾਨਕ ਕੰਡਕਟਰ ’ਤੇ ਹਮਲਾ ਕਰਕੇ ਉਸਦੀ ਮਾਰਕੁੱਟ ਕੀਤੀ ਅਤੇ ਕੱਪੜੇ ਪਾੜ ਦਿੱਤੇ ਅਤੇ ਕੈਸ਼ ਵਾਲਾ ਬੈਗ ਖੋਹਣ ਦੀ ਕੋਸ਼ਿਸ਼ ਕੀਤੀ। ਇੰਨੇ ਵਿੱਚ ਬੱਸ ਵਿੱਚ ਸਵਾਰ ਸਵਾਰੀਆਂ ਅਤੇ ਹੋਰ ਲੋਕਾਂ ਨੇ ਕੰਡਕਟਰ ਨੂੰ ਹਮਲਾਵਰਾਂ ਕੋਲੋਂ ਛੁਡਵਾ ਲਿਆ। ਮਗਰੋਂ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਜ਼ਖ਼ਮੀ ਕੰਡਕਟਰ ਨੂੰ ਇਥੇ ਇਕ ਪ੍ਰਾਈਵੇਟ ਹਸਪਤਾਲ ਵਿੱਚ ਮੁੱਢਲੀ ਸਹਾਇਤਾ ਦਿੱਤੀ ਗਈ। ਇਸੇ ਹਾਲਤ ਵਿਚ ਹੀ ਬੱਸ ਕੰਡਕਟਰ ਅਤੇ ਡਰਾਈਵਰ ਨੇ ਬੱਸ ਮੋਗੇ ਪਹੁੰਚਾ ਕੇ ਸਵਾਰੀਆਂ ਅੱਗੇ ਹੋਰ ਬੱਸ ’ਤੇ ਚੜ੍ਹਾਈਆਂ। ਮਗਰੋਂ ਡਰਾਈਵਰ ਨੇ ਬੱਸ ਪੰਜਾਬ ਰੋਡਵੇਜ਼ ਮੋਗਾ ਡਿੱਪੂ ਦੇ ਕੰਡਕਟਰ ਦੀ ਸਹਾਇਤਾ ਨਾਲ ਸ਼੍ਰੀ ਮੁਕਤਸਰ ਸਾਹਿਬ ਪਹੁੰਚਾਈ। ਸ੍ਰੀ ਮੁਕਤਸਰ ਸਾਹਿਬ ਪਹੁੰਚ ਕੇ ਸਟਾਫ ਨੇ ਜ਼ਖ਼ਮੀ ਕੰਡਕਟਰ ਨੂੰ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਜਿੱਥੇ ਉਹ ਜ਼ੇਰੇ ਇਲਾਜ ਹੈ। ਸਮਾਲਸਰ ਪੁਲੀਸ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲ ਗਈ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਹਮਲਾਵਰ ਪੁਲੀਸ ਦੀ ਗ੍ਰਿਫ਼ਤ ਵਿੱਚ ਹੋਣਗੇ।
ਮਜ਼ਦੂਰ ਦੀ ਭੇਤ-ਭਰੀ ਹਾਲਤ ਵਿੱਚ ਮੌਤ
ਅਬੋਹਰ (ਪੱਤਰ ਪ੍ਰੇਰਕ) ਲੰਘੀ ਰਾਤ ਪਿੰਡ ਕੰਧਵਾਲਾ ਅਮਰਕੋਟ ’ਚ ਇੱਕ ਦਿਹਾੜੀਦਾਰ ਮਜ਼ਦੂਰ ਦੀ ਭੇਤਭਰੀ ਹਾਲਾਤ ’ਚ ਮੌਤ ਹੋ ਗਈ। ਘਟਨਾ ਦਾ ਕਾਰਨ ਪਤੀ-ਪਤਨੀ ਦਾ ਆਪਸੀ ਝਗੜਾ ਦੱਸਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਲੇਖਰਾਜ (40) ਪੁੱਤਰ ਦੁਰਗਪਾਲ ਪਿੰਡ ਵਿੱਚ ਹੀ ਦਿਹਾੜੀ ਮਜ਼ਦੂਰੀ ਦਾ ਕੰਮ ਕਰਦਾ ਸੀ। ਉਸ ਦੇ ਭਰਾਵਾਂ ਅਮਰਨਾਥ ਤੇ ਸ਼ਾਮ ਵਾਸੀ ਰਾਮ ਨਗਰ ਨੇ ਪੁਲੀਸ ਨੂੰ ਦੱਸਿਆ ਕਿ ਬੀਤੀ ਦੇਰ ਰਾਤ ਲੇਖਰਾਜ ਦੀ ਲੜਕੀ ਨੇ ਫੋਨ ’ਤੇ ਦੱਸਿਆ ਕਿ ਉਸ ਦੇ ਪਿਤਾ ਦੀ ਤਬੀਅਤ ਖ਼ਰਾਬ ਹੈ। ਜਦੋਂ ਉਹ ਪਿੰਡ ਪਹੁੰਚੇ ਤਾਂ ਲੇਖਰਾਜ ਗਲੀ ਵਿੱਚ ਮਰਿਆ ਪਿਆ ਸੀ। ਮ੍ਰਿਤਕ ਦੇ ਛੋਟੇ ਪੁੱਤਰ ਕਿਸ਼ਨ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੇ ਘਰ ਗੁਆਂਢੀਆਂ ਤੋਂ ਲਾਈਟ ਲੈ ਰੱਖੀ ਹੈ ਤੇ ਉਸ ਦੀ ਮਾਂ ਗੁਆਂਢੀਆਂ ਦੇ ਘਰ ਕੰਮ ਕਰਦੀ ਹੈ। ਬੀਤੀ ਰਾਤ ਪੈਸਿਆਂ ਦੇ ਲੈਣ-ਦੇਣ ਕਾਰਨ ਗੁਆਂਢੀਆਂ ਨੇ ਲਾਈਟ ਬੰਦ ਕਰ ਦਿੱਤੀ, ਜਦੋਂ ਉਸ ਦਾ ਪਿਤਾ ਦਿਹਾੜੀ ਕਰਕੇ ਘਰ ਆਇਆ ਤਾਂ ਉਸ ਨੇ ਲਾਈਟ ਨਾ ਹੋਣ ਦਾ ਕਾਰਨ ਪੁੱਛਿਆ। ਇਸ ਗੱਲ ਨੂੰ ਲੈ ਕੇ ਦੋਵਾਂ ਪਤੀ-ਪਤਨੀ ’ਚ ਬਹਿਸ ਹੋ ਗਈ। ਇਸ ਝਗੜੇ ’ਚ ਉਸ ਦੀ ਮਾਂ ਜ਼ਖ਼ਮੀ ਹੋ ਗਈ, ਜਦੋਂ ਉਹ ਉਸ ਨੂੰ ਦਵਾਈ ਲੈ ਕੇ ਵਾਪਸ ਪਿੰਡ ਆਇਆ ਤਾਂ ਉਸ ਦਾ ਪਿਤਾ ਗਲੀ ’ਚ ਮਰਿਆ ਪਿਆ ਸੀ।