ਗੁਰਬਿੰਦਰ ਸਿੰਘ ਮਾਣਕ
ਮਨੁੱਖੀ ਜ਼ਿੰਦਗੀ ਦੇ ਤਿੰਨ ਮਹੱਤਵਪੂਰਨ ਪੜਾਅ ਮੰਨੇ ਜਾਂਦੇ ਹਨ; ਬਚਪਨ, ਜਵਾਨੀ ਤੇ ਬੁਢਾਪਾ। ਇਨ੍ਹਾਂ ਵਿੱਚ ਹੀ ਮਨੁੱਖੀ ਜੀਵਨ ਦੇ ਸਾਰੇ ਕਾਰ-ਵਿਹਾਰ, ਪ੍ਰਾਪਤੀਆਂ, ਘਾਟੇ-ਵਾਧੇ, ਹਾਰਾਂ-ਜਿੱਤਾਂ ਦੀ ਕਹਾਣੀ ਛੁਪੀ ਹੋਈ ਹੁੰਦੀ ਹੈ। ਬਚਪਨ ਦੀਆਂ ਮੌਜਾਂ ਤਾਂ ਲੱਭਿਆਂ ਨਹੀਂ ਲੱਭਦੀਆਂ। ਇਹ ਬੇਪਰਵਾਹ ਤੇ ਬਾਦਸ਼ਾਹੀ ਜੀਵਨ ਹੁੰਦਾ ਹੈ। ਮਾਪਿਆਂ ਤੇ ਘਰ ਦੇ ਹੋਰ ਵੱਡਿਆਂ ਦੀ ਆਗੋਸ਼ ਦਾ ਨਿੱਘ ਮਾਣਦਾ ਬਾਲ ਰੱਜਵਾਂ ਪਿਆਰ ਤਾਂ ਪਾਉਂਦਾ ਹੀ ਹੈ, ਸਗੋਂ ਉਹਦੀਆਂ ਮਨਆਈਆਂ ਅੱਗੇ ਵੀ ਕਈ ਵਾਰ ਪਰਿਵਾਰ ਨੂੰ ਝੁਕਣਾ ਪੈਂਦਾ ਹੈ। ਜੇ ਕਿਤੇ ਬਦਕਿਸਮਤੀ ਨਾਲ ਬੱਚੇ ਦੇ ਸਿਰੋਂ ਮਾਪਿਆਂ ਦਾ ਸਾਇਆ ਉੱਠ ਜਾਵੇ ਤਾਂ ਇਸ ਤੋਂ ਬੁਰਾ ਕੋਈ ਬਚਪਨ ਨਹੀਂ ਹੁੰਦਾ। ਮਾਪਿਆਂ ਦੀ ਅਣਹੋਂਦ ਵਿੱਚ ਮਨ ਦੇ ਸਭ ਚਾਅ-ਮਲਾਰ ਸਰਾਪੇ ਜਾਂਦੇ ਹਨ ਤੇ ਅਣਭੋਲ ਬੱਚੇ ਦੇ ਮਨ ਵਿੱਚ ਅਜਿਹੀਆਂ ਕਈ ਮਾਨਸਿਕ ਗੰਢਾਂ ਬਣ ਜਾਂਦੀਆਂ ਹਨ ਜੋ ਜੀਵਨ ਭਰ ਉਸ ਦੇ ਨਾਲ ਹੀ ਰਹਿੰਦੀਆਂ ਹਨ। ਇਹੋ ਜਿਹਾ ਸਰਾਪਿਆ ਬਚਪਨ ਸਾਰੀ ਜ਼ਿੰਦਗੀ ਬੰਦੇ ਦੇ ਨਾਲ ਹੀ ਰਹਿੰਦਾ ਹੈ।
ਹਰ ਮਾਂ-ਬਾਪ ਆਪਣੇ ਬੱਚੇ ਦੀ ਪਾਲਣਾ ਵਿੱਚ ਆਪਣੀ ਸਮਰੱਥਾ ਅਨੁਸਾਰ ਕੋਈ ਕਸਰ ਨਹੀਂ ਛੱਡਦਾ। ਆਪ ਤੰਗੀਆਂ-ਤੁਰਸ਼ੀਆਂ ਦਾ ਜੀਵਨ ਹੰਢਾਅ ਕੇ ਤੇ ਔਖੇ ਹੋ ਕੇ ਵੀ ਮਾਪੇ ਆਪਣੇ ਬੱਚਿਆਂ ਦੀਆਂ ਲੋੜਾਂ ਪੂਰੀਆਂ ਕਰਦੇ ਆਪਣਾ ਜੀਵਨ ਕੁਰਬਾਨ ਕਰ ਦਿੰਦੇ ਹਨ। ਜੇ ਮਾਂ ਆਪਣੇ ਬੱਚਿਆਂ ਦੀ ਸਾਂਭ-ਸੰਭਾਲ ਕਰਦਿਆਂ ਦਿਨ-ਰਾਤ ਇੱਕ ਕਰੀ ਰੱਖਦੀ ਹੈ ਤਾਂ ਬਾਪ ਵੀ ਆਪਣੇ ਬੱਚਿਆਂ ਦੇ ਉੱਜਲੇ ਭਵਿੱਖ ਦੇ ਸੁਪਨੇ ਸਿਰਜਦਾ, ਮਿਹਨਤ ਮੁਸ਼ੱਕਤ ਦੇ ਰਾਹ ਪਿਆ, ਆਪਣੇ ਸੁੱਖ-ਆਰਾਮ ਨੂੰ ਤਿਆਗ ਕੇ ਹਰ ਪਲ ਇਹੀ ਸੋਚਦਾ ਹੈ ਕਿ ਉਸ ਦੇ ਬੱਚੇ ਜੀਵਨ ਵਿੱਚ ਵੱਡੇ ਨਾਮਣੇ ਖੱਟਣ। ਇੱਕ ਮਾਂ-ਬਾਪ ਦਾ ਹੀ ਸ਼ਾਇਦ ਅਜਿਹਾ ਰਿਸ਼ਤਾ ਹੈ, ਜਿਹੜੇ ਸੱਚੇ ਦਿਲੋਂ ਤੇ ਨਿਰਸਵਾਰਥ ਭਾਵਨਾ ਨਾਲ ਇਹ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ, ਉਨ੍ਹਾਂ ਤੋਂ ਵੀ ਵੱਡੀਆਂ ਪੁਲਾਂਘਾਂ ਪੁੱਟ ਕੇ ਜੀਵਨ ਵਿੱਚ ਕਾਮਯਾਬੀਆਂ ਹਾਸਲ ਕਰਨ।
ਮਾਂ-ਬਾਪ, ਭਾਵੇਂ ਅਮੀਰ ਹੋਣ ਜਾਂ ਗਰੀਬ, ਪੜ੍ਹੇ-ਲਿਖੇ ਹੋਣ ਜਾਂ ਅਨਪੜ੍ਹ, ਪੇਂਡੂ ਹੋਣ ਜਾਂ ਸ਼ਹਿਰੀ ਤਾਂ ਵੀ ਹਰ ਮਾਪਾ ਮਨ ਵਿੱਚ ਆਪਣੇ ਬੱਚਿਆਂ ਪ੍ਰਤੀ ਅਜਿਹਾ ਸੁਪਨਾ ਜ਼ਰੂਰ ਪਾਲਦਾ ਹੈ ਕਿ ਉਸ ਦੇ ਬੱਚੇ ਸਮੇਂ ਦੀਆਂ ਲੋੜਾਂ ਅਨੁਸਾਰ ਸਫਲਤਾ ਹਾਸਲ ਕਰਕੇ ਸਾਡੇ ਨਾਲੋਂ ਬਿਹਤਰ ਜ਼ਿੰਦਗੀ ਜਿਉਣ ਦੇ ਕਾਬਲ ਹੋ ਜਾਣ। ਅਨੇਕਾਂ ਮਾਪੇ ਹਨ ਜਿਹੜੇ ਖੂਨ-ਪਸੀਨੇ ਦੀ ਕਿਰਤ ਕਰਦੇ ਆਪਣੇ ਬੱਚਿਆਂ ਦੀ ਜ਼ਿੰਦਗੀ ਬਣਾਉਣ ਲਈ ਆਪਣੀ ਜ਼ਿੰਦਗੀ ਦਾਅ ’ਤੇ ਲਾ ਦਿੰਦੇ ਹਨ। ਮਾਪੇ ਅਧੋਰਾਣੇ ਕੱਪੜਿਆਂ ਵਿੱਚ ਗੁਜ਼ਾਰਾ ਕਰਕੇ ਵੀ ਆਪਣੇ ਬੱਚਿਆਂ ਦੀ ਸਮੇਂ ਦੇ ਅਨੁਸਾਰ ਹਰ ਰੀਝ ਪੂਰੀ ਕਰਨ ਦਾ ਹਰ ਹੀਲੇ ਜੁਗਾੜ ਕਰਦੇ ਹਨ।
ਜਵਾਨ ਹੁੰਦੇ ਬੱਚਿਆਂ ਨੂੰ ਤੱਕਦੇ ਮਾਪੇ ਖੁਸ਼ੀ ਵਿੱਚ ਖੀਵੇ ਹੋਈ ਜਾਂਦੇ ਹਨ। ਜ਼ਿੰਦਗੀ ਦੇ ਰਾਹਾਂ ’ਤੇ ਕਦਮ-ਦਰ-ਕਦਮ ਆਪਣੇ ਬੱਚਿਆਂ ਨੂੰ ਅੱਗੇ ਵਧਦਿਆਂ ਦੇਖਦੇ ਮਾਪੇ ਕੁਦਰਤ ਦਾ ਸ਼ੁਕਰਾਨਾ ਕਰਦੇ ਹੋਏ ਆਪਣੀ ਸਖ਼ਤ ਮਿਹਨਤ ਤੇ ਵਹਾਏ ਪਸੀਨੇ ਨੂੰ ਵੀ ਭੁੱਲ ਜਾਂਦੇ ਹਨ। ਜੇ ਬੱਚਾ ਕੋਈ ਵੱਡੀ ਪ੍ਰਾਪਤੀ ਕਰ ਲਏ ਤਾਂ ਮਾਪਿਆਂ ਤੋਂ ਖੁਸ਼ੀ ਸਾਂਭੀ ਨਹੀਂ ਜਾਂਦੀ। ਉਨ੍ਹਾਂ ਨੂੰ ਇਹੀ ਜਾਪਦਾ ਹੈ ਕਿ ਉਨ੍ਹਾਂ ਦੀ ਮਿਹਨਤ ਅਜਾਈਂ ਨਹੀਂ ਗਈ। ਮਾਪਿਆਂ ਨੂੰ ਜ਼ਿੰਦਗੀ ਵਿੱਚ ਝੱਲੀਆਂ ਸਭ ਪਰੇਸ਼ਾਨੀਆਂ ਤੇ ਹੋਰ ਦੁੱਖਾਂ-ਦਰਦਾਂ ਦੀ ਅਸਹਿ ਪੀੜ ਵੀ, ਉਦੋਂ ਉੱਡ-ਪੁੱਡ ਜਾਂਦੀ ਹੈ ਜਦੋਂ ਉਹ ਆਪਣੇ ਬੱਚੇ ਨੂੰ ਕਿਸੇ ਮੁਕਾਮ ’ਤੇ ਪਹੁੰਚਿਆ ਦੇਖਦੇ ਹਨ।
ਬੁਢਾਪਾ ਜ਼ਿੰਦਗੀ ਦਾ ਆਖਰੀ ਪਹਿਰ ਹੁੰਦਾ ਹੈ। ਹਰ ਮਨੁੱਖ ਨੇ ਇੱਕ ਨਾ ਇੱਕ ਦਿਨ ਇਸ ਵਿੱਚੋਂ ਗੁਜ਼ਰਨਾ ਹੈ। ਉਮਰ ਦੇ ਬੀਤਣ ਨਾਲ ਕਈ ਤਰ੍ਹਾਂ ਦੇ ਸਰੀਰਕ ਤੇ ਮਾਨਸਿਕ ਕਸ਼ਟ ਮਨੁੱਖ ਨੂੰ ਆ ਘੇਰਦੇ ਹਨ। ਭਾਵੇਂ ਕੋਈ ਨੌਕਰੀ ਕਰਦਾ ਹੋਵੇ ਤੇ ਭਾਵੇਂ ਰੋਜ਼ੀ-ਰੋਟੀ ਲਈ ਕੋਈ ਹੋਰ ਧੰਦਾ, ਉਮਰ ਦੇ ਇੱਕ ਪੜਾਅ ’ਤੇ ਆ ਕੇ ਸਰੀਰਕ ਸਮਰੱਥਾ ਜਵਾਬ ਦੇ ਜਾਂਦੀ ਹੈ। ਹਰ ਇੱਕ ਦਾ ਮਨ ਕਰਦਾ ਹੈ ਕਿ ਹੁਣ ਆਰਾਮ ਕੀਤਾ ਜਾਵੇ। ਜੇਕਰ ਆਰਥਿਕ ਤੌਰ ’ਤੇ ਸਥਿਤੀ ਸੁਖਾਵੀਂ ਹੋਵੇ ਤਾਂ ਮਨੁੱਖ ਮਾਨਸਿਕ ਰੂਪ ਵਿੱਚ ਕੁਝ ਸੰਤੁਸ਼ਟੀ ਅਨੁਭਵ ਕਰਦਾ ਹੈ। ਪਰ ਇਸ ਉਮਰ ਵਿੱਚ ਪੈਸੇ ਨਾਲੋਂ ਵੀ ਸਭ ਤੋਂ ਵੱਡੀ ਲੋੜ ਘਰ ਦੇ ਜੀਆਂ ਵੱਲੋਂ ਆਦਰ ਮਾਣ ਨਾਲ ਸਾਂਭ-ਸੰਭਾਲ ਕਰਨ ਦੀ ਹੁੰਦੀ ਹੈ।
ਜੇ ਨੂੰਹਾਂ-ਪੁੱਤਰ ਬਗੈਰ ਮੱਥੇ ’ਤੇ ਵੱਟ ਪਾਇਆਂ, ਖਿੜੇ ਮੱਥੇ ਬੁੱਢੇ ਮਾਂ-ਬਾਪ ਪ੍ਰਤੀ ਆਪਣੇ ਫਰਜ਼ ਨਿਭਾਉਂਦੇ ਰਹਿਣ ਤਾਂ ਮਾਪਿਆਂ ਦੇ ਖਿੜੇ ਚਿਹਰਿਆਂ ਦਾ ਜਲੌਅ ਦੇਖਦਿਆਂ ਹੀ ਬਣਦਾ ਹੈ। ਇਸ ਉਮਰ ਵਿੱਚ ਪਹੁੰਚ ਕੇ ਕੋਈ ਨਾ ਕੋਈ ਰੋਗ ਅਕਸਰ ਹੀ ਆ ਘੇਰਦਾ ਹੈ। ਡਾਕਟਰੀ ਇਲਾਜ ਤੇ ਦਵਾਈ ਦੀ ਲੋੜ ਵੀ ਹੁੰਦੀ ਹੈ, ਪਰ ਦਵਾਈ ਨਾਲੋਂ ਵੀ ਕਿਤੇ ਵੱਧ ਜ਼ਰੂਰਤ ਬਜ਼ੁਰਗਾਂ ਕੋਲ ਕੁਝ ਪਲ ਬੈਠ ਕੇ, ਉਨ੍ਹਾਂ ਦਾ ਹਾਲ-ਚਾਲ ਜਾਣਨ ਲਈ ਗੱਲਾਂ-ਬਾਤਾਂ ਕਰਨ ਦੀ ਹੁੰਦੀ ਹੈ। ਆਪਣੇ ਪੁੱਤਰ-ਨੂੰਹ, ਧੀ, ਪੋਤੇ-ਪੋਤੀਆਂ ਨਾਲ ਗੱਲਾਂ ਕਰਕੇ ਜਿਹੜਾ ਸਕੂਨ, ਸੰਤੁਸ਼ਟੀ ਤੇ ਖੁਸ਼ੀ ਮਾਪਿਆਂ ਨੂੰ ਪ੍ਰਾਪਤ ਹੁੰਦੀ ਹੈ, ਉਹ ਦੁਨੀਆ ਦੀ ਕਿਸੇ ਦਵਾਈ ਨਾਲ ਹਾਸਲ ਨਹੀਂ ਕੀਤੀ ਜਾ ਸਕਦੀ।
ਜਦੋਂ ਬੁਢਾਪੇ ਦੀ ਅਵਸਥਾ ਵਿੱਚ ਲਾਚਾਰ ਤੇ ਬੇਵੱਸ ਮਾਪਿਆਂ ਨੂੰ ਆਪਣਿਆਂ ਵੱਲੋਂ ਹੀ ਦੁਰਕਾਰਨ ਦੀਆਂ ਸ਼ਰਮਸਾਰ ਕਰਦੀਆਂ ਖ਼ਬਰਾਂ ਪੜ੍ਹਦੇ-ਸੁਣਦੇ ਹਾਂ ਤਾਂ ਮਨ ਵਲੂੰਧਰਿਆ ਜਾਂਦਾ ਹੈ। ਸੁੱਖਾਂ ਸੁੱਖ ਕੇ ਲਏ ਪੁੱਤਰ ਹੀ ਜੇ ਬੁਢਾਪੇ ਦੀ ਡੰਗੋਰੀ ਬਣਨ ਤੋਂ ਇਨਕਾਰੀ ਹੋ ਜਾਣ ਤਾਂ ਇਸ ਤੋਂ ਵੱਡਾ ਕੋਈ ਦਰਦ ਨਹੀਂ ਹੋ ਸਕਦਾ। ਜਿਹੜੇ ਮਾਪਿਆਂ ਨੇ ਸਾਰੀ ਉਮਰ ਆਪਣੇ ਬੱਚਿਆਂ ਲਈ ਆਪਾ ਨਿਛਾਵਰ ਕੀਤਾ ਹੁੰਦਾ ਹੈ, ਜਦੋਂ ਉਨ੍ਹਾਂ ਨੂੰ ਵੀ ਦਰ-ਦਰ ਦੀਆਂ ਠੋਕਰਾਂ ਖਾਣੀਆਂ ਪੈਂਦੀਆਂ ਹਨ ਤਾਂ ਲੱਗਦਾ ਹੈ ਸਮਾਜ ਜਿਵੇਂ ਗਰਕਣ ’ਤੇ ਆ ਗਿਆ ਹੈ। ਸਮਾਜ ਵਿੱਚ ‘ਬੁਢਾਪਾ ਘਰਾਂ’ ਦੀ ਹੋਂਦ ਦਰਸਾਉਂਦੀ ਹੈ ਕਿ ਸਾਡੀ ਸੋਚ ਦਾ ਦਾਇਰਾ ਕਿੰਨਾ ਸੰਕੀਰਨ ਤੇ ਨਿੱਜ ਤੱਕ ਹੀ ਸੀਮਤ ਹੋ ਕੇ ਰਹਿ ਗਿਆ ਹੈ। ਜੇ ਬੁਢਾਪੇ ਵਿੱਚ ਕੋਈ ਸਾਂਭ ਸੰਭਾਲ ਕਰਨ ਵਾਲਾ ਨਾ ਹੋਵੇ ਤਾਂ ‘ਬੁਢਾਪਾ ਘਰਾਂ’ ਦੀ ਲੋੜ ਤਾਂ ਸਮਝ ਆਉਂਦੀ ਹੈ, ਪਰ ਆਪਣੇ ਘਰ-ਪਰਿਵਾਰ ਦੇ ਹੁੰਦਿਆਂ-ਸੁੰਦਿਆਂ, ਜੇ ਕਿਸੇ ਬੁੱਢੇ ਮਾਂ ਜਾਂ ਬਾਪ ਨੂੰ ਇਨ੍ਹਾਂ ਥਾਵਾਂ ’ਤੇ ਰੁਲਣਾ ਪਏ ਤਾਂ ਇਸ ਤੋਂ ਵੱਡੀ ਨਮੋਸ਼ੀ ਕੀ ਹੋ ਸਕਦੀ ਹੈ। ਬਦਕਿਸਮਤ ਹੁੰਦੇ ਹਨ ਉਹ ਲੋਕ ਜਿਹੜੇ ਮਾਪਿਆਂ ਦੀਆਂ ਹਰ ਸਾਹ ਨਾਲ ਮਿਲਦੀਆਂ ਮੋਹ-ਪਿਆਰ ਨਾਲ ਗੜੁਚੀਆਂ ਅਸੀਸਾਂ ਨੂੰ ਠੁਕਰਾ ਦਿੰਦੇ ਹਨ। ਇਸ ਗੱਲ ਵਿੱਚ ਕੋਈ ਦੋ ਰਾਵਾਂ ਨਹੀਂ ਹੋ ਸਕਦੀਆਂ ਕਿ ਜੇ ਪੁੱਤਰ, ਨੂੰਹਾਂ, ਧੀਆਂ ਰੱਬ-ਰੂਪੀ ਮਾਪਿਆਂ ਨੂੰ ਪਿਆਰ ਤੇ ਸਤਿਕਾਰ ਭਰੇ ਬੋਲਾਂ ਨਾਲ ਨਿਵਾਜਦੇ ਹਨ ਤਾਂ ਇਸ ਤੋਂ ਵੱਡਾ ਕੋਈ ਧਰਮ ਕਰਮ ਨਹੀਂ ਹੋ ਸਕਦਾ।
ਕਿਸੇ ਮਾਪੇ ਦੇ ਮਰਨ ਉਪਰੰਤ ਲੰਗਰ ਲਾਉਣ, ਦਾਨ-ਪੁੰਨ ਕਰਨ ਤੇ ਹੋਰ ਲੋਕ ਦਿਖਾਵੇ ਕਰਨ ਦੀ ਥਾਂ ਜੇ ਜਿਊਂਦੇ ਮਾਪਿਆਂ ਦੀ ਸੇਵਾ-ਸੰਭਾਲ ਕਰ ਲਈ ਜਾਵੇ ਤਾਂ ਇਹ ਸਭ ਕੁਝ ਪੂਜਾ-ਪਾਠ, ਦਾਨ-ਪੁੰਨ, ਤੀਰਥਾਂ ਦੇ ਇਸ਼ਨਾਨ ਆਦਿ ਤੋਂ ਕਿਤੇ ਵੱਧ ਉੱਤਮ ਹੈ।
ਅਕਸਰ ਕਿਹਾ ਜਾਂਦਾ ਹੈ ਕਿ ਮਾਪੇ ਉਮਰ ਨਾਲ ਏਨੇ ਬੁੱਢੇ ਨਹੀਂ ਹੁੰਦੇ, ਜਿੰਨੇ ਆਪਣੇ ਬੱਚਿਆਂ ਦੇ ਦੁਰ-ਵਿਵਹਾਰ ਬਾਰੇ ਸੋਚਦੇ ਬੁੱਢੇ ਜਾਪਣ ਲੱਗਦੇ ਹਨ। ਇਹ ਠੀਕ ਹੈ ਕਿ ਬੱਚਿਆਂ ਦੀ ਵੀ ਆਪਣੀ ਜ਼ਿੰਦਗੀ ਹੈ ਤੇ ਅਨੇਕਾਂ ਜ਼ਿੰਮੇਵਾਰੀਆਂ ਨਿਭਾਉਣੀਆਂ ਹੁੰਦੀਆਂ ਹਨ, ਪਰ ਉਮਰਾਂ ਦੇ ਪੈਂਡਿਆਂ ਨਾਲ ਲਾਚਾਰ ਹੋਏ ਮਾਪਿਆਂ ਨੂੰ ਵਿਸਾਰ ਦੇਣਾ ਮਾਨਵੀ ਕਦਰਾਂ-ਕੀਮਤਾਂ ਨੂੰ ਪਿੱਠ ਦਿਖਾਉਣ ਦੇ ਬਰਾਬਰ ਹੈ। ਆਪਣੇ ਮਾਪਿਆਂ ਪ੍ਰਤੀ ਅਜਿਹਾ ਵਿਵਹਾਰ ਕਰਕੇ ਕੋਈ ਪਰਿਵਾਰ ਵੀ ਸੁੱਖ-ਚੈਨ ਤੇ ਖੁਸ਼ੀਆਂ ਹਾਸਲ ਨਹੀਂ ਕਰ ਸਕਦਾ। ਕਈ ਵਾਰ ਉਮਰ ਦੇ ਤਕਾਜ਼ੇ ਕਾਰਨ ਸੁਭਾਅ ਵਿੱਚ ਕੁਝ ਤਬਦੀਲੀ ਆ ਜਾਂਦੀ ਹੈ ਤੇ ਮਨੁੱਖ ਕਾਹਲਾ ਪੈ ਜਾਂਦਾ ਹੈ ਤੇ ਕੁਝ ਵੱਧ-ਘੱਟ ਵੀ ਬੋਲਿਆ ਜਾਂਦਾ ਹੈ। ਇਸ ਨੂੰ ਨਰਮੀ ਤੇ ਪਿਆਰ ਨਾਲ ਨਜਿੱਠਣ ਵਿੱਚ ਹੀ ਅਕਲਮੰਦੀ ਹੈ। ਬਜ਼ੁਰਗਾਂ ਦੇ ਸੁਭਾਅ ਵਿੱਚ ਹੁਣ ਤਬਦੀਲੀ ਦੀ ਆਸ ਨਾ ਕਰੀਏ, ਬਲਕਿ ਆਪਣੇ ਆਪ ਨੂੰ ਹੀ ਉਨ੍ਹਾਂ ਅਨੁਸਾਰ ਢਾਲ ਲਈਏ। ਜੋ ਵੀ ਮਰਜ਼ੀ ਕਰ ਲਈਏ ਮਾਪਿਆਂ ਦਾ ਕਰਜ਼ ਉਤਾਰਿਆ ਨਹੀਂ ਜਾ ਸਕਦਾ, ਬਸ! ਇਸ ਦਾ ਅਹਿਸਾਸ ਹੀ ਕੀਤਾ ਜਾ ਸਕਦਾ ਹੈ। ਜੇ ਬਜ਼ੁਰਗਾਂ ਪ੍ਰਤੀ ਆਪਣੇ ਫਰਜ਼ ਸੁਹਿਰਦਤਾ ਨਾਲ ਨਿਭਾਉਣ ਦੇ ਰਾਹ ਤੁਰ ਪਈਏ ਤਾਂ ਉਨ੍ਹਾਂ ਦੇ ਜਾਣ ਬਾਅਦ ਮਨੁੱਖ ਆਪਣੀ ਜ਼ਮੀਰ ਅੱਗੇ ਸ਼ਰਮਿੰਦਾ ਨਹੀਂ ਹੁੰਦਾ।
ਜੇ ਕੋਈ ਬੁੱਢੀ ਮਾਂ ਬੇਵੱਸ ਹੋਈ ਪਾਣੀ ਦੇ ਘੁੱਟ ਲਈ ਵੀ ਤਰਸਦੀ ਰਹੀ ਹੋਵੇ ਤਾਂ ਮੌਤ ਉਪਰੰਤ ਠੰਢੇ ਪਾਣੀ ਲਈ ਦਾਨ ਕੀਤੇ ਵਾਟਰ-ਕੂਲਰ ਦਾ ਵੀ ਕੀ ਅਰਥ ਹੈ। ਮਾਪਿਆਂ ਵੱਲੋਂ ਮਿਲਦੀਆਂ ਅਸੀਸਾਂ ਦੀਆਂ ਠੰਢੀਆਂ ਛਾਵਾਂ ਨੂੰ ਧੱਕੇ ਨਾ ਮਾਰੀਏ। ਇੱਕ ਦਿਨ ਵਕਤ ਆਏਗਾ ਕਿ ਅਸੀਂ ਇਨ੍ਹਾਂ ਸੰਘਣੀਆਂ ਛਾਵਾਂ ਨੂੰ ਤਰਸ ਜਾਵਾਂਗੇ।
ਸੰਪਰਕ: 98153-56086